RR vs LSG: KL ਰਾਹੁਲ ਨੇ ਹਾਰ ਤੋਂ ਬਾਅਦ ਕਿਹਾ- ਕੋਈ ਵੀ ਟੀਮ ਪਾਵਰਪਲੇਅ ''ਚ ਚੰਗਾ ਨਹੀਂ ਖੇਡ ਰਹੀ

Monday, Mar 25, 2024 - 03:00 PM (IST)

RR vs LSG: KL ਰਾਹੁਲ ਨੇ ਹਾਰ ਤੋਂ ਬਾਅਦ ਕਿਹਾ- ਕੋਈ ਵੀ ਟੀਮ ਪਾਵਰਪਲੇਅ ''ਚ ਚੰਗਾ ਨਹੀਂ ਖੇਡ ਰਹੀ

ਜੈਪੁਰ— ਲਖਨਊ ਸੁਪਰ ਜਾਇੰਟਸ ਦੇ ਕਪਤਾਨ ਕੇ. ਐੱਲ. ਰਾਹੁਲ ਆਈ. ਪੀ. ਐੱਲ. ਦੇ ਪਹਿਲੇ ਮੈਚ 'ਚ ਰਾਜਸਥਾਨ ਰਾਇਲਸ ਤੋਂ ਮਿਲੀ ਹਾਰ ਤੋਂ ਦੁਖੀ ਨਹੀਂ ਹਨ ਪਰ ਉਨ੍ਹਾਂ ਮੰਨਿਆ ਕਿ ਪਹਿਲੇ ਹਫਤੇ ਪਾਵਰਪਲੇ 'ਚ ਹੁਣ ਤੱਕ ਕੋਈ ਵੀ ਟੀਮ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਹੈ। ਆਈ. ਪੀ. ਐਲ. ਦੇ ਇਸ ਸੀਜ਼ਨ ਵਿੱਚ ਪ੍ਰਤੀ ਓਵਰ ਦੋ ਬਾਊਂਸਰਾਂ ਦਾ ਨਵਾਂ ਨਿਯਮ ਲਾਗੂ ਕੀਤਾ ਗਿਆ ਹੈ। ਲਖਨਊ ਸੁਪਰ ਜਾਇੰਟਸ ਨੇ ਪਹਿਲੇ ਛੇ ਓਵਰਾਂ 'ਚ 47 ਦੌੜਾਂ 'ਤੇ 3 ਵਿਕਟਾਂ ਗੁਆ ਦਿੱਤੀਆਂ ਸਨ।

ਰਾਜਸਥਾਨ ਰਾਇਲਜ਼ ਨੇ ਪਹਿਲੇ 6 ਓਵਰਾਂ 'ਚ 2 ਵਿਕਟਾਂ 'ਤੇ 54 ਦੌੜਾਂ ਬਣਾਈਆਂ ਸਨ। ਦੇਵਦੱਤ ਪਡੀਕਲ ਅਤੇ ਰਾਹੁਲ ਨੂੰ ਟ੍ਰੇਂਟ ਬੋਲਟ ਦੀ ਗੇਂਦ 'ਤੇ ਹੈਲਮੇਟ 'ਤੇ ਲੱਗਣ ਤੋਂ ਬਾਅਦ ਕਨਕਸਨ ਪ੍ਰੋਟੋਕੋਲ ਤੋਂ ਲੰਘਣਾ ਪਿਆ। ਰਾਹੁਲ ਨੇ ਮੈਚ ਤੋਂ ਬਾਅਦ ਕਿਹਾ ਕਿ ਇਹ ਪਹਿਲਾ ਮੈਚ ਹੈ ਅਤੇ ਮੈਂ ਜ਼ਿਆਦਾ ਵਿਸ਼ਲੇਸ਼ਣ ਨਹੀਂ ਕਰਨਾ ਚਾਹੁੰਦਾ। ਪਾਵਰਪਲੇ ਹਰ ਟੀਮ ਲਈ ਮਹੱਤਵਪੂਰਨ ਹੁੰਦਾ ਹੈ ਅਤੇ ਮੈਨੂੰ ਨਹੀਂ ਲੱਗਦਾ ਕਿ ਹੁਣ ਤੱਕ ਕਿਸੇ ਟੀਮ ਨੇ ਇਸ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ।

