ਰੋਹਿਤ ਸ਼ਰਮਾ ਹੋਇਆ ਇਸ 'Elite' ਕਲੱਬ 'ਚ ਸ਼ਾਮਲ, ਗਾਂਗੁਲੀ ਨੂੰ ਪਛਾੜ ਕੇ ਹਾਸਲ ਕੀਤਾ ਇਹ ਮੁਕਾਮ
Friday, Jan 26, 2024 - 09:37 PM (IST)
ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਕਪਤਾਨ ਰੋਹਿਤ ਸ਼ਰਮਾ ਆਪਣੀ ਹਮਲਾਵਰ ਬੱਲੇਬਾਜ਼ੀ ਲਈ ਪੂਰੀ ਦੁਨੀਆ 'ਚ ਜਾਣੇ ਜਾਂਦੇ ਹਨ। ਆਪਣੀ ਸ਼ਾਨਦਾਰ ਬੱਲੇਬਾਜ਼ੀ ਕਾਰਨ ਉਨ੍ਹਾਂ ਦਾ ਨਾਂ ਮਹਾਨ ਕ੍ਰਿਕਟਰਾਂ ਦੀ ਲਿਸਟ 'ਚ ਸ਼ਾਮਲ ਹੋ ਗਿਆ ਹੈ। ਆਏ ਦਿਨ ਉਨ੍ਹਾਂ ਦੇ ਨਾਂ ਕੋਈ ਨਾ ਕੋਈ ਨਵਾਂ ਰਿਕਾਰਡ ਦਰਜ ਹੋਇਆ ਹੀ ਰਹਿੰਦਾ ਹੈ, ਜਿਸ ਕਾਰਨ ਉਹ ਸੁਰਖੀਆਂ 'ਚ ਵੀ ਬਣੇ ਰਹਿੰਦੇ ਹਨ।
ਭਾਰਤ ਅਤੇ ਇੰਗਲੈਂਡ ਵਿਚਾਲੇ ਚੱਲ ਰਹੇ 5 ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਮੈਚ 'ਚ ਭਾਰਤ ਦੀ ਪਹਿਲੀ ਪਾਰੀ 'ਚ ਰੋਹਿਤ ਸ਼ਰਮਾ ਦੀ ਪਾਰੀ ਚਾਹੇ ਛੋਟੀ ਸੀ, ਪਰ ਇਸ ਪਾਰੀ ਨਾਲ ਰੋਹਿਤ ਭਾਰਤੀ ਕ੍ਰਿਕਟਰਾਂ ਦੇ ਇਲੀਟ ਕਲੱਬ 'ਚ ਸ਼ਾਮਲ ਹੋ ਗਏ ਹਨ। ਰੋਹਿਤ ਨੇ ਆਪਣੀ ਪਾਰੀ ਦੌਰਾਨ 27 ਗੇਂਦਾਂ 'ਚ 3 ਚੌਕਿਆਂ ਦੀ ਮਦਦ ਨਾਲ 24 ਦੌੜਾਂ ਬਣਾਈਆਂ ਸਨ। ਪਰ ਇਹ ਪਾਰੀ ਇਸ ਕਾਰਨ ਖ਼ਾਸ ਰਹੀ ਕਿਉਂਕਿ ਰੋਹਿਤ ਨੇ ਭਾਰਤ ਵੱਲੋਂ ਖੇਡਦੇ ਹੋਏ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ 'ਚ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੂੰ ਪਛਾੜ ਦਿੱਤਾ ਹੈ।
ਇਹ ਵੀ ਪੜ੍ਹੋ- Microsoft ਨੇ ਕੀਤੀ ਵੱਡੀ ਛਾਂਟੀ, ਗੇਮਿੰਗ ਸੈਕਸ਼ਨ ਦੇ 1,900 ਕਰਮਚਾਰੀਆਂ ਨੂੰ ਕੀਤਾ ਬਾਹਰ
ਸੌਰਵ ਗਾਂਗੁਲੀ ਦੇ ਨਾਂ 485 ਪਾਰੀਆਂ 'ਚ 18,433 ਦੌੜਾਂ ਦਰਜ ਹਨ, ਜਦਕਿ ਰੋਹਿਤ ਸ਼ਰਮਾ ਨੂੰ ਗਾਂਗੁਲੀ ਨੂੰ ਪਛਾੜਨ ਲਈ ਸਿਰਫ਼ 14 ਦੌੜਾਂ ਦੀ ਲੋੜ ਸੀ। ਇਸ 27 ਦੌੜਾਂ ਦੀ ਪਾਰੀ ਦੀ ਬਦੌਲਤ ਰੋਹਿਤ ਦੀਆਂ ਹੁਣ 18,444 ਦੌੜਾਂ ਹੋ ਗਈਆਂ ਹਨ। ਇਸ ਤਰ੍ਹਾਂ ਉਹ ਹੁਣ ਭਾਰਤ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ 'ਚ ਚੌਥੇ ਨੰਬਰ 'ਤੇ ਆ ਗਏ ਹਨ।
ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ 'ਚ ਮਾਸਟਰ-ਬਲਾਸਟਰ ਸਚਿਨ ਤੇਂਦੁਲਕਰ ਦਾ ਨਾਂ ਟਾਪ 'ਤੇ ਹੈ, ਜਿਸ ਨੇ ਆਪਣੇ ਅੰਤਰਰਾਸ਼ਟਰੀ ਕ੍ਰਿਕਟ ਕਰੀਅਰ 'ਚ 34,357 ਦੌੜਾਂ ਬਣਾਈਆਂ ਹਨ। ਇਸ ਤੋਂ ਬਾਅਦ ਨਾਂ ਆਉਂਦਾ ਹੈ ਵਿਰਾਟ ਕੋਹਲੀ ਦਾ, ਜਿਸ ਦੇ ਨਾਂ ਹੁਣ ਤੱਕ 26,733 ਦੌੜਾਂ ਦਰਜ ਹਨ। ਤੀਜੇ ਨੰਬਰ 'ਤੇ ਭਾਰਤੀ ਟੀਮ ਦੇ ਕੋਚ ਰਾਹੁਲ ਦ੍ਰਾਵਿੜ ਦਾ ਨਾਂ ਆਉਂਦਾ ਹੈ, ਜਿਨ੍ਹਾਂ ਦੇ ਨਾਂ 24,064 ਦੌੜਾਂ ਦਰਜ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8