ਆਈ. ਪੀ. ਐੱਲ. ਨਿਲਾਮੀ ’ਚ ਨਹੀਂ ਉਤਰੇਗਾ ਰੂਟ

02/07/2021 2:28:03 AM

ਨਵੀਂ ਦਿੱਲੀ– ਭਾਰਤ ਦੀ ਧਰਤੀ ’ਤੇ ਆਪਣੇ 100ਵੇਂ ਟੈਸਟ ਵਿਚ ਦੋਹਰਾ ਸੈਂਕੜਾ ਲਾਉਣ ਵਾਲਾ ਇੰਗਲੈਂਡ ਦਾ ਕਪਤਾਨ ਜੋ ਰੂਟ 18 ਫਰਵਰੀ ਨੂੰ ਚੇਨਈ ਵਿਚ ਹੋਣ ਵਾਲੀ ਆਈ. ਪੀ. ਐੱਲ. ਨਿਲਾਮੀ ਵਿਚ ਨਹੀਂ ਉਤਰੇਗਾ। ਇੰਗਲੈਂਡ ਨੂੰ ਭਾਰਤ ਵਿਰੁੱਧ ਟੈਸਟ ਸੀਰੀਜ਼ ਵਿਚ ਪਹਿਲੇ ਦੋ ਟੈਸਟ ਚੇਨਈ ਵਿਚ ਖੇਡਣੇ ਹਨ ਤੇ ਆਈ. ਪੀ. ਐੱਲ. ਦੇ 14ਵੇਂ ਸੈਸ਼ਨ ਦੀ ਨਿਲਾਮੀ 18 ਫਰਵਰੀ ਨੂੰ ਚੇਨਈ ਵਿਚ ਹੀ ਹੋਣੀ ਹੈ। ਰੂਟ ਨੇ ਚੇਨਈ ਵਿਚ ਖੇਡੇ ਜਾ ਰਹੇ ਪਹਿਲੇ ਟੈਸਟ ਵਿਚ 218 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਪਰ ਉਸ ਨੇ ਲਗਾਤਾਰ ਦੂਜੀ ਵਾਰ ਆਈ. ਪੀ. ਐੱਲ. ਦੀ ਨਿਲਾਮੀ ਲਈ ਖੁਦ ਨੂੰ ਰਜਿਸਟਰਡ ਨਹੀਂ ਕਰਵਾਇਆ ਹੈ।
ਆਸਟਰੇਲੀਆ ਦਾ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਇਸ ਵਾਰ ਵੀ ਨਿਲਾਮੀ ਵਿਚ ਸ਼ਾਮਲ ਨਹੀਂ ਹੋਇਆ। ਸਟਾਰਕ ਨੇ ਵੀ ਖੁਦ ਨੂੰ ਨਿਲਾਮੀ ਲਈ ਰਜਿਸਟਰਡ ਨਹੀਂ ਕਰਵਾਇਆ। ਸਟਾਰਕ ਆਖਰੀ ਵਾਰ ਆਈ. ਪੀ. ਐੱਲ. ਵਿਚ 2015 ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਲਈ ਖੇਡਿਆ ਸੀ ਤੇ ਉਸ ਨੇ 13 ਮੈਚਾਂ ਵਿਚ 20 ਵਿਕਟਾਂ ਲਈਆਂ ਸਨ।
ਦੁਨੀਆ ਦੇ ਚੋਟੀ ਦੇ ਆਲਰਾਊਂਡਰਾਂ ਵਿਚੋਂ ਇਕ ਬੰਗਲਾਦੇਸ਼ ਦਾ ਸ਼ਾਕਿਬ ਅਲ ਹਸਨ ਇਸ ਵਾਰ ਨਿਲਾਮੀ ਦਾ ਹਿੱਸਾ ਹੋਵੇਗਾ। ਉਹ ਇਕ ਸਾਲ ਦੀ ਪਾਬੰਦੀ ਪੂਰੀ ਕਰ ਕੇ ਬੰਗਲਾਦੇਸ਼ ਦੀ ਟੀਮ ਵਿਚ ਪਰਤ ਚੁੱਕਾ ਹੈ। ਸ਼ਾਕਿਬ ਉਨ੍ਹਾਂ 11 ਖਿਡਾਰੀਆਂ ਵਿਚ ਸ਼ਾਮਲ ਹੈ ਜਿਨ੍ਹਾਂ ਦਾ ਬੇਸ ਪ੍ਰਾਈਜ਼ 2 ਕਰੋੜ ਰੁਪਏ ਹੈ। ਇਸ ਬੇਸ ਪ੍ਰਾਈਜ਼ ਦੇ ਹੋਰ ਖਿਡਾਰੀਆਂ ਵਿਚ ਕੇਦਾਰ ਜਾਧਵ, ਹਰਭਜਨ ਸਿੰਘ, ਗਲੇਨ ਮੈਕਸਵੈੱਲ, ਸਟੀਵ ਸਮਿਥ, ਸੈਮ ਬਿਲਿੰਗਸ, ਲਿਆਮ ਪਲੰਕੇਟ, ਜੈਸਨ ਰਾਏ, ਮਾਰਕ ਵੁਡ ਤੇ ਕੌਲਿਨ ਇੰਗ੍ਰਾਮ ਸ਼ਾਮਲ ਹਨ।
ਵਿਸ਼ਵ ਦੇ ਨੰਬਰ ਇਕ ਟੀ-20 ਬੱਲੇਬਾਜ਼ ਡੇਵਿਡ ਮਲਾਨ ਦਾ ਬੇਸ ਪ੍ਰਾਈਜ਼ ਡੇਢ ਕਰੋੜ ਰੁਪਏ ਹੈ। ਮਲਾਨ ਅਜੇ ਤਕ ਆਈ. ਪੀ. ਐੱਲ. ਵਿਚ ਨਹੀਂ ਖੇਡਿਆ ਹੈ। ਮਲਾਨ ਨੂੰ ਖਰੀਦਣ ਲਈ ਆਈ. ਪੀ. ਐੱਲ. ਨਿਲਾਮੀ ਵਿਚ ਕਾਫੀ ਭੱਜ-ਦੌੜ ਲੱਗੇਗੀ। ਟੈਸਟ ਬੱਲੇਬਾਜ਼ ਦਾ ਠੱਪਾ ਹਾਸਲ ਕਰਨ ਵਾਲੇ ਹਨੁਮਾ ਵਿਹਾਰੀ ਤੇ ਮਾਰਨਸ ਲਾਬੂਸ਼ੇਨ ਦਾ ਬੇਸ ਪ੍ਰਾਈਜ਼ ਇਕ ਕਰੋੜ ਰੁਪਏ ਹੈ ਜਦਕਿ ਵਿਸ਼ਵ ਪ੍ਰਸਿੱਧ ਟੈਸਟ ਬੱਲੇਬਾਜ਼ ਚੇਤੇਸ਼ਵਰ ਪੁਜਾਰਾ 50 ਲੱਖ ਰੁਪਏ ਦੇ ਬੇਸ ਪ੍ਰਾਈਜ਼ ਦੇ ਨਾਲ ਨਿਲਾਮੀ ਵਿਚ ਉਤਰੇਗਾ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News