ਪ੍ਰਾਪਰਟੀ ਦੀ ਪਿੱਚ ''ਤੇ ਸਚਿਨ ਤੇਂਦੁਲਕਰ ਦਾ ਵੱਡਾ ਦਾਅ; ਖਰੀਦੀ 70 ਕਰੋੜ ਰੁਪਏ ਦੀ ਜ਼ਮੀਨ
Monday, Sep 07, 2026 - 11:05 PM (IST)
ਮੁੰਬਈ/ਪੁਣੇ : ਕ੍ਰਿਕਟ ਜਗਤ ਦੇ ਮਹਾਨ ਖਿਡਾਰੀ ਸਚਿਨ ਤੇਂਦੁਲਕਰ ਭਾਵੇਂ ਹੀ ਖੇਡ ਤੋਂ ਸੰਨਿਆਸ ਲੈ ਚੁੱਕੇ ਹਨ, ਪਰ ਉਹ ਅਕਸਰ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ। ਇਸ ਵਾਰ ਉਹ ਪ੍ਰਾਪਰਟੀ ਵਿੱਚ ਕੀਤੇ ਗਏ ਇੱਕ ਵੱਡੇ ਨਿਵੇਸ਼ ਕਾਰਨ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਸਚਿਨ ਤੇਂਦੁਲਕਰ ਨੇ ਮਹਾਰਾਸ਼ਟਰ ਦੇ ਮਸ਼ਹੂਰ ਹਿਲ ਸਟੇਸ਼ਨ ਲੋਨਾਵਲਾ ਵਿੱਚ ਲਗਭਗ 3.9 ਏਕੜ ਜ਼ਮੀਨ ਖਰੀਦੀ ਹੈ। ਇਸ ਜ਼ਮੀਨ ਦੀ ਖਰੀਦਦਾਰੀ ਲਈ ਉਨ੍ਹਾਂ ਨੇ ਤਿੰਨ ਵੱਖ-ਵੱਖ ਸੌਦੇ ਕੀਤੇ ਹਨ, ਜਿਨ੍ਹਾਂ ਦੀ ਕੁੱਲ ਕੀਮਤ ਲਗਭਗ 70 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਇੱਕ ਰਿਪੋਰਟ ਅਨੁਸਾਰ, ਇਨ੍ਹਾਂ ਤਿੰਨਾਂ ਸੌਦਿਆਂ ਦੀ ਰਜਿਸਟ੍ਰੇਸ਼ਨ 4 ਸਤੰਬਰ ਨੂੰ ਹੋਈ ਸੀ। ਇਸ ਪੂਰੀ ਜ਼ਮੀਨ ਦਾ ਕੁੱਲ ਖੇਤਰਫਲ ਲਗਭਗ 15,601.78 ਵਰਗ ਮੀਟਰ (ਯਾਨੀ ਕਰੀਬ 1.68 ਲੱਖ ਵਰਗ ਫੁੱਟ) ਹੈ। ਇਹ ਪ੍ਰਾਪਰਟੀ ਲੋਨਾਵਲਾ ਦੇ ਐੱਚ ਵਾਰਡ ਵਿੱਚ ਚਾਰ ਵੱਖ-ਵੱਖ ਸਿਟੀ ਸਰਵੇ ਨੰਬਰਾਂ ਵਿੱਚ ਸਥਿਤ ਹੈ। ਇਸ ਵੱਡੀ ਪ੍ਰਾਪਰਟੀ ਡੀਲ ਲਈ ਸਚਿਨ ਤੇਂਦੁਲਕਰ ਨੇ ਲਗਭਗ 4.20 ਕਰੋੜ ਰੁਪਏ ਦੀ ਸਟੈਂਪ ਡਿਊਟੀ ਵੀ ਅਦਾ ਕੀਤੀ ਹੈ।
