ਰੋਹਿਤ-ਕੋਹਲੀ ਦੀ ਜੋੜੀ ਨੰਬਰ-1

Tuesday, Oct 23, 2018 - 02:30 AM (IST)

ਰੋਹਿਤ-ਕੋਹਲੀ ਦੀ ਜੋੜੀ ਨੰਬਰ-1

ਜਲੰਧਰ— ਭਾਵੇਂ ਹੀ ਮੈਦਾਨ ਦੇ ਅੰਦਰ ਜਾਂ ਬਾਹਰ ਕ੍ਰਿਕਟ ਪ੍ਰਸ਼ੰਸਕ ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਵਿਚਾਲੇ ਮੁਕਾਬਲੇਬਾਜ਼ੀ ਮਹਿਸੂਸ ਕਰਦੇ ਹੋਣ ਪਰ ਜੇਕਰ ਇਨ੍ਹਾਂ ਦੋਵਾਂ ਦਾ ਇਕੱਠਿਆਂ ਦੌੜਾਂ ਬਣਾਉਣ ਦਾ ਰਿਕਾਰਡ ਦੇਖਿਆ ਜਾਵੇ ਤਾਂ ਉਹ ਮਾਡਰਨ ਜ਼ਮਾਨੇ ਵਿਚ ਟੀਮ ਇੰਡੀਆ ਦੀ ਜੋੜੀ ਨੰਬਰ-1 ਕਹਾਉਣ ਦੀ ਹੱਕਦਾਰ ਹੈ। ਦੋਵੇਂ ਹੁਣ ਤਕ 64 ਪਾਰੀਆਂ ਵਿਚ ਤਕਰੀਬਨ 65 ਦੀ ਔਸਤ ਨਾਲ 3931 ਦੌੜਾਂ ਜੋੜ ਚੁੱਕੇ ਹਨ। ਅਜਿਹਾ ਕਰ ਕੇ ਉਨ੍ਹਾਂ ਨੇ ਕ੍ਰਿਕਟ ਪ੍ਰਸ਼ੰਸਕਾਂ ਨੂੰ ਫਿਰ ਤੋਂ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਭਾਰਤ ਲਈ ਰੋਹਿਤ-ਧਵਨ ਦੀ ਜੋੜੀ ਜ਼ਿਆਦਾ ਉਪਯੋਗੀ ਹੈ ਜਾਂ ਰੋਹਿਤ-ਕੋਹਲੀ ਦੀ। ਜ਼ਿਕਰਯੋਗ ਹੈ ਕਿ ਰੋਹਿਤ ਤੇ ਧਵਨ ਹੁਣ ਤਕ 86 ਪਾਰੀਆਂ ਵਿਚ 13 ਸੈਂਕੜੇ ਵਾਲੀਆਂ ਸਾਂਝੇਦਾਰੀਆਂ ਦੇ ਨਾਲ 3936 ਦੌੜਾਂ ਬਣਾ ਚੁੱਕੇ ਹਨ। ਉਨ੍ਹਾਂ ਦੀ ਔਸਤ 46 ਹੈ, ਜਿਹੜੀ ਰੋਹਿਤ-ਕੋਹਲੀ ਦੀ ਜੋੜੀ ਦੇ ਮੁਕਾਬਲੇ ਕਾਫੀ ਘੱਟ ਹੈ।
ਰੋਹਿਤ ਦਾ 20ਵਾਂ ਸੈਂਕੜਾ
ਰੋਹਿਤ ਨੇ ਗੁਹਾਟੀ ਮੈਚ 'ਚ ਆਪਣਾ 20ਵਾਂ ਸੈਂਕੜਾ ਲਾਇਆ। ਹੁਣ ਉਹ ਸਾਬਕਾ ਭਾਰਤੀ ਕਪਤਾਨ ਸੌਰਭ ਗਾਂਗੁਲੀ (22 ਸੈਂਕੜੇ) ਦੇ ਨੇੜੇ ਪਹੁੰਚ ਗਿਆ ਹੈ। ਉਂਝ ਵੀ ਇਸ ਸਾਲ ਰੋਹਿਤ ਸ਼ਰਮਾ ਦਾ ਬੱਲਾ ਵਨ ਡੇ ਕ੍ਰਿਕਟ ਵਿਚ ਰੱਜ ਕੇ ਚੱਲਿਆ ਹੈ। ਰੋਹਿਤ ਨੇ ਇਸ ਸਾਲ 15 ਮੈਚਾਂ ਵਿਚ 72 ਦੀ ਔਸਤ ਨਾਲ 793 ਦੌੜਾਂ ਬਣਾ ਲਈਆਂ ਹਨ। ਇਸ ਦੌਰਾਨ ਉਸ ਨੇ 4 ਸੈਂਕੜੇ ਤੇ 2 ਅਰਧ ਸੈਂਕੜੇ ਲਾਏ ਹਨ। 193 ਛੱਕੇ ਹੋ ਗਏ ਹਨ ਹੁਣ ਰੋਹਿਤ ਸ਼ਰਮਾ ਦੇ ਨਾਂ ਵਨ ਡੇ ਕ੍ਰਿਕਟ ਵਿਚ, ਆਗਾਮੀ ਮੈਚਾਂ ਵਿਚ ਉਹ ਸਚਿਨ (195) ਨੂੰ ਪਿੱਛੇ ਛੱਡ ਸਕਦਾ ਹੈ।
