ਰਿਸ਼ਭ ਪੰਤ ਕਾਰ ਹਾਦਸਾ: ਬੱਸ ਡਰਾਈਵਰ ਨੇ ਦੇਖਿਆ ਲਾਈਵ ਐਕਸੀਡੈਂਟ, ਕਿਹਾ- 'ਮੈਨੂੰ ਲੱਗਾ ਉਸ ਦੀ ਹੋ ਗਈ ਹੈ ਮੌਤ'

Friday, Dec 30, 2022 - 11:39 PM (IST)

ਸਪੋਰਟਸ ਡੈਸਕ : ਭਾਰਤ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਅੱਜ (ਵੀਰਵਾਰ) ਸਵੇਰੇ ਕਰੀਬ 5.30 ਵਜੇ ਹਾਦਸੇ ਦਾ ਸ਼ਿਕਾਰ ਹੋ ਗਏ ਤੇ ਉਨ੍ਹਾਂ ਦੇ ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ 'ਤੇ ਗੰਭੀਰ ਸੱਟਾਂ ਲੱਗੀਆਂ। ਪੰਤ ਦਿੱਲੀ ਤੋਂ ਰੁੜਕੀ ਦੇ ਰਸਤੇ ਘਰ ਜਾ ਰਿਹਾ ਸੀ ਕਿ ਤੇਜ਼ ਰਫਤਾਰ ਨਾਲ ਉਸ ਦੀ ਗੱਡੀ ਡਿਵਾਈਡਰ ਨਾਲ ਟਕਰਾ ਗਈ। ਇਸ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ ਪਰ ਪੰਤ ਨੇ ਆਪਣੇ ਹੋਸ਼ ਗੁਆਏ ਬਿਨਾਂ ਕਾਰ ਦਾ ਸ਼ੀਸ਼ਾ ਤੋੜ ਦਿੱਤਾ ਅਤੇ ਬਾਹਰ ਆ ਗਿਆ, ਜਿਸ ਨਾਲ ਉਹ ਵਾਲ-ਵਾਲ ਬਚ ਗਿਆ। ਰਿਸ਼ਭ ਪੰਤ ਨੂੰ ਦੇਹਰਾਦੂਨ ਦੇ ਮੈਕਸ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਦੇ ਨਾਲ ਹੀ ਹਾਦਸੇ ਨੂੰ ਦੇਖਣ ਵਾਲੇ ਬੱਸ ਡਰਾਈਵਰ ਦਾ ਬਿਆਨ ਵੀ ਸਾਹਮਣੇ ਆਇਆ ਹੈ, ਜਿਸ ਨੇ ਘਟਨਾ ਦੀ ਸਾਰੀ ਸਥਿਤੀ ਬਿਆਨ ਕੀਤੀ ਹੈ।

ਇਹ ਵੀ ਪੜ੍ਹੋ : ਸਾਬਕਾ CM ਚੰਨੀ ਨੇ ਪ੍ਰਗਟਾਇਆ ਖ਼ਦਸ਼ਾ, ਕਿਹਾ- "ਮੈਨੂੰ ਅੰਦਰ ਕਰਨ ਦੀ ਹੋ ਰਹੀ ਸਾਜ਼ਿਸ਼"

ਹਰਿਆਣਾ ਰੋਡਵੇਜ਼ ਦੇ ਡਰਾਈਵਰ ਸੁਸ਼ੀਲ ਕੁਮਾਰ ਨੇ ਮੀਡੀਆ ਹਾਊਸ ਨੂੰ ਦੱਸਿਆ ਕਿ ਮੈਂ ਸਵੇਰੇ 4.25 ਵਜੇ ਹਰਿਦੁਆਰ ਤੋਂ ਨਿਕਲਿਆ ਤਾਂ ਦਿੱਲੀ ਤੋਂ ਆ ਰਹੀ ਇਕ ਕਾਰ ਡਿਵਾਈਡਰ ਨਾਲ ਟਕਰਾ ਕੇ ਦੂਜੇ ਪਾਸੇ ਆ ਗਈ। ਮੈਂ ਬੱਸ ਦੀਆਂ ਬ੍ਰੇਕਾਂ ਲਗਾ ਕੇ ਤੁਰੰਤ ਬਾਹਰ ਨਿਕਲਿਆ ਤਾਂ ਦੇਖਿਆ ਕਿ ਇਕ ਆਦਮੀ ਕਾਰ 'ਚੋਂ ਅੱਧਾ ਬਾਹਰ ਸੀ। ਡਰਾਈਵਰ ਨੇ ਕਿਹਾ ਕਿ ਮੈਂ ਸੋਚਿਆ ਕਿ ਉਹ ਮਰ ਗਿਆ ਹੈ ਪਰ ਉਹ ਜ਼ਿੰਦਾ ਸੀ। ਮੈਂ ਉਸ ਨੂੰ ਪੁੱਛਿਆ, ਕੋਈ ਹੋਰ ਕਾਰ ਵਿੱਚ ਤਾਂ ਨਹੀਂ ਹੈ? ਉਸ ਨੇ ਕਿਹਾ, ਨਹੀਂ ਮੈਂ ਇਕੱਲਾ ਹਾਂ ਤੇ ਆਪਣਾ ਨਾਂ ਦੱਸਿਆ।

