ਕੋਰੋਨਾ ਵਾਇਰਸ ਕਾਰਨ ਓਲੰਪਿਕ ਆਯੋਜਨ ''ਤੇ ਜੋਖਮ ਦਾ ਕਿਆਸ ਜਲਦਬਾਜ਼ੀ : WHO
Wednesday, Feb 19, 2020 - 04:53 PM (IST)

ਜਿਨੇਵਾ : ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਦੇ ਇਕ ਚੋਟੀ ਅਧਿਕਾਰੀ ਦਾ ਮੰਨਣਆ ਹੈ ਕਿ ਚੀਨ ਵਿਚ ਕੋਰੋਨਾ ਵਾਇਰਸ ਦੇ ਕਾਰਨ ਟੋਕੀਓ ਓਲੰਪਿਕ 'ਤੇ ਜੋਖਮ ਮੰਡਰਾਉਣ ਜਾਂ ਆਯੋਜਨ ਰੱਦ ਹੋਮ ਦੇ ਕਿਆਸ ਲਾਉਣਾ ਅਜੇ ਜਲਦਬਾਜ਼ੀ ਹੈ। ਡਬਲਯੂ. ਐੱਚ. ਓ. ਨੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪਿਛਲੇ ਮਹੀਨੇ ਮੈਡੀਕਲ ਐਮਰਜੈਂਸੀ ਦਾ ਐਲਾਨ ਕੀਤਾ ਹੈ। ਕੌਮਾਂਤਰੀ ਓਲੰਪਿਕ ਕਮੇਟੀ ਅਤੇ ਟੋਕੀਓ ਓਲੰਪਿਕ ਦੇ ਆਯੋਜਕਾਂ ਨੇ ਵਾਰ-ਵਾਰ ਦੁਹਰਾਇਆ ਹੈ ਕਿ 24 ਜੁਲਾਈ ਤੋਂ 9 ਅਗਸਤ ਦੌਰਾਨ ਪ੍ਰਸਤਾਵਿਤ ਇਸ ਆਯੋਜਨ ਨੂੰ ਲੈ ਕੇ ਉਨ੍ਹਾਂ ਕੋਲ ਕੋਈ ਆਮ ਯੋਜਨਾ ਨਹੀਂ ਹੈ। ਸੰਯੁਕਤ ਰਾਸ਼ਟਰ ਦੇ ਐਮਰਜੈਂਸੀ ਪ੍ਰੋਗਰਾਮਾਂ ਦੇ ਡਾਈਰੈਕਟਰ ਮਾਈਕਲ ਰਿਆਨ ਨੇ ਡਬਲਯੂ. ਐੱਚ. ਓ. ਦੇ ਹੈੱਡ ਕੁਆਰਟਰ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ''ਓਲੰਪਿਕ ਅਜੇ ਇਸ ਲਿਹਾਜ਼ ਤੋਂ ਬਹੁਤ ਦੂਰ ਹੈ ਕਿ ਇਸ ਦੇ ਆਯੋਜਨ 'ਤੇ ਹੋਣ ਵਾਲੇ ਅਸਰ ਨੂੰ ਲੈ ਕੇ ਕੋਈ ਸੁਝਾਅ ਦਿੱਤਾ ਜਾਵੇ। ਅਸੀਂ ਇਸ ਸਬੰਧ ਵਿਚ ਫੈਸਲਾ ਲੈਮ ਲਈ ਇੱਥੇ ਹਾਜ਼ਰ ਨਹੀਂ ਹਾਂ।''
ਡਬਯੂ. ਐੱਚ. ਓ. ਕੋਰੋਨਾ ਵਾਇਰਸ ਦੇ ਫੈਲਣ ਤੋਂ ਬਾਅਦ ਕੌਮਾਂਤਰੀ ਓਲੰਪਿਕ ਕਮੇਟੀ ਦੇ ਨਾਲ ਲਗਾਤਾਰ ਸੰਪਰਕ ਵਿਚ ਹੈ। ਰਿਆਨ ਨੇ ਕਿਹਾ, ''ਅਸੀਂ ਉਨ੍ਹਾਂ ਨੂੰ ਫੈਸਲਾ ਨਹੀਂ ਸੁਣਾਉਂਦੇ ਹਾਂ। ਅਸੀਂ ਜੋਖਮ ਦੇ ਮੁਲਾਂਕਣ ਵਿਚ ਉਸਦਾ ਸਾਥ ਦਿੰਦੇ ਹਾਂ। ਅਸੀਂ ਆਉਣ ਵਾਲੇ ਹਫਤਿਆਂ ਅਤੇ ਮਹੀਨਿਆਂ ਵਿਚ ਉਨ੍ਹਾਂ ਨਾਲ ਮਿਲ ਕੇ ਕੰਮ ਕਰਾਂਗੇ।''
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ ਚੀਨ ਵਿਚ ਮਰਨ ਵਾਲਿਆਂ ਦੀ ਗਿਣਤੀ ਮੰਗਲਵਾਰ ਨੂੰ 1900 ਦੇ ਕਰੀਬ ਪਹੁੰਚ ਚੁੱਕੀ ਹੈ। ਇਸ ਨਾਲ ਅਜੇ ਤਕ 72000 ਤੋਂ ਵੱਧ ਲੋਕ ਪ੍ਰਭਾਵਿਤ ਹਨ। ਇਸ ਵਾਇਰਸ ਕਾਰਨ ਚੀਨ ਵਿਚ ਓਲੰਪਿਕ ਕੁਆਲੀਫਾਇਰ ਸਣੇ ਖੇਡ ਦੇ ਕਈ ਪ੍ਰੋਗਰਾਮ ਜਾਂ ਤਾਂ ਰੱਦ ਜਾਂ ਮੁਅੱਤਲ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਕਈ ਈਵੈਂਟਸ ਦਾ ਆਯੋਜਨ ਕਿਸੇ ਹਰ ਦੇਸ਼ ਵਿਚ ਕੀਤਾ ਗਿਆ ਹੈ। ਚੀਨ ਨੇ ਪਿਛਲੇ ਓਲੰਪਿਕ ਵਿਚ 400 ਤੋਂ ਵੱਧ ਖਿਡਾਰੀਆਂ ਦਾ ਦਲ ਭੇਜਿਆ ਸੀ ਅਤੇ ਉਸ ਨੇ 26 ਸੋਨ ਤਮਗਿਆਂ ਸਣੇ 70 ਤਮਗੇ ਜਿੱਤੇ ਸੀ। ਚੀਨ ਤੋਂ ਬਾਹਰ ਜਾਪਾਨ ਹੀ ਇਸ ਵਾਇਰਸ ਕਾਰਨ ਹੀ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ।