2026 ਫੀਫਾ ਵਿਸ਼ਵ ਕੱਪ ’ਚ ਹਿੱਸਾ ਲੈ ਸਕਦਾ ਹੈ ਰੂਸ
Wednesday, Dec 28, 2022 - 12:00 PM (IST)

ਸਪੋਰਟਸ ਡੈਸਕ–ਏਸ਼ੀਆਈ ਫੁੱਟਬਾਲ ਸੰਘ (ਏ. ਐੱਫ. ਸੀ.) ਵਿਚ ਸ਼ਾਮਲ ਹੋਣ ਦੀ ਸੂਰਤ ਵਿਚ ਕੌਮਾਂਤਰੀ ਫੁੱਟਬਾਲ ਸੰਘ (ਫੀਫਾ) ਰੂਸ ਨੂੰ 2026 ਵਿਸ਼ਵ ਕੱਪ ਕੁਆਲੀਫਾਇਰ ਵਿਚ ਹਿੱਸਾ ਲੈਣ ਤੋਂ ਨਹੀਂ ਰੋਕੇਗਾ। ਰੂਸੀ ਫੁੱਟਬਾਲ ਸੰਘ (ਆਰ. ਐੱਫ. ਯੂ.) ਦੇ ਮੁਖੀ ਅਲੈਕਸਾਂਦ੍ਰ ਡਯੂਕੋਵ ਨੇ ਕਿਹਾ ਕਿ ਏ. ਐੱਫ. ਸੀ. ਵਿਚ ਹਿੱਸਾ ਲੈਣ ’ਤੇ ਆਖਰੀ ਫੈਸਲਾ ਸੰਘ ਦੀ ਕਾਰਜਕਾਰੀ ਕਮੇਟੀ ਵਿਚ ਕੀਤਾ ਜਾਵੇਗਾ।
2026 ਫੀਫਾ ਵਿਸ਼ਵ ਕੱਪ ਅਮਰੀਕਾ, ਮੈਕਸੀਕੋ ਤੇ ਕੈਨੇਡਾ ਵਿਚ ਆਯੋਜਿਤ ਕੀਤਾ ਜਾਵੇਗਾ। ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜੇਕਰ ਫੈਸਲਾ ਹਾਂ-ਪੱਖੀ ਰਿਹਾ ਤਾਂ ਰੂਸ ਕੋਲ ਵਿਸ਼ਵ ਕੱਪ ਵਿਚ ਹਿੱਸਾ ਲੈਣ ਲਈ ਜ਼ਰੂਰੀ ਸਾਰੇ ਦਸਤਾਵੇਜ਼ ਜਮ੍ਹਾ ਕਰਨ ਦੀ ਆਖਰੀ ਮਿਤੀ 31 ਦਸੰਬਰ ਹੋਵੇਗੀ। ਜ਼ਿਕਰਯੋਗ ਹੈ ਕਿ ਯੂਕ੍ਰੇਨ ਜੰਗ ਸ਼ੁਰੂ ਹੋਣ ਤੋਂ ਬਾਅਦ ਫੀਫਾ ਤੇ ਯੂਰਪੀਅਨ ਫੁੱਟਬਾਲ ਸੰਘ ਨੇ ਰੂਸ ਨੂੰ ਸਾਰੇ ਕੌਮਾਂਤਰੀ ਟੂਰਨਾਮੈਂਟਾਂ ਵਿਚ ਹਿੱਸਾ ਲੈਣ ਤੋਂ ਸਸਪੈਂਡ ਕਰ ਦਿੱਤਾ ਸੀ, ਜਿਸ ਤੋਂ ਬਾਅਦ ਮਾਸਕੋ ਨੇ ਏ. ਐੱਫ. ਸੀ. ਵਿਚ ਸ਼ਾਮਲ ਹੋਣ ’ਤੇ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ।
ਇਸ ਤੋਂ ਪਹਿਲਾਂ ਦਸੰਬਰ ਵਿਚ ਓਲੰਪਿਕ ਸ਼ਿਖਰ ਸੰਮੇਲਨ ਨੇ ਸਹਿਮਤੀ ਜਤਾਈ ਸੀ ਕਿ ਕੌਮਾਂਤਰੀ ਓਲੰਪਿਕ ਕਮੇਟੀ ਨੂੰ ਓਲੰਪਿਕ ਚਾਰਟਰ ਅਤੇ ਪਾਬੰਦੀਆਂ ਦਾ ਸਨਮਾਨ ਕਰਨ ਵਾਲੇ ਰੂਸ ਤੇ ਬੇਲਾਰੂਸ ਦੇ ਐਥਲੀਟਾਂ ਨੂੰ ਏਸ਼ੀਆਈ ਟੂਰਨਾਮੈਂਟ ਵਿਚ ਹਿੱਸਾ ਲੈਣ ਦੀ ਮਨਜ਼ੂਰੀ ਦੇਣ ’ਤੇ ਵਿਚਾਰ ਕਰਨਾ ਚਾਹੀਦਾ ਹੈ।