ਇਹ ਵੀ ਪੜ੍ਹੋ : UAE : ਸਰਕਾਰੀ ਕਰਮਚਾਰੀਆਂ ਨੂੰ ਆਪਣਾ ਬਿਜ਼ਨੈੱਸ ਸ਼ੁਰੂ ਕਰਨ ਲਈ ਮਿਲੇਗੀ ਇਕ ਸਾਲ ਦੀ ਛੁੱਟੀ, 50% ਸੈਲਰੀ ਵੀ

ਉਕਤ ਡਰਾਈਵਰ ਨੇ ਅੱਗੇ ਦੱਸਿਆ ਕਿ ਮੈਂ ਪੰਤ ਨੂੰ ਕਾਰ 'ਚੋਂ ਬਾਹਰ ਕੱਢ ਕੇ ਡਿਵਾਈਡਰ 'ਤੇ ਲੇਟਣ ਲਈ ਕਿਹਾ ਪਰ ਉਹ ਖੁਦ ਹੀ ਖੜ੍ਹਾ ਹੋ ਗਿਆ। ਉਸ ਦੇ ਸਰੀਰ 'ਤੇ ਕੋਈ ਕੱਪੜਾ ਨਹੀਂ ਸੀ, ਇਸ ਲਈ ਮੈਂ ਉਸ ਨੂੰ ਚਾਦਰ ਦਿੱਤੀ। ਉਹ ਇਕ ਲੱਤ ਤੋਂ ਲੰਗੜਾ ਵੀ ਰਿਹਾ ਸੀ। ਇਸ ਤੋਂ ਬਾਅਦ ਮੈਂ ਪੁਲਸ ਅਤੇ ਨੈਸ਼ਨਲ ਹਾਈਵੇਅ ਦੇ ਲੋਕਾਂ ਨੂੰ ਸੂਚਿਤ ਕੀਤਾ। ਬੀਸੀਸੀਆਈ ਨੇ ਪੰਤ ਬਾਰੇ ਇਕ ਅਪਡੇਟ ਜਾਰੀ ਕਰਦਿਆਂ ਕਿਹਾ ਹੈ ਕਿ ਰਿਸ਼ਭ ਦੇ ਮੱਥੇ 'ਤੇ 2 ਕੱਟ ਲੱਗੇ ਹਨ, ਉਸ ਦੇ ਸੱਜੇ ਗੋਡੇ ਦਾ ਲਿਗਾਮੈਂਟ ਟੁੱਟ ਗਿਆ ਹੈ ਅਤੇ ਉਸ ਦੇ ਸੱਜੇ ਗੁੱਟ, ਗਿੱਟੇ, ਪੈਰ ਦੇ ਅੰਗੂਠੇ ਅਤੇ ਪਿੱਠ 'ਤੇ ਵੀ ਸੱਟ ਲੱਗੀ ਹੈ। ਰਿਸ਼ਭ ਦੀ ਹਾਲਤ ਸਥਿਰ ਬਣੀ ਹੋਈ ਹੈ ਅਤੇ ਉਸ ਨੂੰ ਹੁਣ ਮੈਕਸ ਹਸਪਤਾਲ ਦੇਹਰਾਦੂਨ ਭੇਜ ਦਿੱਤਾ ਗਿਆ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News