RR vs KKR : ਰਾਜਸਥਾਨ ਨੇ ਕੋਲਕਾਤਾ ਨੂੰ 6 ਵਿਕਟਾਂ ਨਾਲ ਹਰਾਇਆ

Sunday, Apr 25, 2021 - 12:09 AM (IST)

RR vs KKR : ਰਾਜਸਥਾਨ ਨੇ ਕੋਲਕਾਤਾ ਨੂੰ 6 ਵਿਕਟਾਂ ਨਾਲ ਹਰਾਇਆ

ਮੁੰਬਈ (ਯੂ. ਐੱਨ. ਆਈ.)– ਆਈ.ਪੀ.ਐੱਲ. ਦੇ ਸਭ ਤੋਂ ਮਹਿੰਗੇ ਖਿਡਾਰੀ ਕ੍ਰਿਸ ਮੌਰਿਸ (23 ਦੌੜਾਂ ’ਤੇ 4 ਵਿਕਟਾਂ) ਦੀ ਬਿਹਤਰੀਨ ਗੇਂਦਬਾਜ਼ੀ ਤੇ ਕਪਤਾਨ ਸੰਜੂ ਸੈਮਸਨ ਦੀ ਅਜੇਤੂ 42 ਦੌੜਾਂ ਦੀ ਸਬਰ ਭਰੀ ਪਾਰੀ ਦੀ ਬਦੌਲਤ ਰਾਜਸਥਾਨ ਰਾਇਲਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਆਈ. ਪੀ. ਐੱਲ.-14 ਦੇ ਮੁਕਾਬਲੇ ਵਿਚ ਸ਼ਨੀਵਾਰ ਨੂੰ 6 ਵਿਕਟਾਂ ਨਾਲ ਹਰਾ ਕੇ ਪੰਜ ਮੈਚਾਂ ਵਿਚੋਂ ਆਪਣੀ ਦੂਜੀ ਜਿੱਤ ਦਰਜ ਕੀਤੀ।
ਰਾਜਸਥਾਨ ਨੇ ਕੋਲਕਾਤਾ ਨੂੰ 20 ਓਵਰਾਂ ਵਿਚ 9 ਵਿਕਟਾਂ ’ਤੇ 133 ਦੌੜਾਂ ਦੇ ਮਾਮੂਲੀ ਫਰਕ ’ਤੇ ਰੋਕਣ ਤੋਂ ਬਾਅਦ 18.5 ਓਵਰਾਂ ਵਿਚ 4 ਵਿਕਟਾਂ ’ਤੇ 134 ਦੌੜਾਂ ਬਣਾ ਕੇ ਜਿੱਤ ਆਪਣੇ ਨਾਂ ਕੀਤੀ।ਕਪਤਾਨ ਇਯੋਨ ਮੋਰਗਨ ਦੀ ਕੋਲਕਾਤਾ ਟੀਮ ਨੂੰ ਇਸ ਹਾਰ ਦੇ ਨਾਲ ਪੰਜ ਮੈਚਾਂ ਵਿਚ ਚੌਥੀ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਹ ਅੰਕ ਸੂਚੀ ਵਿਚ ਅੱਠਵੇਂ ਤੇ ਆਖਰੀ ਸਥਾਨ ’ਤੇ ਖਿਸਕ ਗਈ ਹੈ।
ਸੈਮਸਨ ਨੇ 41 ਗੇਂਦਾਂ ’ਤੇ 2 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ ਅਜੇਤੂ 42 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ। ਨੌਜਵਾਨ ਓਪਨਰ ਯਸ਼ਸਵੀ ਜਾਇਸਵਾਲ ਨੇ 17 ਗੇਂਦਾਂ ’ਤੇ 5 ਚੌਕਿਆਂ ਦੀ ਮਦਦ ਨਾਲ 22 ਦੌੜਾਂ ਬਣਾਈਆਂ। ਸ਼ਿਵਮ ਦੂਬੇ ਨੇ 18 ਗੇਂਦਾਂ ’ਤੇ 22 ਦੌੜਾਂ ਵਿਚ 2 ਚੌਕੇ ਤੇ ਇਕ ਛੱਕਾ ਲਾਇਆ। ਡੇਵਿਡ ਮਿਲਰ 23 ਗੇਂਦਾਂ ਵਿਚ ਇਕ ਚੌਕੇ ਦੀ ਮਦਦ ਨਾਲ 24 ਦੌੜਾਂ ਬਣਾ ਕੇ ਸੈਮਸਨ ਦੇ ਨਾਲ ਅਜੇਤੂ ਪੈਵੇਲੀਅਨ ਪਰਤਿਆ। ਰਾਜਸਥਾਨ ਹੁਣ ਪੰਜ ਮੈਚਾਂ ਵਿਚ ਦੂਜੀ ਜਿੱਤ ਹਾਸਲ ਕਰਕੇ ਅੰਕ ਸੂਚੀ ਵਿਚ ਛੇਵੇਂ ਸਥਾਨ ’ਤੇ ਪਹੁੰਚ ਗਿਆ ਹੈ। 

ਇਹ ਵੀ ਪੜ੍ਹੋ-ਸ਼ੋਇਬ ਅਖਤਰ ਨੇ ਪਾਕਿਸਤਾਨੀਆਂ ਨੂੰ ਕਿਹਾ-ਭਾਰਤ ਦੀ ਕੋਰੋਨਾ ਵਿਰੁੱਧ ਲੜਾਈ 'ਚ ਕਰੋ ਮਦਦ

