''ਪਤਾ ਨਹੀਂ ਮੁੜ ਆਵਾਂਗਾ ਜਾਂ ਨਹੀਂ...!'', ਆਸਟ੍ਰੇਲੀਆ ਸੀਰੀਜ਼ ਮਗਰੋਂ ਰੋਹਿਤ ਸ਼ਰਮਾ ਦਾ ਵੱਡਾ ਬਿਆਨ
Saturday, Oct 25, 2025 - 06:34 PM (IST)
ਸਪੋਰਟਸ ਡੈਸਕ- ਟੀਮ ਇੰਡੀਆ ਦੇ ਅਨੁਭਵੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਆਸਟ੍ਰੇਲੀਆ ਵਿਰੁੱਧ ਤੀਜੇ ਅਤੇ ਆਖਰੀ ਵਨਡੇ 'ਚ ਨਾਬਾਦ 121 ਦੌੜਾਂ ਦੀ ਪਾਰੀ ਖੇਡ ਕੇ ਭਾਰਤ ਨੂੰ 9 ਵਿਕਟਾਂ ਨਾਲ ਜਿੱਤ ਦਿਵਾਈ। ਉਨ੍ਹਾਂ ਨੇ ਵਿਰਾਟ ਕੋਹਲੀ (77 ਨਾਬਾਦ) ਦੇ ਨਾਲ ਮਿਲ ਕੇ 168 ਦੌੜਾਂ ਦੀ ਵੱਡੀ ਸਾਂਝੇਦਾਰੀ ਬਣਾਈ, ਜਿਸ ਨਾਲ ਭਾਰਤ ਨੇ 237 ਦੌੜਾਂ ਦੇ ਟੀਚੇ ਦਾ ਪਿੱਛਾ 69 ਗੇਂਦਾਂ ਬਾਕੀ ਰਹਿੰਦਿਆਂ ਪੂਰਾ ਕਰ ਲਿਆ। ਹਾਲਾਂਕਿ, ਸੀਰੀਜ਼ ਦਾ ਫੈਸਲਾ ਆਸਟ੍ਰੇਲੀਆ ਨੇ 2-1 ਨਾਲ ਆਪਣੇ ਨਾਂ ਕੀਤਾ।
ਇਸ ਮੈਚ ਤੋਂ ਬਾਅਦ ਰੋਹਿਤ ਨੇ ਆਪਣੀ ਆਖਰੀ ਆਸਟ੍ਰੇਲੀਆ ਯਾਤਰਾ 'ਤੇ ਉੱਠ ਰਹੀਆਂ ਅਟਕਲਾਂ 'ਤੇ ਸਾਫ ਸ਼ਬਦਾਂ 'ਚ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ, 'ਅਸੀਂ ਹਮੇਸ਼ਾ ਇੱਥੇ ਆਉਣਾ ਅਤੇ ਖੇਡਣਾ ਪਸੰਦ ਕਰਦੇ ਹਾਂ। 2008 ਦੀਆਂ ਬਹੁਤ ਪਿਆਰੀਆਂ ਯਾਦਾਂ ਹਨ। ਇਹ ਕਹਿਣਾ ਮੁਸ਼ਕਿਲ ਹੈ ਕਿ ਅਸੀਂ ਵਾਪਸ ਆਵਾਂਗੇ ਜਾਂ ਨਹੀਂ। ਕ੍ਰਿਕਟ ਦਾ ਆਨੰਦ ਲੈਣਾ ਹੀ ਸਾਡੀ ਪਹਿਲ ਹੈ। ਅਸੀਂ ਪਰਥ 'ਚ ਇਕ ਨਵੀਂ ਸ਼ੁਰੂਆਤ ਕੀਤੀ। ਇਹੀ ਮੇਰਾ ਨਜ਼ਰੀਆ ਹੈ।'
ਰੋਹਿਤ ਨੂੰ ਮੈਨ ਆਫ ਦਿ ਮੈਚ ਅਤੇ ਮੈਨ ਆਫ ਦਿ ਸੀਰੀਜ਼ ਚੁਣਿਆ ਗਿਆ। ਉਨ੍ਹਾਂ ਨੇ ਤਿੰਨ ਮੈਚਾਂ 'ਚ 202 ਦੌੜਾਂ ਬਣਾ ਕੇ ਸੀਰੀਜ਼ 'ਚ ਸਭ ਤੋਂ ਜ਼ਿਆਦਾ ਦੌੜਾਂ ਦਾ ਰਿਕਾਰਡ ਆਪਣੇ ਨਾਂ ਕੀਤਾ। 38 ਸਾਲਾ ਇਸ ਬੱਲੇਬਾਜ਼ ਨੇ ਕਿਹਾ ਕਿ ਮੁਸ਼ਕਿਲ ਹਾਲਾਤਾਂ ਅਤੇ ਵਧੀਆ ਗੇਂਦਬਾਜ਼ਾਂ ਦਾ ਸਾਹਮਣਾ ਕਰਨਾ ਆਸਾਨ ਨਹੀਂ ਹੁੰਦਾ ਪਰ ਅਨੁਭਵ ਸਾਝਾ ਕਰਨਾ ਅਤੇ ਨੌਜਵਾਨਾਂ ਨੂੰ ਮਾਰਗਦਰਸ਼ਨ ਦੇਣਾ ਹੁਣ ਉਨ੍ਹਾਂ ਦਾ ਕਰਤਵ ਹੈ।
ਰੋਹਿਤ ਅਤੇ ਵਿਰਾਟ ਹੁਣ 30 ਨਵੰਬਰ ਤੋਂ ਦੱਖਣੀ ਅਫਰੀਕਾ ਵਿਰੁੱਧ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਘਰੇਲੂ ਵਨਡੇ ਸੀਰੀਜ਼ 'ਤੇ ਧਿਆਨ ਕੇਂਦਰਿਤ ਕਰਨਗੇ, ਜੋ ਕਿ ਭਾਰਤ ਦਾ ਸਾਲ ਦਾ ਆਖਰੀ ਵਨਡੇ ਪ੍ਰੋਗਰਾਮ ਹੋਵੇਗਾ, ਜਿਸ ਤੋਂ ਬਾਅਦ ਜਨਵਰੀ ਵਿੱਚ ਨਿਊਜ਼ੀਲੈਂਡ ਦੌਰਾ ਹੋਵੇਗਾ।
