IPL 2021 : ਰਿਸ਼ਭ ਪੰਤ ਬਣੇ ਦਿੱਲੀ ਕੈਪੀਟਲਸ ਦੇ ਕਪਤਾਨ, ਸ਼੍ਰੇਅਸ ਅਈਅਰ ਟੂਰਨਾਮੈਂਟ ਤੋਂ ਬਾਹਰ
Wednesday, Mar 31, 2021 - 05:48 PM (IST)
ਸਪੋਰਟਸ ਡੈਸਕ— ਟੀਮ ਇੰਡੀਆ ਦੇ ਧਮਾਕੇਦਾਰ ਬੱਲੇਬਾਜ਼ ਤੇ ਵਿਕਟਕੀਪਰ ਰਿਸ਼ਭ ਪੰਤ ਨੂੰ ਦਿੱਲੀ ਕੈਪੀਟਲਸ ਨੇ ਇੰਡੀਅਨ ਪ੍ਰੀਮੀਅਰ ਲੀਗ 2021 (ਆਈ. ਪੀ. ਐੱਲ.) ’ਚ ਆਪਣੀ ਟੀਮ ਦੀ ਕਪਤਾਨੀ ਸੌਪੀ ਹੈ। ਸ਼੍ਰੇਅਸ ਅਈਅਰ ਨੂੰ ਸੱਟ ਕਾਰਨ 3-4 ਮਹੀਨੇ ਤਕ ਖੇਡ ਦੇ ਮੈਦਾਨ ਤੋਂ ਦੂਰ ਰਹਿਣਾ ਹੋਵੇਗਾ। ਇਸ ਦੇ ਚਲਦੇ ਸ਼੍ਰੇਅਸ ਅਈਅਰ ਆਈ. ਪੀ. ਐੱਲ. ਦੇ 2021 ਦੇ ਸੀਜ਼ਨ ਤੋਂ ਬਾਹਰ ਹੋ ਗਏ ਹਨ। ਇਸੇ ਕਾਰਨ ਰਿਸ਼ਭ ਪੰਤ ਨੂੰ ਇਹ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਦਿੱਲੀ ਕੈਪੀਟਲਸ ਦੇ ਹੈੱਡ ਕੋਚ ਰਿੱਕੀ ਪੋਂਟਿੰਗ ਨੇ ਪੰਤ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪੰਤ ਨੂੰ ਕਪਤਾਨ ਬਣਾਉਣ ਦਾ ਵੱਡਾ ਫ਼ੈਸਲਾ ਆਸਟਰੇਲੀਆ ਤੇ ਇੰਗਲੈਂਡ ਸੀਰੀਜ਼ ’ਚ ਉਸ ਦੇ ਦਮਦਾਰ ਪ੍ਰਦਰਸ਼ਨ ਕਾਰਨ ਲਿਆ ਗਿਆ ਹੈ। ਪੋਟਿੰਗ ਨੇ ਕਿਹਾ, ‘‘ਇਹ ਰਿਸ਼ਭ ਪੰਤ ਲਈ ਬੇਮਿਸਾਲ ਮੌਕਾ ਹੈ ਜੋ ਕਿ ਅਜੇ ਆਸਟਰੇਲੀਆ ਤੇ ਇੰਗਲੈਂਡ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਤਮਵਿਸ਼ਵਾਸ ਨਾਲ ਭਰੇ ਹੋਏ ਹਨ। ਉਨ੍ਹਾਂ ਦਾ ਪ੍ਰਦਰਸ਼ਨ ਇਸ ਨਵੀਂ ਭੂਮਿਕਾ ਦੇ ਲਈ ਉਨ੍ਹਾਂ ਨੂੰ ਵਿਸ਼ਵਾਸ ਦੇਵੇਗਾ।’’
ਇਹ ਵੀ ਪੜ੍ਹੋ : ਕ੍ਰਿਕਟ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ, ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਇਹ ਸਟਾਰ ਖਿਡਾਰਨ ਹੋਈ ਕੋਰੋਨਾ ਪਾਜ਼ੇਟਿਵ
ਰਿਸ਼ਭ ਪੰਤ ਦਾ ਦਿੱਲੀ ਕੈਪੀਟਲਸ ਲਈ ਬਿਹਤਰੀਨ ਰਿਕਾਰਡ
ਜ਼ਿਕਰਯੋਗ ਹੈ ਕਿ ਰਿਸ਼ਭ ਪੰਤ ਨੇ ਸਾਲ 2016 ’ਚ ਆਈ. ਪੀ. ਐੱਲ. ਡੈਬਿਊ ਕੀਤਾ ਸੀ ਤੇ ਦਿੱਲੀ ਕੈਪੀਟਲਸ ਨੇ ਇਸ ਧਾਕੜ ਖਿਡਾਰੀ ’ਤੇ ਬਾਜ਼ੀ ਲਗਾਈ ਸੀ। ਪੰਤ ਨੇ ਦਿੱਲੀ ਕੈਪੀਟਲਸ ਦੇ ਭਰੋਸੇ ਨੂੰ ਸਹੀ ਸਾਬਤ ਕੀਤਾ। ਪੰਤ ਦਿੱਲੀ ਲਈ 68 ਮੈਚਾਂ ’ਚ 35.23 ਦੀ ਬਿਹਤਰੀਨ ਔਸਤ ਨਾਲ 2079 ਦੌੜਾਂ ਬਣਾ ਚੁੱਕੇ ਹਨ। ਪੰਤ ਦਾ ਸਟ੍ਰਾਈਕ ਰੇਟ 151.97 ਹੈ ਜੋ ਕਿ ਬੇਹੱਦ ਸ਼ਾਨਦਾਰ ਹੈ। ਨਾਲ ਹੀ ਪੰਤ ਨੇ ਸਾਲ 2018 ’ਚ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਅਜੇਤੂ 128 ਦੌੜਾਂ ਦੀ ਪਾਰੀ ਖੇਡੀ ਸੀ ਜੋ ਕਿ ਉਨ੍ਹਾਂ ਦਾ ਸਰਵਸ੍ਰੇਸ਼ਠ ਸਕੋਰ ਵੀ ਹੈ। ਪੰਤ ਆਈ. ਪੀ. ਐੱਲ. ’ਚ 12 ਅਰਧ ਸੈਂਕੜੇ ਵੀ ਲਾ ਚੁੱਕੇ ਹਨ। ਪੰਤ ਦੇ ਬੱਲੇ ਤੋਂ ਆਈ. ਪੀ. ਐੱਲ. ’ਚ 103 ਛੱਕੇ ਨਿਕਲੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।