ਇੰਨੇ ਸਾਰੇ ਬਦਲਾਵਾਂ ਬਾਰੇ ਜਾਣਕਾਰੀ ਨਹੀਂ ਸੀ : ਹੇਸਨ

Saturday, Sep 05, 2026 - 04:54 PM (IST)

ਇੰਨੇ ਸਾਰੇ ਬਦਲਾਵਾਂ ਬਾਰੇ ਜਾਣਕਾਰੀ ਨਹੀਂ ਸੀ : ਹੇਸਨ

ਲਾਹੌਰ : ਪਾਕਿਸਤਾਨ ਦੇ ਨਵੇਂ ਅੰਤਰਿਮ ਟੈਸਟ ਕੋਚ ਮਾਈਕ ਹੇਸਨ ਨੇ ਇੰਗਲੈਂਡ ਦੌਰੇ ਦੌਰਾਨ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਵੱਲੋਂ ਟੀਮ ਵਿੱਚ ਕੀਤੇ ਗਏ ਅਚਾਨਕ ਅਤੇ ਵੱਡੇ ਬਦਲਾਵਾਂ 'ਤੇ ਹੈਰਾਨੀ ਪ੍ਰਗਟ ਕੀਤੀ ਹੈ। ਹੇਸਨ ਨੇ ਸਪੱਸ਼ਟ ਕੀਤਾ ਕਿ ਉਹ ਹਾਲ ਹੀ ਵਿੱਚ ਅੰਤਰਿਮ ਕੋਚ ਵਜੋਂ ਜੁੜੇ ਹਨ ਅਤੇ ਮੁਹੰਮਦ ਰਿਜ਼ਵਾਨ, ਇਮਾਮ-ਉਲ-ਹੱਕ ਅਤੇ ਸਲਮਾਨ ਅਲੀ ਆਗਾ ਵਰਗੇ ਖਿਡਾਰੀਆਂ ਨੂੰ ਟੀਮ 'ਚੋਂ ਬਾਹਰ ਭੇਜਣ ਦੇ ਫੈਸਲੇ ਵਿੱਚ ਉਨ੍ਹਾਂ ਦਾ ਕੋਈ ਹੱਥ ਨਹੀਂ ਸੀ। ਉਨ੍ਹਾਂ ਮੰਨਿਆ ਕਿ ਲੜੀ ਦੇ ਵਿਚਕਾਰ ਅਜਿਹੀਆਂ ਪਰਿਸਥਿਤੀਆਂ ਬਣਨਾ ਖਿਡਾਰੀਆਂ ਲਈ ਬਹੁਤ ਮੁਸ਼ਕਲ ਅਤੇ ਦੁਖਦਾਈ ਸੀ। ਪਰ ਹੁਣ ਉਨ੍ਹਾਂ ਦਾ ਮੁੱਖ ਟੀਚਾ ਟੀਮ ਦੇ ਆਲੇ-ਦੁਆਲੇ ਦੇ ਵਿਵਾਦਾਂ ਦੀ ਬਜਾਏ ਐਜਬੈਸਟਨ ਵਿੱਚ ਹੋਣ ਵਾਲੇ ਤੀਜੇ ਟੈਸਟ 'ਤੇ ਧਿਆਨ ਕੇਂਦਰਿਤ ਕਰਨਾ ਹੈ, ਤਾਂ ਜੋ ਟੀਮ ਨੂੰ 3-0 ਦੀ ਸ਼ਰਮਨਾਕ ਕਲੀਨ ਸਵੀਪ ਤੋਂ ਬਚਾਇਆ ਜਾ ਸਕੇ।

ਆਪਣੇ ਟੀ20 ਕਪਤਾਨ ਸਲਮਾਨ ਅਲੀ ਆਗਾ ਨੂੰ ਟੈਸਟ ਟੀਮ ਤੋਂ ਹਟਾਏ ਜਾਣ 'ਤੇ ਹੇਸਨ ਨੇ ਕਿਹਾ ਕਿ ਉਹ ਇੱਕ ਬਹਤਰੀਨ ਖਿਡਾਰੀ ਹਨ ਅਤੇ ਕੁਝ ਮੈਚ ਖਰਾਬ ਜਾਣ ਕਾਰਨ ਉਨ੍ਹਾਂ ਨੂੰ ਬਾਹਰ ਕਰਨਾ ਨਿਰਾਸ਼ਾਜਨਕ ਹੈ। ਇਸ ਤੋਂ ਇਲਾਵਾ ਲੀਡਜ਼ ਟੈਸਟ 'ਚ 5 ਵਿਕਟਾਂ ਲੈਣ ਵਾਲੇ ਸਪਿਨਰ ਅਲੀ ਉਸਮਾਨ ਨੂੰ ਟੀਮ 'ਚੋਂ ਰਿਲੀਜ਼ ਕਰਨ ਬਾਰੇ ਉਨ੍ਹਾਂ ਕਿਹਾ ਕਿ ਇੰਗਲੈਂਡ ਦੀਆਂ ਮੌਜੂਦਾ ਸਥਿਤੀਆਂ ਵਿੱਚ ਅਜਿਹੇ ਫਿੰਗਰ-ਸਪਿਨਰ ਨੂੰ ਟੀਮ 'ਚ ਰੱਖਣਾ ਔਖਾ ਸੀ ਜੋ ਬੱਲੇਬਾਜ਼ੀ ਜਾਂ ਫੀਲਡਿੰਗ 'ਚ ਜ਼ਿਆਦਾ ਯੋਗਦਾਨ ਨਾ ਦੇ ਸਕੇ। ਕੋਚ ਅਨੁਸਾਰ, ਨਵੇਂ ਖਿਡਾਰੀਆਂ ਦੇ ਆਉਣ ਨਾਲ ਟੀਮ ਵਿੱਚ ਨਵੀਂ ਊਰਜਾ ਅਤੇ ਗੇਂਦਬਾਜ਼ੀ ਵਿੱਚ ਵੱਖਰਤਾ ਆਵੇਗੀ, ਜਿਸ ਨਾਲ ਉਹ ਅੱਗੇ ਵਧ ਕੇ ਬਿਹਤਰ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਨਗੇ।


author

Tarsem Singh

Content Editor

Related News