ਇਸ ਤੋਂ ਪਹਿਲਾਂ ਕੋਲਕਾਤਾ ਦੇ ਬੱਲੇਬਾਜ਼ਾਂ ਨੇ ਹੌਲੀ ਸ਼ੁਰੂਆਤ ਕਰਦੇ ਹੋਏ 6 ਓਵਰਾਂ ਦੇ ਪਾਵਰਪਲੇਅ ਵਿਚ ਇਕ ਵਿਕਟ ਗੁਆ ਕੇ 29 ਦੌੜਾਂ ਬਣਾਈਆਂ। ਸ਼ੁਭਮਨ ਗਿੱਲ ਸਿਰਫ 11 ਦੌੜਾਂ ਬਣਾ ਕੇ ਜੋਸ ਬਟਲਰ ਦੀ ਸਿੱਧੀ ਥ੍ਰੋਅ ’ਤੇ ਰਨ ਆਊਟ ਹੋਇਆ। ਨਿਤਿਸ਼ ਰਾਣਾ ਤੇ ਤ੍ਰਿਪਾਠੀ ਨੇ ਦੂਜੀ ਵਿਕਟ ਲਈ 21 ਦੌੜਾਂ ਜੋੜੀਆਂ। ਰਾਣਾ (22) ਸਕਾਰੀਆ ਦੀ ਗੇਂਦ ’ਤੇ ਵਿਕਟਕੀਪਰ ਸੰਜੂ ਸੈਮਸਨ ਨੂੰ ਕੈਚ ਦੇ ਬੈਠਾ। ਸੁਨੀਲ ਨਾਰਾਇਣ (7) ਜੈਦੇਵ ਉਨਾਦਕਤ ਦੀ ਗੇਂਦ ’ਤੇ ਯਸ਼ਸਵੀ ਜਾਇਸਵਾਲ ਦੇ ਹੱਥੋਂ ਬਿਹਤਰੀਨ ਕੈਚ ਰਾਹੀਂ ਆਊਟ ਹੋਇਆ। 

ਇਹ ਵੀ ਪੜ੍ਹੋ-IPL 2021- ਹੈੱਲਮੇਟ 'ਤੇ ਲੱਗਾ ਪੈਟ ਕਮਿੰਸ ਦਾ ਬਾਊਂਸਰ, ਜਬਾੜਾ ਫੜ ਬੈਠਾ ਬੱਲੇਬਾਜ਼

ਕੋਲਕਾਤਾ ਦਾ ਕਪਤਾਨ ਇਯੋਨ ਮੋਰਗਨ ਮੰਦਭਾਗੇ ਢੰਗ ਨਾਲ ਰਨ ਆਊਟ ਹੋ ਗਿਆ। ਰਾਹੁਲ ਤ੍ਰਿਪਾਠੀ ਨੇ ਸਿੱਧੀ ਸ਼ਾਟ ਖੇਡੀ ਤੇ ਗੇਂਦ ਨਾਨ ਸਟ੍ਰਾਈਕਰ ਪਾਸੇ ’ਤੇ ਖੜ੍ਹੇ ਮੋਰਗਨ ਦੇ ਬੱਲੇ ਨਾਲ ਟਕਰਾਅ ਗਈ ਤੇ ਕ੍ਰਿਸ ਮੌਰਿਸ ਨੇ ਗੇਂਦ ਨੂੰ ਚੁੱਕ ਕੇ ਮੋਰਗਨ ਨੂੰ ਰਨ ਆਊਟ ਕਰ ਦਿੱਤਾ। ਮੋਰਗਨ ਨੇ ਕੋਈ ਗੇਂਦ ਨਹੀਂ ਖੇਡੀ ਤੇ ਉਸਦਾ ਖਾਤਾ ਵੀ ਨਹੀਂ ਖੁੱਲ੍ਹਾ। ਤ੍ਰਿਪਾਠੀ (36) ਮੁਸਤਾਫਿਜ਼ੁਰ ਰਹਿਮਾਨ ਦੀ ਗੇਂਦ ’ਤੇ ਰਿਆ ਪ੍ਰਾਗ ਹੱਥੋਂ ਕੈਚ ਆਊਟ ਹੋਇਆ। ਆਂਦ੍ਰੇ ਰਸੇਲ (9) ਮੌਰਿਸ ਦੀ ਗੇਂਦ ’ਤੇ ਡੇਵਿਡ ਮਿਲਰ ਨੂੰ ਬਾਊਂਡਰੀ ’ਤੇ ਆਸਾਨ ਕੈਚ ਦੇ ਬੈਠਾ। 
ਪਾਰੀ ਦੇ ਇਸ 18ਵੇਂ ਓਵਰ ਦੀ ਆਖਰੀ ਗੇਂਦ ’ਤੇ ਦਿਨੇਸ਼ ਕਾਰਤਿਕ (25) ਚੇਤਨ ਸਕਾਰੀਆ ਨੂੰ ਕੈਚ ਦੇ ਬੈਠਾ। ਪਿਛਲੇ ਮੈਚ ਵਿਚ ਧਮਾਕੇਦਾਰ ਅਰਧ ਸੈਂਕੜਾ ਲਾਉਣ ਵਾਲਾ ਆਸਟਰੇਲੀਆ ਦਾ ਪੈਟ ਕਮਿੰਸ ਆਖਰੀ ਓਵਰ ਦੀ ਦੂਜੀ ਗੇਂਦ ’ਤੇ ਪ੍ਰਾਗ ਨੂੰ ਕੈਚ ਦੇ ਬੈਠਾ ਜਦਕਿ ਸ਼ਿਵਮ ਮਾਵੀ ਆਖਰੀ ਗੇਂਦ ’ਤੇ ਬੋਲਡ ਹੋਇਆ।

ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਸਾਨੂੰ ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ। 


author

Sunny Mehra

Content Editor

Related News