ਕੇਂਦਰੀ ਬਜਟ ''ਚ ਖੇਲੋ ਇੰਡੀਆ ਲਈ 900 ਕਰੋੜ ਰੁਪਏ ਅਲਾਟ

Tuesday, Jul 23, 2024 - 04:42 PM (IST)

ਕੇਂਦਰੀ ਬਜਟ ''ਚ ਖੇਲੋ ਇੰਡੀਆ ਲਈ 900 ਕਰੋੜ ਰੁਪਏ ਅਲਾਟ

ਨਵੀਂ ਦਿੱਲੀ- ਖੇਡਾਂ ਨੂੰ ਜ਼ਮੀਨੀ ਪੱਧਰ 'ਤੇ ਉਤਸ਼ਾਹਿਤ ਕਰਨ ਲਈ ਸਰਕਾਰ ਦੇ ਵੱਡੇ ਪ੍ਰੋਜੈਕਟ 'ਖੇਲੋ ਇੰਡੀਆ' ਨੂੰ ਇਕ ਵਾਰ ਫਿਰ ਕੇਂਦਰੀ ਬਜਟ 'ਚ ਖੇਡ ਮੰਤਰਾਲੇ ਲਈ ਸਭ ਤੋਂ ਜ਼ਿਆਦਾ ਰਾਸ਼ੀ ਅਲਾਟ ਕੀਤੀ ਗਈ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਮੰਗਲਵਾਰ ਨੂੰ ਪੇਸ਼ ਕੀਤੇ ਗਏ ਕੇਂਦਰੀ ਬਜਟ ਵਿੱਚ ਖੇਡ ਮੰਤਰਾਲੇ ਲਈ 3,442.32 ਕਰੋੜ ਰੁਪਏ ਵਿੱਚੋਂ 900 ਕਰੋੜ ਰੁਪਏ ਖੇਲੋ ਇੰਡੀਆ ਲਈ ਅਲਾਟ ਕੀਤੇ ਗਏ ਹਨ। ਇਹ ਰਕਮ ਪਿਛਲੇ ਵਿੱਤੀ ਸਾਲ ਦੌਰਾਨ 880 ਕਰੋੜ ਰੁਪਏ ਦੇ ਸੋਧੇ ਅਲਾਟਮੈਂਟ ਨਾਲੋਂ 20 ਕਰੋੜ ਰੁਪਏ ਵੱਧ ਹੈ।
ਪੈਰਿਸ ਓਲੰਪਿਕ ਚੱਕਰ ਇਸ ਸਾਲ ਅਗਸਤ ਵਿੱਚ ਖਤਮ ਹੋਣ ਵਾਲਾ ਹੈ ਅਤੇ ਰਾਸ਼ਟਰਮੰਡਲ ਖੇਡਾਂ ਅਤੇ ਏਸ਼ੀਆਈ ਖੇਡਾਂ 'ਚ ਅਜੇ ਦੋ ਸਾਲ ਦਾ ਸਮਾਂ ਹੈ। ਅਜਿਹੇ 'ਚ ਖੇਡ ਮੰਤਰਾਲੇ ਦੇ ਬਜਟ 'ਚ ਪਿਛਲੇ ਚੱਕਰ ਦੇ ਮੁਕਾਬਲੇ ਸਿਰਫ 45.36 ਕਰੋੜ ਰੁਪਏ ਦਾ ਮਾਮੂਲੀ ਵਾਧਾ ਹੋਇਆ ਹੈ। ਪਿਛਲੇ ਵਿੱਤੀ ਸਾਲ ਦੇ ਆਖਰੀ ਚੱਕਰ ਵਿੱਚ ਖੇਡ ਮੰਤਰਾਲੇ ਦਾ ਬਜਟ 3,396.96 ਕਰੋੜ ਰੁਪਏ ਸੀ। ਸਰਕਾਰ ਨੇ ਪਿਛਲੇ ਸਾਲਾਂ ਵਿੱਚ ਖੇਲੋ ਇੰਡੀਆ ਵਿੱਚ ਭਾਰੀ ਨਿਵੇਸ਼ ਕੀਤਾ ਹੈ ਕਿਉਂਕਿ ਇਹ ਪ੍ਰੋਗਰਾਮ ਦੇਸ਼ ਦੇ ਸਾਰੇ ਹਿੱਸਿਆਂ ਤੋਂ ਪ੍ਰਤਿਭਾਵਾਂ ਨੂੰ ਸਾਹਮਣੇ ਲਿਆਉਣ ਦਾ ਕੰਮ ਕਰਦਾ ਹੈ।
ਵਿੱਤੀ ਸਾਲ 2022-23 ਵਿੱਚ ਖੇਲੋ ਇੰਡੀਆ ਲਈ ਅਸਲ ਅਲਾਟਮੈਂਟ 596.39 ਕਰੋੜ ਰੁਪਏ ਸੀ। ਅਗਲੇ ਸਾਲ (2023-24) ਦਾ ਬਜਟ ਲਗਭਗ 400 ਕਰੋੜ ਰੁਪਏ ਵਧਾ ਕੇ 1,000 ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਹਾਲਾਂਕਿ ਇਸ ਨੂੰ ਸੋਧ ਕੇ 880 ਕਰੋੜ ਰੁਪਏ ਕਰ ਦਿੱਤਾ ਗਿਆ। ਖੇਲੋ ਇੰਡੀਆ ਯੂਥ ਖੇਡਾਂ 2018 (ਕੇਆਈਵਾਈਜੀ) ਦੀ ਸ਼ੁਰੂਆਤ ਤੋਂ ਬਾਅਦ ਸਰਕਾਰ ਨੇ ਹੋਰ ਖੇਡ ਸਮਾਗਮਾਂ ਨੂੰ ਜੋੜਨਾ ਜਾਰੀ ਰੱਖਿਆ ਹੈ।
ਮੰਤਰਾਲੇ ਨੇ 2020 ਵਿੱਚ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਦੀ ਸ਼ੁਰੂਆਤ ਕੀਤੀ, ਉਸੇ ਸਾਲ ਵਿੱਚ ਖੇਲੋ ਇੰਡੀਆ ਵਿੰਟਰ ਗੇਮਜ਼ ਅਤੇ 2023 ਵਿੱਚ ਖੇਲੋ ਇੰਡੀਆ ਪੈਰਾ ਗੇਮਜ਼ ਸ਼ੁਰੂ ਕੀਤੀਆਂ ਗਈਆਂ। ਪ੍ਰਤਿਭਾਸ਼ਾਲੀ ਉਭਰਦੇ ਖਿਡਾਰੀਆਂ ਨੂੰ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਦੇਸ਼ ਭਰ ਵਿੱਚ ਸੈਂਕੜੇ ਖੇਲੋ ਇੰਡੀਆ ਸਟੇਟ ਸੈਂਟਰ ਆਫ਼ ਐਕਸੀਲੈਂਸ (ਕੇਆਈਐੱਸਸੀਈ) ਸਥਾਪਤ ਕੀਤੇ ਗਏ ਹਨ। ਖੇਲੋ ਇੰਡੀਆ ਦੇ ਕਈ ਐਥਲੀਟ ਇਸ ਸਮੇਂ ਭਾਰਤੀ ਓਲੰਪਿਕ ਦਲ ਵਿੱਚ ਸ਼ਾਮਲ ਹਨ। ਨੈਸ਼ਨਲ ਸਪੋਰਟਸ ਫੈਡਰੇਸ਼ਨਾਂ (ਐੱਨਐੱਸਐੱਫ) ਨੂੰ ਦਿੱਤੀ ਜਾਣ ਵਾਲੀ ਸਰਕਾਰੀ ਸਹਾਇਤਾ ਵਿੱਚ ਵੀ 15 ਕਰੋੜ ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਹ 2023-24 ਵਿੱਚ 325 ਕਰੋੜ ਰੁਪਏ ਤੋਂ ਵੱਧ ਕੇ ਤਾਜ਼ਾ ਬਜਟ ਵਿੱਚ 340 ਕਰੋੜ ਰੁਪਏ ਹੋ ਗਿਆ ਹੈ।
ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਦਾ ਬਜਟ ਵੀ 795.77 ਕਰੋੜ ਰੁਪਏ ਤੋਂ ਵਧਾ ਕੇ 822.60 ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਇਸ 'ਚ 26.83 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਸਾਈ ਦੇਸ਼ ਭਰ ਵਿੱਚ ਆਪਣੇ ਸਟੇਡੀਅਮਾਂ ਦੀ ਸਾਂਭ-ਸੰਭਾਲ ਕਰਨ ਤੋਂ ਇਲਾਵਾ ਵਿਸ਼ਵ ਖੇਡ ਮੁਕਾਬਲਿਆਂ ਲਈ ਐਥਲੀਟਾਂ ਨੂੰ ਤਿਆਰ ਕਰਨ ਲਈ ਟਾਰਗੇਟ ਓਲੰਪਿਕ ਪੋਡੀਅਮ ਸਕੀਮ (ਟਾਪਸ ) ਦਾ ਵੀ ਪ੍ਰਬੰਧਨ ਕਰਦਾ ਹੈ। ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਅਤੇ ਨੈਸ਼ਨਲ ਡੋਪ ਟੈਸਟਿੰਗ ਲੈਬਾਰਟਰੀ (ਐੱਨ.ਡੀ.ਟੀ.ਐੱਲ.) ਦੇ ਬਜਟ ਵਿੱਚ ਮਾਮੂਲੀ ਵਾਧਾ ਹੋਇਆ ਹੈ। ਨਾਡਾ ਅਤੇ ਐੱਨ.ਡੀ.ਟੀ.ਐੱਲ. ਦਾ ਕੰਮ ਖਿਡਾਰੀਆਂ ਦੀ ਡੋਪਿੰਗ ਦੀ ਜਾਂਚ ਕਰਨਾ ਹੈ। ਨਾਡਾ ਦਾ ਬਜਟ 21.73 ਕਰੋੜ ਰੁਪਏ ਤੋਂ ਵਧਾ ਕੇ 22.30 ਕਰੋੜ ਰੁਪਏ ਕਰ ਦਿੱਤਾ ਗਿਆ ਹੈ ਜਦਕਿ ਐੱਨਡੀਟੀਐੱਲ ਦਾ ਬਜਟ 19.50 ਕਰੋੜ ਰੁਪਏ ਤੋਂ ਵਧਾ ਕੇ 22 ਕਰੋੜ ਰੁਪਏ ਕਰ ਦਿੱਤਾ ਗਿਆ ਹੈ।


author

Aarti dhillon

Content Editor

Related News