ਸਚਿਨ ਤੇ ਸਹਿਵਾਗ ਇਕ ਵਾਰ ਫਿਰ ਭਾਰਤੀ ਟੀਮ ਲਈ ਓਪਨਿੰਗ ਕਰਦੇ ਦਿਖਾਈ ਦੇਣਗੇ
Saturday, Mar 07, 2020 - 09:36 AM (IST)
ਨਵੀਂ ਦਿੱਲੀ— ਭਾਰਤੀ ਟੀਮ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਤੇ ਧਮਾਕੇਦਾਰ ਬੱਲੇਬਾਜ਼ ਵਰਿੰਦਰ ਸਹਿਵਾਗ ਨੂੰ ਇਕ ਵਾਰ ਮੁੜ ਭਾਰਤੀ ਟੀਮ ਲਈ ਓਪਨਿੰਗ ਕਰਦੇ ਹੋਏ ਪ੍ਰਸ਼ੰਸਕ ਦੇਖਣਗੇ। ਇਸ ਤੋਂ ਇਲਾਵਾ ਆਸਟ੍ਰੇਲੀਆਈ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਬ੍ਰੈਟ ਲੀ ਨੂੰ ਤੇਜ਼ ਗੇਂਦਬਾਜ਼ੀ ਕਰਦੇ ਦੇਖਣ ਦਾ ਵੀ ਮੁੜ ਮੌਕਾ ਮਿਲੇਗਾ। ਪੰਜ ਦੇਸ਼ਾਂ ਦੇ ਸਾਰੇ ਦਿੱਗਜ ਕ੍ਰਿਕਟਰ ਇਕ ਵਾਰ ਮੁੜ ਕ੍ਰਿਕਟ ਦੇ ਮੈਦਾਨ ‘ਤੇ ਨਜ਼ਰ ਆਉਣ ਵਾਲੇ ਹਨ ਜਿਸ ਵਿਚ ਭਾਰਤੀ ਦਿੱਗਜ ਸਚਿਨ ਤੇਂਦੁਲਕਰ, ਵਰਿੰਦਰ ਸਹਿਵਾਗ ਤੇ ਜ਼ਹੀਰ ਖ਼ਾਨ ਵਰਗੇ ਖਿਡਾਰੀ ਸ਼ਾਮਲ ਹਨ। ਦਰਅਸਲ, ਸੱਤ ਮਾਰਚ ਤੋਂ 22 ਮਾਰਚ ਤਕ ਪੰਜ ਦੇਸ਼ਾਂ ਵਿਚਾਲੇ ਰੋਡ ਸੇਫਟੀ ਵਰਲਡ ਸੀਰੀਜ਼ 2020 ਸ਼ੁਰੂ ਹੋ ਰਹੀ ਹੈ। ਮੁੰਬਈ, ਨਵੀ ਮੁੰਬਈ ਤੇ ਪੁਣੇ ਵਿਚ ਖੇਡੀ ਜਾਣ ਵਾਲੀ ਰੋਡ ਸੇਫਟੀ ਵਰਲਡ ਸੀਰੀਜ਼ 2020 ਦੇ ਸਾਰੇ ਮੈਚਾਂ ਦਾ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ ਜਿਸ ਦਾ ਪਹਿਲਾ ਮੈਚ ਸੱਤ ਮਾਰਚ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਖੇਡਿਆ ਜਾਵੇਗਾ। ਜ਼ਿਕਰਯੋਗ ਹੈ ਕਿ ਸੜਕ ਸੁਰੱਖਿਆ ਦੀ ਜਾਗਰੂਕਤਾ ਨੂੰ ਲੈ ਕੇ ਸ਼ੁਰੂ ਕੀਤੀ ਜਾ ਰਹੀ ਇਸ ਵਿਸ਼ਵ ਸੀਰੀਜ਼ ਵਿਚ ਸਚਿਨ ਤੇਂਦੁਲਕਰ, ਵਰਿੰਦਰ ਸਹਿਵਾਗ ਤੇ ਬ੍ਰੈਟ ਲੀ ਤੋਂ ਇਲਾਵਾ ਜੋਂਟੀ ਰੋਡਜ਼, ਬਰਾਇਨ ਲਾਰਾ, ਤਿਲਕਰਤਨੇ ਦਿਲਸ਼ਾਨ ਤੇ ਮੁਥਈਆ ਮੁਰਲੀਧਰਨ ਵਰਗੇ ਦਿੱਗਜ ਸ਼ਾਮਲ ਹੋਣਗੇ। ਇਸ ਸੀਰੀਜ਼ ਵਿਚ ਜੋ ਪੰਜ ਟੀਮਾਂ ਹਿੱਸਾ ਲੈ ਰਹੀਆਂ ਹਨ ਉਨ੍ਹਾਂ ਵਿਚ ਇੰਡੀਆ ਲੀਜੈਂਡਜ਼, ਆਸਟ੍ਰੇਲੀਆ ਲੀਜੈਂਡਜ਼, ਸ੍ਰੀਲੰਕਾ ਲੀਜੈਂਡਜ਼, ਦੱਖਣੀ ਅਫਰੀਕਾ ਲੀਜੈਂਡਜ਼ ਤੇ ਵੈਸਟਇੰਡੀਜ਼ ਲੀਜੈਂਡਜ਼ ਸ਼ਾਮਲ ਹਨ। ਭਾਰਤੀ ਟੀਮ ਦੀ ਕਪਤਾਨੀ ਸਚਿਨ ਤੇਂਦੁਲਕਰ, ਸ੍ਰੀਲੰਕਾਈ ਟੀਮ ਦੀ ਕਪਤਾਨੀ ਤਿਲਕਰਤਨੇ ਦਿਲਸ਼ਾਨ, ਆਸਟ੍ਰੇਲੀਆਈ ਟੀਮ ਦੀ ਕਪਤਾਨੀ ਬ੍ਰੈਟ ਲੀ, ਵੈਸਟਇੰਡੀਜ਼ ਟੀਮ ਦੀ ਕਪਤਾਨੀ ਤਿਲਕਰਤਨੇ ਦਿਲਸ਼ਾਨ ਤੇ ਦੱਖਣੀ ਅਫਰੀਕੀ ਟੀਮ ਦੀ ਕਪਤਾਨੀ ਜੋਂਟੀ ਰੋਡਜ਼ ਕਰਨ ਵਾਲੇ ਹਨ।
ਰਾਊਂਡ ਰਾਬਿਨ ਫਾਰਮੈਟ ‘ਚ ਹੋਵੇਗਾ ਟੂਰਨਾਮੈਂਟ
ਇਹ ਟੂਰਨਾਮੈਂਟ ਰਾਊਂਡ ਰਾਬਿਨ ਫਾਰਮੈਟ ਵਿਚ ਖੇਡਿਆ ਜਾਵੇਗਾ ਜਿਸ ਵਿਚ ਇਕ ਟੀਮ ਬਾਕੀ ਚਾਰ ਟੀਮਾਂ ਨਾਲ ਮੁਕਾਬਲਾ ਕਰੇਗੀ। ਇਸ ਤੋਂ ਬਾਅਦ ਜੋ ਚੋਟੀ ਦੀਆਂ ਟੀਮਾਂ ਹੋਣਗੀਆਂ ਉਨ੍ਹਾਂ ਵਿਚਾਲੇ ਫਾਈਨਲ ਮੈਚ 22 ਮਾਰਚ ਨੂੰ ਮੁੰਬਈ ਦੇ ਬਰੇਬਾਰਨ ਸਟੇਡੀਅਮ ਵਿਚ ਖੇਡਿਆ ਜਾਵੇਗਾ। ਮੁੰਬਈ ਦੇ ਵਾਨਖੇੜੇ ਸਟੇਡੀਅਮ, ਨਵੀ ਮੁੰਬਈ ਦੇ ਬਰੇਬਾਰਨ ਸਟੇਡੀਅਮ ਤੇ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿਚ ਮੁਕਾਬਲੇ ਹੋਣਗੇ। ਸਾਰੇ ਮੈਚਾਂ ਦਾ ਸਮਾਂ ਸ਼ਾਮ ਸੱਤ ਵਜੇ ਹੈ ਜਦਕਿ ਟਾਸ 6.30 ਵਜੇ ਹੋਵੇਗਾ।
ਟੂਰਨਾਮੈਂਟ ‘ਚ ਹੋਣ ਵਾਲੇ ਮੈਚਾਂ ਦਾ ਵੇਰਵਾ
ਪ੍ਰੋਗਰਾਮ ਮੁਤਾਬਕ ਸੱਤ ਮਾਰਚ ਨੂੰ ਭਾਰਤ ਤੇ ਵੈਸਟਇੰਡੀਜ਼ ਮੁੰਬਈ ‘ਚ, ਅੱਠ ਮਾਰਚ ਨੂੰ ਆਸਟ੍ਰੇਲੀਆ ਤੇ ਸ੍ਰੀਲੰਕਾ ਮੁੰਬਈ ‘ਚ, 10 ਮਾਰਚ ਨੂੰ ਭਾਰਤ ਤੇ ਸ੍ਰੀਲੰਕਾ ਨਵੀ ਮੁੰਬਈ ‘ਚ, 11 ਮਾਰਚ ਨੂੰ ਵੈਸਟਇੰਡੀਜ਼ ਤੇ ਦੱਖਣੀ ਅਫਰੀਕਾ ਨਵੀ ਮੁੰਬਈ ‘ਚ, 13 ਮਾਰਚ ਨੂੰ ਦੱਖਣੀ ਅਫਰੀਕਾ ਤੇ ਸ੍ਰੀਲੰਕਾ ਨਵੀ ਮੁੰਬਈ ‘ਚ, 14 ਮਾਰਚ ਨੂੰ ਭਾਰਤ ਤੇ ਦੱਖਣੀ ਅਫਰੀਕਾ ਪੁਣੇ ‘ਚ, 16 ਮਾਰਚ ਨੂੰ ਆਸਟ੍ਰੇਲੀਆ ਤੇ ਵੈਸਟਇੰਡੀਜ਼ ਪੁਣੇ ‘ਚ, 17 ਮਾਰਚ ਨੂੰ ਵੈਸਟਇੰਡੀਜ਼ ਤੇ ਸ੍ਰੀਲੰਕਾ ਪੁਣੇ ‘ਚ, 19 ਮਾਰਚ ਨੂੰ ਆਸਟ੍ਰੇਲੀਆ ਤੇ ਦੱਖਣੀ ਅਫਰੀਕਾ ਨਵੀ ਮੁੰਬਈ ‘ਚ, 20 ਮਾਰਚ ਨੂੰ ਭਾਰਤ ਤੇ ਆਸਟ੍ਰੇਲੀਆ ਪੁਣੇ ‘ਚ ਭਿੜਨਗੇ। ਜਦਕਿ 22 ਮਾਰਚ ਨੂੰ ਫਾਈਨਲ ਮੈਚ ਅੰਕ ਸੂਚੀ ਦੀਆਂ ਚੋਟੀ ਦੀਆਂ ਦੋ ਟੀਮਾਂ ਵਿਚਾਲੇ ਨਵੀ ਮੁੰਬਈ ਦੇ ਬਰੇਬਾਰਨ ਸਟੇਡੀਅਮ ਵਿਚ ਖੇਡਿਆ ਜਾਵੇਗਾ।
ਇਹ ਵੀ ਪੜ੍ਹੋ : ਹੁਣ ਕ੍ਰਿਕਟ ’ਤੇ ਵੀ ਕੋਰੋਨਾ ਵਾਇਰਸ ਦਾ ਕਹਿਰ, ਮੁਲਤਵੀ ਹੋਇਆ ਇਹ ਟੂਰਨਾਮੈਂਟ