ਮੋਹਸਿਨ ਪਹਿਲੇ ਸੀਜ਼ਨ 'ਚ ਪਾਵਰਪਲੇ 'ਚ ਸਾਡਾ ਮੁੱਖ ਗੇਂਦਬਾਜ਼ ਸੀ ਪਰ ਪਿਛਲੇ ਸੀਜ਼ਨ 'ਚ ਉਹ ਪੂਰੀ ਤਰ੍ਹਾਂ ਫਿੱਟ ਨਹੀਂ ਸੀ। ਉਸ ਨੂੰ ਵਾਪਸੀ ਕਰਦੇ ਦੇਖ ਕੇ ਚੰਗਾ ਲੱਗਾ। ਨਵੀਨ ਵੀ ਮਹੱਤਵਪੂਰਨ ਗੇਂਦਬਾਜ਼ ਹਨ। ਰਾਹੁਲ ਨੇ ਕਿਹਾ ਕਿ ਇਸ ਵਿਕਟ 'ਤੇ 194 ਦੌੜਾਂ ਕੋਈ ਵੱਡਾ ਟੀਚਾ ਨਹੀਂ ਸੀ। ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਟੀਚਾ ਵੱਡਾ ਸੀ। ਅਸੀਂ ਪੈਚਾਂ ਵਿੱਚ ਚੰਗੀ ਗੇਂਦਬਾਜ਼ੀ ਕੀਤੀ ਪਰ ਕੁਝ ਗਲਤੀਆਂ ਵੀ ਕੀਤੀਆਂ। ਅਸੀਂ ਆਪਣੀਆਂ ਗਲਤੀਆਂ ਤੋਂ ਸਿੱਖ ਕੇ ਅੱਗੇ ਖੇਡਾਂਗੇ।

ਮੈਚ ਦੀ ਗੱਲ ਕਰੀਏ ਤਾਂ ਜਾਇਸਵਾਲ ਦੀ ਚੰਗੀ ਸ਼ੁਰੂਆਤ ਤੋਂ ਬਾਅਦ ਰਾਜਸਥਾਨ ਨੇ ਸੰਜੂ ਸੈਮਸਨ ਦੀਆਂ 52 ਗੇਂਦਾਂ 'ਤੇ 82 ਦੌੜਾਂ ਦੀ ਬਦੌਲਤ 193 ਦੌੜਾਂ ਬਣਾਈਆਂ ਸਨ। ਰਾਜਸਥਾਨ ਲਈ ਰਿਆਨ ਪਰਾਗ ਵੀ 29 ਗੇਂਦਾਂ 'ਤੇ 43 ਦੌੜਾਂ ਬਣਾਉਣ 'ਚ ਕਾਮਯਾਬ ਰਿਹਾ ਅਤੇ ਧਰੁਵ ਜੁਰੇਲ 12 ਗੇਂਦਾਂ 'ਤੇ 20 ਦੌੜਾਂ ਬਣਾਉਣ 'ਚ ਸਫਲ ਰਿਹਾ। ਜਵਾਬ 'ਚ ਖੇਡਣ ਆਈ ਲਖਨਊ ਦੀ ਟੀਮ ਨੂੰ ਸ਼ੁਰੂਆਤ 'ਚ ਹੀ ਝਟਕਾ ਲੱਗਾ। ਡੀ ਕਾਕ 4, ਪੱਡੀਕਲ 0 ਅਤੇ ਆਯੂਸ਼ ਬਡੋਨੀ 1 ਦੌੜ ਬਣਾ ਕੇ ਆਊਟ ਹੋਏ। ਫਿਰ ਕੇਐੱਲ ਰਾਹੁਲ ਅਤੇ ਨਿਕੋਲਸ ਪੂਰਨ ਨੇ ਅਰਧ ਸੈਂਕੜੇ ਬਣਾਏ ਪਰ ਸਟ੍ਰਾਈਕ ਰੇਟ ਦੀ ਕਮੀ ਕਾਰਨ ਉਹ ਟੀਚੇ ਤੋਂ 20 ਦੌੜਾਂ ਪਿੱਛੇ ਰਹਿ ਗਏ।


author

Tarsem Singh

Content Editor

Related News