CWC 2019 : ਰਿਸ਼ਭ ਪੰਤ ਦੇ ਇੰਡੀਅਨ ਡਰੈਸਿੰਗ ਰੂਮ ''ਚ ਦਾਖਲ ਹੋਣ ''ਤੇ ਰੋਕ, ਜਾਣੋ ਕਾਰਨ
Thursday, Jun 13, 2019 - 03:03 PM (IST)
 
            
            ਸਪੋਰਟਸ ਡੈਸਕ— ਇੰਗਲੈਂਡ 'ਚ ਚਲ ਰਹੇ ਕ੍ਰਿਕਟ ਵਰਲਡ ਕੱਪ ਲਈ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਇੰਗਲੈਂਡ ਬੁਲਾ ਲਿਆ ਗਿਆ ਹੈ। ਉਨ੍ਹਾਂ ਨੂੰ ਸੱਟ ਦਾ ਸ਼ਿਕਾਰ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੇ ਕਵਰ ਦੇ ਤੌਰ 'ਤੇ ਬੁਲਾਇਆ ਗਿਆ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸ਼ਿਖਰ ਧਵਨ ਦੇ ਵਰਲਡ ਕੱਪ ਤੋਂ ਪੂਰੀ ਤਰ੍ਹਾਂ ਬਾਹਰ ਨਹੀਂ ਹੋਣ ਤਕ ਪੰਤ ਨੂੰ ਇੰਡੀਅਨ ਡਰੈਸਿੰਗ ਰੂਮ 'ਚ ਜਾਣ ਦਾ ਮੌਕਾ ਨਹੀਂ ਮਿਲੇਗਾ। 

ਪੰਤ ਪਾਕਿਸਤਾਨ ਨਾਲ 16 ਜੂਨ ਨੂੰ ਹੋਣ ਵਾਲੇ ਹਾਈ ਵੋਲਟੇਜ ਮੁਕਾਬਲੇ ਤੋਂ ਪਹਿਲਾਂ ਮੈਨਚੈਸਟਰ 'ਚ ਟੀਮ ਨਾਲ ਜੁੜਨਗੇ। ਇੰਗਲੈਂਡ ਦੌਰੇ 'ਤੇ ਆਏ ਬੀ.ਸੀ.ਸੀ.ਆਈ. ਦੇ ਇਕ ਅਧਿਕਾਰੀ ਨੇ ਪੱਤਰਕਾਰਾਂ ਨੰ ਕਿਹਾ, ਟੀਮ ਮੈਨੇਜਮੈਂਟ ਦੀ ਬੇਨਤੀ 'ਤੇ ਰਿਸ਼ਭ ਪੰਤ ਨੂੰ ਕਵਰ ਦੇ ਤੌਰ 'ਤੇ ਭਾਰਤ ਤੋਂ ਬੁਲਾਇਆ ਗਿਆ ਹੈ।'' ਬਾਕੀ ਟੂਰਨਾਮੈਂਟ 'ਚ ਧਵਨ ਦੀ ਉਪਲਬਧਤਾ ਨੂੰ ਲੈ ਕੇ ਟੀਮ ਮੈਨੇਜਮੈਂਟ ਦੇ ਆਖਰੀ ਫੈਸਲਾ ਨਹੀਂ ਕਰਨ ਤਕ ਉਨ੍ਹਾਂ ਨੂੰ ਬਦਲ ਦੇ ਤੌਰ 'ਤੇ ਟੀਮ ਨਾਲ ਨਹੀਂ ਜੋੜਿਆ ਜਾਵੇਗਾ। ਪੰਤ ਨੇ ਪਿਛਲੇ ਇਕ ਸਾਲ ਤੋਂ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਇੰਗਲੈਂਡ ਅਤੇ ਆਸਟਰੇਲੀਆ 'ਚ ਟੈਸਟ ਮੈਚਾਂ 'ਚ ਸੈਂਕੜੇ ਵੀ ਲਗਾਏ ਅਤੇ ਪਿਛਲੇ ਮਹੀਨੇ ਆਈ.ਪੀ.ਐੱਲ. ਦੇ ਦੌਰਾਨ ਚੰਗੀ ਫਾਰਮ 'ਚ ਸਨ।

ਬੀ.ਸੀ.ਸੀ.ਆਈ. ਸੂਤਰਾਂ ਤੋਂ ਪਤਾ ਲੱਗਾ ਹੈ ਕਿ 2015 ਵਰਲਡ ਕੱਪ 'ਚ ਧਵਲ ਕੁਲਕਰਣੀ ਦੀ ਤਰ੍ਹਾਂ ਪੰਤ ਰਸਮੀ ਤੌਰ 'ਤੇ ਟੀਮ ਦਾ ਹਿੱਸਾ ਨਹੀਂ ਹੋਣਗੇ ਅਤੇ ਮੈਚ ਦੇ ਦਿਨ ਉਨ੍ਹਾਂ ਨੂੰ ਡ੍ਰੈਸਿੰਗ ਰੂਮ 'ਚ ਜਾਣ ਦਾ ਮੌਕਾ ਨਹੀਂ ਮਿਲੇਗਾ। ਇਕ ਸੂਤਰ ਨੇ ਪੱਤਰਕਾਰਾਂ ਨੂੰ ਕਿਹਾ, ''ਧਵਨ ਵਰਲਡ ਕੱਪ ਤੋਂ ਬਾਹਰ ਨਹੀਂ ਹੋਏ ਹਨ ਅਜਿਹੇ 'ਚ ਉਨ੍ਹਾਂ ਦੀ ਜਗ੍ਹਾ ਕਿਸੇ ਨੂੰ ਨਹੀਂ ਲਿਆ ਜਾ ਸਕਦਾ ਹੈ। ਪੰਤ ਨੂੰ ਬਦਲ ਦੇ ਤੌਰ 'ਤੇ ਰਖਿਆ ਗਿਆ ਹੈ। ਪਰ ਉਹ ਟੀਮ ਦੇ ਨਾਲ ਨਹੀਂ ਚਲ ਸਕਦੇ। ਉਹ ਬਦਲਵੇਂ ਖਿਡਾਰੀ ਖਲੀਲ ਅਹਿਮਦ ਦੇ ਨਾਲ ਅਲਗ ਤੋਂ ਯਾਤਰਾ ਕਰਨਗੇ ਕਿਉਂਕਿ ਆਈ.ਸੀ.ਸੀ. ਦੇ ਭ੍ਰਿਸ਼ਟਾਚਾਰ ਰੋਕੂ ਨਿਯਮਾਂ ਦੇ ਮੁਤਾਬਕ ਸਿਰਫ ਚੁਣੇ ਹੋਏ ਖਿਡਾਰੀ ਹੀ ਟੀਮ ਦੇ ਨਾਲ ਯਾਤਰਾ ਕਰ ਸਕਦੇ ਹਨ ਅਤੇ ਡਰੈਸਿੰਗ ਰੂਮ 'ਚ ਜਾ ਸਕਦੇ ਹਨ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            