ਲੀਜੈਂਡਸ ਲੀਗ ਕ੍ਰਿਕਟ ਦਾ ਹਿੱਸਾ ਨਹੀਂ ਹੋਣਗੇ ਸਚਿਨ ਤੇਂਦੁਲਕਰ
Saturday, Jan 08, 2022 - 04:57 PM (IST)
ਮੁੰਬਈ- ਸਚਿਨ ਤੇਂਦੁਲਕਰ ਆਗਾਮੀ ਲੀਜੈਂਡਸ ਲੀਗ ਕ੍ਰਿਕਟ ਦਾ ਹਿੱਸਾ ਨਹੀਂ ਹੋਣਗੇ। ਐੱਸ. ਆਰ. ਟੀ. ਸਪੋਰਟਸ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਨੇ ਸ਼ਨੀਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ। ਇਹ ਸਪੱਸ਼ਟੀਕਰਨ ਬਾਲੀਵੁੱਡ ਅਭਿਨੇਤਾ ਅਮਿਤਾਭ ਬੱਚਨ ਦੀ ਲੀਗ ਦੇ ਪ੍ਰਚਾਰ ਵੀਡੀਓ ਦੇ ਪ੍ਰਸਾਰਤ ਹੋਣ ਦੇ ਬਾਅਦ ਆਇਆ ਜਿਸ 'ਚ ਕਿਹਾ ਗਿਆ ਸੀ ਕਿ ਤੇਂਦੁਲਕਰ ਵੀ ਲੀਗ ਦਾ ਹਿੱਸਾ ਬਣਨ ਜਾ ਰਹੇ ਹਨ।
ਮੁਹੰਮਦ ਕੈਫ ਤੇ ਸਟੁਅਰਟ ਬਿੰਨੀ 20 ਜਨਵਰੀ 2022 ਤੋਂ ਮਸਕਟ, ਓਮਾਨ 'ਚ ਸ਼ੁਰੂ ਹੋਣ ਵਾਲੇ ਲੀਜੈਂਡਸ ਲੀਗ ਕ੍ਰਿਕਟ ਦੇ ਲਈ ਭਾਰਤ ਮਹਾਰਾਜਾ ਟੀਮ 'ਚ ਨਵੇਂ ਨਾਂ ਹਨ। ਇਕ ਅਧਿਕਾਰਤ ਬਿਆਨ 'ਚ ਲੀਜੈਂਡਸ ਲੀਗ ਕ੍ਰਿਕਟ ਦੇ ਕਮਿਸ਼ਨਰ ਰਵੀ ਸ਼ਾਸਤਰੀ ਨੇ ਕਿਹਾ, ਭਾਰਤੀ ਕ੍ਰਿਕਟ 'ਚ ਮੁਹੰਮਦ ਕੈਫ਼ ਤੇ ਸਟੁਅਰਟ ਬਿੰਨੀ ਦਾ ਯੋਗਦਾਨ ਬਹੁਤ ਵੱਡਾ ਹੈ ਤੇ ਇਸੇ ਤਰ੍ਹਾਂ ਮੈਨੂੰ ਲਗਦਾ ਹੈ ਕਿ ਲੀਗ 'ਚ ਵੀ ਉਨ੍ਹਾਂ ਦੀ ਬਹੁਤ ਵੱਡੀ ਭੂਮਿਕਾ ਹੋਵੇਗੀ। ਲੋਕ ਉਨ੍ਹਾਂ ਨੂੰ ਲੀਜੈਂਡਸ ਕ੍ਰਿਕਟ ਲੀਗ ਖੇਡਦੇ ਹੋਏ ਦੇਖਣ ਲਈ ਬੇਤਾਬ ਹਨ।
ਐੱਲ. ਐੱਲ. ਸੀ. ਦੇ ਪਹਿਲੇ ਸੀਜ਼ਨ 'ਚ ਭਾਰਤ, ਪਾਕਿਸਤਾਨ, ਸ਼੍ਰੀਲੰਕਾ, ਆਸਟਰੇਲੀਆ, ਇੰਗਲੈਂਡ ਤੇ ਹੋਰਨਾਂ ਕ੍ਰਿਕਟ ਦੇਸ਼ਾਂ ਦੇ ਸਾਬਕਾ ਖਿਡਾਰੀ ਸ਼ਾਮਲ ਹੋਣਗੇ, ਜਿਨ੍ਹਾਂ ਨੂੰ ਭਾਰਤ, ਏਸ਼ੀਆ ਤੇ ਬਾਕੀ ਦੁਨੀਆ ਦੀਆਂ ਨੁਮਾਇੰਦਗੀਆਂ ਕਰਨ ਵਾਲੀਆਂ ਟੀਮਾਂ 'ਚ ਵੰਡਿਆ ਗਿਆ ਹੈ।