ਡਰੈਸਿੰਗ ਰੂਮ ਦੀ ਜਾਣਕਾਰੀ ਲੀਕ ਹੋਣ ਦੇ ਮਾਮਲੇ ’ਚ ਰਿਜ਼ਵਾਨ ਤੇ ਇਮਾਮ ਤੋਂ ਪੁੱਛਗਿੱਛ
Saturday, Sep 12, 2026 - 02:43 PM (IST)
ਲਾਹੌਰ- ਡਰੈਸਿੰਗ ਰੂਮ ਦੀ ਕਥਿਤ ਜਾਣਕਾਰੀ ਲੀਕ ਹੋਣ ਦੇ ਮਾਮਲੇ ’ਚ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੀ ਸ਼ਿਕਾਇਤ ’ਤੇ ਪਾਕਿਸਤਾਨ ਦੀ ਰਾਸ਼ਟਰੀ ਸਾਈਬਰ ਅਪਰਾਧ ਜਾਂਚ ਏਜੰਸੀ (ਐੱਨ. ਸੀ. ਸੀ. ਆਈ. ਏ.) ਨੇ ਤਜ਼ਰਬੇਕਾਰ ਖਿਡਾਰੀਆਂ ਮੁਹੰਮਦ ਰਿਜ਼ਵਾਨ ਅਤੇ ਇਮਾਮ-ਉਲ-ਹੱਕ ਤੋਂ ਕਰੀਬ ਚਾਰ ਘੰਟੇ ਤੱਕ ਪੁੱਛਗਿੱਛ ਕੀਤੀ। ਇਹ ਘਟਨਾਕ੍ਰਮ ਇੰਗਲੈਂਡ ਦੇ ਮੌਜੂਦਾ ਟੈਸਟ ਦੌਰੇ ’ਤੇ ਪਾਕਿਸਤਾਨ ਦੇ ਬੇਹੱਦ ਖਰਾਬ ਪ੍ਰਦਰਸ਼ਨ ਦੇ ਵਿਚਾਲੇ ਹੋਇਆ ਹੈ। ਅਨੁਸ਼ਾਸਨ ਸਬੰਧੀ ਮਾਮਲਿਆਂ ਦੇ ਕਾਰਨ ਰਿਜ਼ਵਾਨ ਅਤੇ ਇਮਾਮ ਸਮੇਤ 7 ਖਿਡਾਰੀਆਂ ਤੇ ਸਹਿਯੋਗੀ ਸਟਾਫ ਦੇ 2 ਮੈਂਬਰਾਂ ਨੂੰ ਦੌਰੇ ਤੋਂ ਵਾਪਸ ਭੇਜ ਦਿੱਤਾ ਗਿਆ ਸੀ। ਦੋਵੇਂ ਖਿਡਾਰੀ ਅਜੇ ਜਾਂਚ ਦੇ ਘੇਰੇ ’ਚ ਹਨ, ਇਸ ਲਈ ਸ਼ਨੀਵਾਰ ਤੋਂ ਸ਼ੁਰੂ ਹੋਣ ਵਾਲੇ ਦੇਸ਼ ਦੇ ਪ੍ਰਮੁੱਖ ਘਰੇਲੂ ਫਰਸਟ ਕਲਾਸ ਟੂਰਨਾਮੈਂਟ ’ਚ ਹਿੱਸਾ ਨਹੀਂ ਲੈ ਸਕਣਗੇ।
ਇਸ ਘਟਨਾਕ੍ਰਮ ਤੋਂ ਬਾਅਦ ਪਾਕਿਸਤਾਨ ਟੀਮ ਦੇ ਸੁਰੱਖਿਆ ਮੈਨੇਜਰ ਨੇ ਦੋਵਾਂ ਤਜ਼ਰਬੇਕਾਰ ਖਿਡਾਰੀਆਂ ਦੇ ਮੋਬਾਈਲ ਫੋਨ ਪਹਿਲਾਂ ਹੀ ਐੱਨ. ਸੀ. ਸੀ. ਆਈ. ਏ. ਨੂੰ ਸੌਂਪ ਦਿੱਤੇ ਹਨ। ਪੀ. ਸੀ. ਬੀ. ਦਾ ਪ੍ਰਮੁੱਖ ਮੋਹਸਿਨ ਨਕਵੀ ਪਾਕਿਸਤਾਨ ਦਾ ਗ੍ਰਹਿ ਮੰਤਰੀ ਵੀ ਹੈ ਅਤੇ ਐੱਨ. ਸੀ. ਸੀ. ਆਈ. ਏ. ਉਸ ਦੇ ਮੰਤਰਾਲੇ ਦੇ ਅਧੀਨ ਕੰਮ ਕਰਦੀ ਹੈ।
ਪੀ. ਸੀ. ਬੀ. ਦੇ ਇਕ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਐੱਨ. ਸੀ. ਸੀ. ਆਈ. ਏ. ਡਰੈਸਿੰਗ ਰੂਮ ਤੋਂ ਕਥਿਤ ਜਾਣਕਾਰੀ ਲੀਕ ਹੋਣ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਲਾਂਕਿ, ਉਸ ਨੇ ਕਿਹਾ ਕਿ ਇਹ ਪ੍ਰਕਿਰਿਆ ਅਜੇ ਜਾਰੀ ਹੈ ਅਤੇ ਇਸ ਮਾਮਲੇ ’ਚ ਫਿਲਹਾਲ ਕੋਈ ਵਾਧੂ ਟਿੱਪਣੀ ਨਹੀਂ ਕੀਤੀ ਜਾਵੇਗੀ। ਇਹ ਪਹਿਲੀ ਵਾਰ ਹੈ ਜਦੋਂ ਪਾਕਿਸਤਾਨ ਕ੍ਰਿਕਟ ਬੋਰਡ ਨੇ ਰਾਸ਼ਟਰੀ ਟੀਮ ਦੇ ਖਿਡਾਰੀਆਂ ਵਿਰੁੱਧ ਕਿਸੇ ਸਾਈਬਰ ਏਜੰਸੀ ’ਚ ਸ਼ਿਕਾਇਤ ਦਰਜ ਕਰਵਾਈ ਹੈ। ਰਿਜ਼ਵਾਨ ਅਤੇ ਇਮਾਮ ਦੋਵਾਂ ਨੇ ਐੱਨ. ਸੀ. ਸੀ. ਆਈ. ਏ. ਦੇ ਸਵਾਲਾਂ ਦੇ ਲਿਖਤੀ ਜਵਾਬ ਦੇਣ ਲਈ ਹੋਰ ਸਮਾਂ ਮੰਗਿਆ ਹੈ।