ਛੇਵੀਂ ਵਾਰ 150+ ਦਾ ਸਕੋਰ : ਵਨ ਡੇ ਕ੍ਰਿਕਟ ਵਿਚ 3 ਦੋਹਰੇ ਸੈਂਕੜੇ ਲਾਉਣ ਵਾਲੇ ਰੋਹਿਤ ਸ਼ਰਮਾ ਦੇ ਨਾਂ 'ਤੇ 6 ਵਾਰ 150 ਤੋਂ ਵੱਧ ਦਾ ਸਕੋਰ ਬਣਾਉਣ ਦਾ ਵੀ ਰਿਕਾਰਡ ਦਰਜ ਹੋ ਗਿਆ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਸਚਿਨ ਤੇਂਦੁਲਕਰ (5), ਜੈਸੂਰੀਆ ਤੇ ਕ੍ਰਿਸ ਗੇਲ (4-4) ਦੇ ਨਾਂ ਸੀ। 246 ਦੌੜਾਂ ਦੀ ਸਭ ਤੋਂ ਵੱਡੀ ਸਾਂਝੇਦਾਰੀ ਦਾ ਪਿੱਛਾ ਕਰਦਿਆਂ ਬਣਾਈਆਂ ਰੋਹਿਤ-ਕੋਹਲੀ ਨੇ। ਇਸ ਤੋਂ ਪਹਿਲਾਂ ਇਹ ਰਿਕਾਰਡ ਕੋਹਲੀ-ਗੰਭੀਰ ਦੇ ਨਾਂ ਸੀ।
152 ਦੌੜਾਂ ਨਾਲ ਭਾਰਤ ਵਲੋਂ ਦੂਜਾ ਵਿਅਕਤੀਗਤ ਸਰਵਸ੍ਰੇਸ਼ਠ ਸਕੋਰ ਬਣਾਇਆ ਰੋਹਿਤ ਨੇ। ਇਸ ਤੋਂ ਪਹਿਲਾਂ ਸਹਿਵਾਗ ਵੈਸਟਇੰਡੀਜ਼ ਵਿਰੁੱਧ ਸਭ ਤੋਂ ਵੱਧ ਸੈਂਕੜੇ ਲਾਉਣ ਵਾਲਾ ਭਾਰਤੀ ਬੱਲੇਬਾਜ਼ ਵੀ ਬਣਿਆ। ਉਸ ਨੇ ਵੈਸਟਇੰਡੀਜ਼ ਵਿਰੁੱਧ 5 ਸੈਂਕੜੇ ਲਾਏ ਹਨ। 81 ਦੌੜਾਂ ਦੂਰ ਹੈ ਹੁਣ ਵਿਰਾਟ ਕੋਹਲੀ ਵਨ ਡੇ ਕ੍ਰਿਕਟ ਵਿਚ 10 ਹਜ਼ਾਰ ਦੌੜਾਂ ਪੂਰੀਆਂ ਕਰਨ ਤੋਂ। ਉਹ 212 ਮੈਚਾਂ ਵਿਚ 58 ਦੀ ਔਸਤ ਨਾਲ 9919 ਦੌੜਾਂ ਬਣਾ ਚੁੱਕਾ ਹੈ।
ਡਿਵਿਲੀਅਰਸ ਨੂੰ ਪਛਾੜਿਆ : ਵਿਰਾਟ ਦਾ ਇਹ ਬਤੌਰ ਕਪਤਾਨ 14ਵਾਂ ਸੈਂਕੜਾ ਸੀ। ਅਜਿਹਾ ਕਰ ਕੇ ਉਸ ਨੇ ਦੱਖਣੀ ਅਫਰੀਕਾ ਦੇ ਏ. ਬੀ. ਡਿਵਿਲੀਅਰਸ (13 ਵਾਰ) ਨੂੰ ਪਛਾੜਿਆ। ਜ਼ਿਕਰਯੋਗ ਹੈ ਕਿ ਬਤੌਰ ਕਪਤਾਨ ਸਭ ਤੋਂ ਵੱਧ ਸੈਂਕੜੇ ਹੁਣ ਤਕ ਰਿਕੀ ਪੋਂਟਿੰਗ (22 ਵਾਰ) ਦੇ ਨਾਂ ਹਨ। 
05 ਵਾਰ ਇਕ ਸਾਲ ਵਿਚ ਕੌਮਾਂਤਰੀ ਕਰੀਅਰ ਦੌਰਾਨ 2000 ਤੋਂ ਵੱਧ ਦੌੜਾਂ ਬਣਾ ਚੁੱਕਾ ਹੈ ਕੋਹਲੀ, ਅਜਿਹਾ ਕਰ ਕੇ ਤੇਂਦੁਲਕਰ (5) ਦੀ ਬਰਾਬਰੀ ਕੀਤੀ। 04 ਵਾਰ ਇਕੱਠੇ ਖੇਡਦੇ ਹੋਏ ਸੈਂਕੜੇ ਬਣਾਉਣ ਵਿਚ ਕਾਮਯਾਬ ਰਹੇ ਹਨ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ। ਦੋਵਾਂ ਨੇ ਤੇਂਦੁਲਕਰ-ਗਾਂਗੁਲੀ, ਡੀ ਕੌਕ-ਅਮਲਾ (4 ਵਾਰ) ਦੀ ਬਰਾਬਰੀ ਕਰ ਲਈ ਹੈ।


Related News