IND vs BAN: ਰਿਸ਼ਭ ਪੰਤ ਦੀ ਲੈਅ 'ਚ ਵਾਪਸੀ, ਛੱਕਿਆਂ ਅਤੇ ਦੌੜਾਂ ਦੇ ਮਾਮਲੇ 'ਚ ਹਾਸਲ ਕੀਤੀ ਵੱਡੀ ਉਪਲੱਬਧੀ
Wednesday, Dec 14, 2022 - 03:39 PM (IST)
ਸਪੋਰਟਸ ਡੈਸਕ— ਪਿਛਲੇ ਕੁਝ ਦਿਨਾਂ ਤੋਂ ਆਪਣੀ ਖਰਾਬ ਬੱਲੇਬਾਜ਼ੀ ਲਈ ਆਲੋਚਨਾਵਾਂ ਦਾ ਸਾਹਮਣਾ ਕਰ ਰਹੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਆਖਰਕਾਰ ਬੱਲੇਬਾਜ਼ੀ 'ਚ ਆਪਣੀ ਲੈਅ ਹਾਸਲ ਕਰ ਲਈ ਹੈ। ਉਸ ਨੇ ਛੱਕਿਆਂ ਦੇ ਮਾਮਲੇ 'ਚ ਹੀ ਨਹੀਂ, ਸਗੋਂ ਦੌੜਾਂ ਦੇ ਮਾਮਲੇ 'ਚ ਵੀ ਖਾਸ ਉਪਲੱਬਧੀ ਹਾਸਲ ਕੀਤੀ। ਦਰਅਸਲ, ਪੰਤ 14 ਦਸੰਬਰ ਬੁੱਧਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਵਿੱਚ 4000 ਦੌੜਾਂ ਬਣਾਉਣ ਵਾਲੇ ਦੂਜੇ ਭਾਰਤੀ ਵਿਕਟਕੀਪਰ ਬਣ ਗਏ ਹਨ। ਜ਼ਹੂਰ ਅਹਿਮਦ ਚੌਧਰੀ ਸਟੇਡੀਅਮ 'ਚ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਖੇਡੇ ਜਾ ਰਹੇ ਪਹਿਲੇ ਟੈਸਟ ਦੇ ਪਹਿਲੇ ਦਿਨ ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਇਹ ਉਪਲਬਧੀ ਹਾਸਲ ਕੀਤੀ।
ਸਰਵੋਤਮ ਪੱਧਰ 'ਤੇ 4000 ਤੋਂ ਵੱਧ ਦੌੜਾਂ ਬਣਾਉਣ ਵਾਲੇ ਐੱਮ.ਐੱਸ. ਧੋਨੀ ਭਾਰਤ ਦੇ ਇਕ ਹੋਰ ਅਜਿਹੇ ਵਿਕਟਕੀਪਰ ਹਨ। 535 ਅੰਤਰਰਾਸ਼ਟਰੀ ਮੈਚਾਂ ਵਿੱਚ, ਧੋਨੀ ਨੇ 15 ਸੈਂਕੜੇ ਅਤੇ 108 ਅਰਧ ਸੈਂਕੜੇ ਦੀ ਮਦਦ ਨਾਲ 44.74 ਦੀ ਔਸਤ ਨਾਲ 17092 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਪੰਤ ਨੇ 128 ਮੈਚਾਂ ਵਿੱਚ 33.78 ਦੀ ਔਸਤ ਨਾਲ ਅਜੇਤੂ 159 ਦੇ ਸਰਵੋਤਮ ਸਕੋਰ ਨਾਲ 4021 ਦੌੜਾਂ ਬਣਾਈਆਂ ਹਨ। ਟੀਮ ਦੇ ਮਨੋਨੀਤ ਵਿਕਟਕੀਪਰ ਦੇ ਤੌਰ 'ਤੇ ਪੰਤ ਨੇ 109 ਮੈਚਾਂ ਵਿੱਚ ਛੇ ਸੈਂਕੜੇ ਅਤੇ 15 ਅਰਧ ਸੈਂਕੜਿਆਂ ਦੀ ਮਦਦ ਨਾਲ 3651 ਦੌੜਾਂ ਬਣਾਈਆਂ ਹਨ।
ਇਸ ਤੋਂ ਇਲਾਵਾ ਪੰਤ ਦੇ ਟੈਸਟ ਕ੍ਰਿਕਟ 'ਚ 50 ਛੱਕੇ ਵੀ ਪੂਰੇ ਹੋ ਚੁੱਕੇ ਹਨ। ਉਸ ਨੇ ਬੰਗਲਾਦੇਸ਼ ਖਿਲਾਫ ਪਹਿਲੀ ਪਾਰੀ 'ਚ 2 ਛੱਕੇ ਜੜੇ ਅਤੇ ਇਹ ਅੰਕੜਾ ਹਾਸਲ ਕੀਤਾ। ਉਸ ਨੇ ਜਾਵੇਦ ਮੀਆਂਦਾਦ, ਇੰਜ਼ਮਾਮ-ਉਲ-ਹੱਕ ਅਤੇ ਡੀ ਸਿਲਵਾ ਨੂੰ ਪਛਾੜ ਦਿੱਤਾ, ਜਿਨ੍ਹਾਂ ਨੇ ਟੈਸਟ ਵਿੱਚ 48-48 ਛੱਕੇ ਲਗਾਏ ਸਨ। ਬੁੱਧਵਾਰ ਨੂੰ ਪੰਤ ਨੇ 45 ਗੇਂਦਾਂ ਵਿੱਚ ਛੇ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 46 ਦੌੜਾਂ ਬਣਾਈਆਂ। ਉਹ ਚੇਤੇਸ਼ਵਰ ਪੁਜਾਰਾ ਦੇ ਨਾਲ ਚੌਥੀ ਵਿਕਟ ਲਈ 64 ਦੌੜਾਂ ਦੀ ਸਾਂਝੇਦਾਰੀ ਕਰਦੇ ਹੋਏ ਉਸ ਸਮੇਂ ਟੀਮ ਨੂੰ ਸੰਭਾਲਦੇ ਦਿਖੇ ਜਦੋਂ ਭਾਰਤ ਨੇ ਸ਼ੁਭਮਨ ਗਿੱਲ, ਕੇਐਲ ਰਾਹੁਲ ਅਤੇ ਵਿਰਾਟ ਕੋਹਲੀ ਦੀਆਂ ਸ਼ੁਰੂਆਤੀ ਵਿਕਟਾਂ ਤੇਜ਼ੀ ਨਾਲ ਗੁਆ ਦਿੱਤੀਆਂ।
ਪੰਤ ਮੇਹਿਦੀ ਹਸਨ ਮਿਰਾਜ ਖਿਲਾਫ ਹਮਲਾਵਾਰ ਬੱਲੇਬਾਜੀ ਕਰਨ ਦੀ ਕੋਸ਼ਿਸ਼ ਕਰਦੇ ਹੋਏ ਆਊਟ ਹੋਏ। ਜ਼ਿਕਰਯੋਗ ਹੈ ਕਿ ਮੇਹਿਦੀ ਹਸਨ ਨੇ ਬੰਗਲਾਦੇਸ਼ ਨੂੰ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 2-1 ਨਾਲ ਜਿੱਤਾਉਣ 'ਚ ਅਹਿਮ ਨਿਭਾਉਂਦੇ ਹੋਏ ਪਲੇਅਰ ਆਫ ਦਿ ਸੀਰੀਜ਼ ਦਾ ਪੁਰਸਕਾਰ ਜਿੱਤਿਆ ਸੀ। ਸ਼ਾਕਿਬ ਅਲ ਹਸਨ ਦੀ ਕਪਤਾਨੀ ਵਾਲੇ ਬੰਗਲਾਦੇਸ਼ ਨੇ ਪਹਿਲੇ ਸੈਸ਼ਨ ਵਿੱਚ ਤਿੰਨ ਵਿਕਟਾਂ ਲਈਆਂ ਅਤੇ ਦੂਜੇ ਸੈਸ਼ਨ ਦੀ ਸ਼ੁਰੂਆਤ ਵਿੱਚ ਮੇਜ਼ਬਾਨ ਲਈ ਮੇਹਦੀ ਨੇ ਇੱਕ ਵਿਕਟ ਹਾਸਲ ਕੀਤੀ। ਪੰਤ ਨੇ 2017 ਵਿੱਚ ਆਪਣੇ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਸ਼ੁਰੂ ਵਿੱਚ ਉਹ ਕੁਝ ਖਾਸ ਨਹੀਂ ਕਰ ਸਕੇ ਸਨ, ਪਰ ਬਾਅਦ 'ਚ ਉਸ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸ਼ਾਨਦਾਰ ਬੱਲੇਬਾਜ਼ੀ ਨਾਲ ਸਹੀ ਅਰਥਾਂ 'ਚ ਆਪਣਾ ਇਕ ਖਾਸ ਸਥਾਨ ਬਣਾ ਲਿਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।