ਰੂਸ ਅਤੇ ਬੇਲਾਰੂਸ ਖ਼ਿਲਾਫ਼ ਵੱਡੀ ਕਾਰਵਾਈ, ਯੂਰਪੀਅਨ ਚੈਂਪੀਅਨਸ਼ਿਪ ''ਚ ਸ਼ਾਮਲ ਹੋਣ ''ਤੇ ਲਾਈ ਪਾਬੰਦੀ
Thursday, Mar 17, 2022 - 12:28 PM (IST)
ਮਿਊਨਿਖ (ਭਾਸ਼ਾ) : ਰੂਸ ਅਤੇ ਬੇਲਾਰੂਸ ਦੇ ਖਿਡਾਰੀਆਂ 'ਤੇ ਅਗਸਤ ਵਿਚ ਹੋਣ ਵਾਲੀ ਬਹੁ-ਖੇਡ ਯੂਰਪੀਅਨ ਚੈਂਪੀਅਨਸ਼ਿਪ ਵਿਚ ਅਧਿਕਾਰਤ ਤੌਰ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਜਰਮਨੀ ਦੇ ਮਿਊਨਿਖ ਵਿਚ 11-12 ਅਗਸਤ ਨੂੰ ਹੋਣ ਵਾਲੇ ਮੁਕਾਬਲੇ ਦੇ ਪ੍ਰਬੰਧਕਾਂ ਨੇ ਕਿਹਾ ਕਿ ਉਹ 9 ਵਿਅਕਤੀਗਤ ਖੇਡਾਂ ਦੇ ਅਧਿਕਾਰੀਆਂ ਦੇ ਰੂਸ ਅਤੇ ਬੇਲਾਰੂਸ ਦੇ ਖਿਡਾਰੀਆਂ ਅਤੇ ਅਧਿਕਾਰੀਆਂ ਨੂੰ ਸੱਦਾ ਨਾ ਦੇਣ ਦੇ ਫ਼ੈਸਲੇ ਦਾ ਸਮਰਥਨ ਕਰਦੇ ਹਨ।
ਇਨ੍ਹਾਂ ਖੇਡਾਂ ਨੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ.ਓ.ਸੀ.) ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕੀਤਾ ਹੈ। ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਲਿਬੋਰ ਵਰਹਾਨਿਕ ਨੇ ਕਿਹਾ, "ਅਸੀਂ ਯੂਕ੍ਰੇਨ ਦੇ ਖ਼ਿਲਾਫ਼ ਰੂਸ ਦੀ ਜੰਗ ਦੀ ਨਿੰਦਾ ਕਰਨ ਲਈ ਇਕਜੁੱਟ ਹਾਂ।" ਯੂਰਪੀਅਨ ਚੈਂਪੀਅਨਸ਼ਿਪ ਵਿਚ ਕੈਨੋਇੰਗ, ਸਾਈਕਲਿੰਗ, ਜਿਮਨਾਸਟਿਕ, ਰੋਇੰਗ, ਸਪੋਰਟ ਕਲਾਈਬਿੰਗ, ਟੇਬਲ ਟੈਨਿਸ, ਟ੍ਰੈਕ ਐਂਡ ਫੀਲਡ, ਟ੍ਰਾਈਥਲੌਨ ਅਤੇ ਵਾਲੀਬਾਲ ਦੇ ਇਵੈਂਟ ਹੋਣਗੇ। ਓਲੰਪਿਕ ਵਿਚ ਸ਼ਾਮਲ ਖੇਡਾਂ ਵਿਚ ਤੈਰਾਕੀ ਨੇ ਰੂਸੀ ਅਥਲੀਟਾਂ ਨੂੰ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਹੋਈ ਹੈ, ਪਰ ਇਹ ਖੇਡ 2018 ਵਿਚ ਸ਼ੁਰੂ ਹੋਈ ਯੂਰਪੀਅਨ ਚੈਂਪੀਅਨਸ਼ਿਪ ਦਾ ਹਿੱਸਾ ਨਹੀਂ ਹੈ।