ਜ਼ਮੀਨ ਦੀ ਇਸ ਖਰੀਦਦਾਰੀ ਵਿੱਚ ਸਭ ਤੋਂ ਵੱਡੀ ਡੀਲ ਲਗਭਗ 63.69 ਕਰੋੜ ਰੁਪਏ ਦੀ ਹੈ, ਜਿਸ ਤਹਿਤ ਸਚਿਨ ਨੇ ਕਰੀਬ 3.09 ਏਕੜ ਜ਼ਮੀਨ ਖਰੀਦੀ ਹੈ। ਇਸ ਹਿੱਸੇ 'ਤੇ ਪਹਿਲਾਂ ਤੋਂ ਹੀ ਲਗਭਗ 2,100 ਵਰਗ ਫੁੱਟ ਦਾ ਬਣਿਆ ਹੋਇਆ ਇੱਕ ਢਾਂਚਾ (ਸਟ੍ਰਕਚਰ) ਵੀ ਮੌਜੂਦ ਹੈ। ਬਾਕੀ ਦੋ ਸੌਦਿਆਂ ਵਿੱਚ ਉਨ੍ਹਾਂ ਨੇ ਦੋ ਵੱਖ-ਵੱਖ ਜ਼ਮੀਨੀ ਹਿੱਸਿਆਂ ਵਿੱਚ 50-50 ਫੀਸਦੀ ਦਾ ਅਣਵੰਡਿਆ ਹਿੱਸਾ ਖਰੀਦਿਆ ਹੈ। ਇਨ੍ਹਾਂ ਵਿੱਚੋਂ ਇੱਕ ਸੌਦਾ ਲਗਭਗ 4.56 ਕਰੋੜ ਰੁਪਏ ਦਾ ਹੈ (ਜਿਸ ਵਿੱਚ 2,302.27 ਵਰਗ ਮੀਟਰ ਜ਼ਮੀਨ ਸ਼ਾਮਲ ਹੈ) ਅਤੇ ਤੀਜੀ ਡੀਲ ਕਰੀਬ 1.75 ਕਰੋੜ ਰੁਪਏ ਦੀ ਹੈ (ਜਿਸ ਵਿੱਚ 803.93 ਵਰਗ ਮੀਟਰ ਜ਼ਮੀਨ ਦਾ ਹਿੱਸਾ ਸ਼ਾਮਲ ਹੈ)।
ਲੋਨਾਵਲਾ ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਵਿੱਚ ਸਥਿਤ ਇੱਕ ਬੇਹੱਦ ਮਕਬੂਲ ਹਿਲ ਸਟੇਸ਼ਨ ਹੈ। ਮੁੰਬਈ ਅਤੇ ਪੁਣੇ ਦੇ ਵਿਚਕਾਰ ਸਥਿਤ ਹੋਣ ਕਾਰਨ ਇਹ ਲੰਬੇ ਸਮੇਂ ਤੋਂ ਲੋਕਾਂ ਲਈ ਛੁੱਟੀਆਂ ਬਿਤਾਉਣ ਅਤੇ 'ਸੈਕਿੰਡ ਹੋਮ' ਖਰੀਦਣ ਲਈ ਪਹਿਲੀ ਪਸੰਦ ਰਿਹਾ ਹੈ। ਵਧੀਆ ਕਨੈਕਟੀਵਿਟੀ ਦੇ ਚਲਦਿਆਂ ਇੱਥੇ ਲਗਜ਼ਰੀ ਵਿਲਾ, ਵੱਡੇ ਪਲਾਟਾਂ ਅਤੇ ਜ਼ਮੀਨਾਂ ਵਿੱਚ ਅਮੀਰ ਨਿਵੇਸ਼ਕਾਂ ਅਤੇ ਮਸ਼ਹੂਰ ਹਸਤੀਆਂ ਦੀ ਦਿਲਚਸਪੀ ਲਗਾਤਾਰ ਵੱਧ ਰਹੀ ਹੈ। ਹਾਲਾਂਕਿ, ਇਸ ਤਾਜ਼ਾ ਸੌਦੇ ਨੂੰ ਲੈ ਕੇ ਸਚਿਨ ਤੇਂਦੁਲਕਰ ਜਾਂ ਉਨ੍ਹਾਂ ਦੀ ਟੀਮ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।
