ICC Ranking:ਰਿਚਾ ਨੇ ਹਾਸਲ ਕੀਤੀ ਕਰੀਅਰ ਦੀ ਸਰਵੋਤਮ ਰੈਂਕਿੰਗ, ਟੌਪ-20 ਬੱਲੇਬਾਜ਼ਾਂ ''ਚ 5 ਭਾਰਤੀ ਖਿਡਾਰੀ ਸ਼ਾਮਲ
Wednesday, Feb 22, 2023 - 02:00 PM (IST)
ਦੁਬਈ (ਭਾਸ਼ਾ)– ਭਾਰਤ ਦੀ ਵਿਕਟਕੀਪਰ-ਬੱਲੇਬਾਜ਼ ਰਿਚਾ ਘੋਸ਼ ਦੱਖਣੀ ਅਫਰੀਕਾ ਵਿਚ ਚੱਲ ਰਹੇ ਸਭ ਤੋਂ ਛੋਟੇ ਸਵਰੂਪ ਦੇ ਵਿਸ਼ਵ ਕੱਪ ਵਿਚ ਕੁਝ ਚੰਗੀਆਂ ਪਾਰੀਆਂ ਦੀ ਬਦੌਲਤ ਮੰਗਲਵਾਰ ਨੂੰ ਤਾਜ਼ਾ ਆਈ. ਸੀ. ਸੀ. ਮਹਿਲਾ ਟੀ-20 ਰੈਂਕਿੰਗ ਵਿਚ 16 ਸਥਾਨਾਂ ਦੀ ਛਲਾਂਗ ਲਗਾ ਕੇ ਪਹਿਲੀ ਵਾਰ ਬੱਲੇਬਾਜ਼ੀ ਰੈਂਕਿੰਗ ਵਿਚ ਟਾਪ-20 ਵਿਚ ਪਹੁੰਚ ਗਈ। ਮਹਿਲਾ ਟੀ-20 ਵਿਸ਼ਵ ਕੱਪ ਵਿਚ ਵੈਸਟਇੰਡੀਜ਼ ਵਿਰੁੱਧ 41 ਤੇ ਇੰਗਲੈਂਡ ਵਿਰੁੱਧ 47 ਦੌੜਾਂ ਦੀਆਂ ਅਜੇਤੂ ਪਾਰੀਆਂ ਨੇ ਰਿਚਾ ਨੂੰ ਕਰੀਅਰ ਦੇ ਸਰਵਸ੍ਰੇਸ਼ਠ 20ਵੇਂ ਸਥਾਨ ’ਤੇ ਪਹੁੰਚਾ ਦਿੱਤਾ। ਉਹ ਸਮ੍ਰਿਤੀ ਮੰਧਾਨਾ (ਤੀਜੇ), ਸ਼ੈਫਾਲੀ ਵਰਮਾ (10ਵੇਂ), ਜੇਮਿਮਾ ਰੋਡ੍ਰਿਗੇਜ਼ (12ਵੇਂ) ਤੇ ਹਰਮਨਪ੍ਰੀਤ ਕੌਰ (13ਵੇਂ) ਤੋਂ ਬਾਅਦ ਟਾਪ-20 ਵਿਚ ਜਗ੍ਹਾ ਬਣਾਉਣ ਵਾਲੀ 5ਵੀਂ ਭਾਰਤੀ ਬੱਲੇਬਾਜ਼ ਹੈ। ਨਿਊਜ਼ੀਲੈਂਡ ਦੀ ਆਲਰਾਊਂਡਰ ਅਮੇਲੀਆ ਕੇਰ ਤੇ ਪਾਕਿਸਤਾਨ ਦੀ ਮੁਨੀਬਾ ਅਲੀ ਕਰੀਅਰ ਦੀ ਸਰਵਸ੍ਰੇਸ਼ਠ ਰੈਂਕਿੰਗ ਹਾਸਲ ਕਰਨ ਵਾਲੀਆਂ ਹੋਰ ਬੱਲੇਬਾਜ਼ ਹਨ। ਪਾਰਲ ਵਿਚ ਸ਼੍ਰੀਲੰਕਾ ਵਿਰੁੱਧ ਮੈਚ ਵਿਚ ਜੇਤੂ 66 ਦੌੜਾਂ ਦੀ ਪਾਰੀ ਖੇਡਣ ਵਾਲੀ ਕੇਰ 16ਵੇਂ ਸਥਾਨ ’ਤੇ ਹੈ। ਪਾਕਿਸਤਾਨ ਦੀ ਖੱਬੇ ਹੱਥ ਦੀ ਸਲਾਮੀ ਬੱਲੇਬਾਜ਼ ਮੁਨੀਬਾ ਟੀ-20 ਸੈਂਕੜਾ ਲਾਉਣ ਵਾਲੀ ਆਪਣੇ ਦੇਸ਼ ਦੀ ਪਹਿਲੀ ਮਹਿਲਾ ਬਣਨ ਤੋਂ ਬਾਅਦ 10 ਸਥਾਨਾਂ ਦੀ ਛਲਾਂਗ ਨਾਲ ਕਰੀਅਰ ਦੇ ਸਰਵਸ੍ਰੇਸ਼ਠ 64ਵੇਂ ਸਥਾਨ ’ਤੇ ਪਹੁੰਚ ਗਈ ਹੈ।
ਗੇਂਦਬਾਜ਼ਾਂ ਵਿਚ ਵੀ ਕੇਰ 3 ਸਥਾਨਾਂ ਦੇ ਫਾਇਦੇ ਨਾਲ 13ਵੇਂ ਸਥਾਨ ’ਤੇ ਪਹੁੰਚ ਗਈ ਹੈ। ਬੰਗਲਾਦੇਸ਼ ਵਿਰੁੱਧ ਅਜੇਤੂ 48 ਦੌੜਾਂ ਬਣਾਉਣ ਵਾਲੀ ਆਸਟਰੇਲੀਆ ਦੀ ਕਪਤਾਨ ਮੇਗ ਲੇਨਿੰਗ ਇਕ ਸਥਾਨ ਦੇ ਫਾਇਦੇ ਨਾਲ ਚੌਥੇ ਸਥਾਨ ’ਤੇ ਹੈ। ਨਿਊਜ਼ੀਲੈਂਡ ਦੀ ਸਾਬਕਾ ਕਪਤਾਨ ਸੂਜੀ ਬੇਟਸ ਬੰਗਲਾਦੇਸ਼ ਵਿਰੁੱਧ ਅਜੇਤੂ 81 ਤੇ ਸ਼੍ਰੀਲੰਕਾ ਵਿਰੁੱਧ 56 ਦੌੜਾਂ ਬਣਾਉਣ ਤੋਂ ਬਾਅਦ ਦੋ ਸਥਾਨਾਂ ਦੇ ਫਾਇਦੇ ਨਾਲ ਛੇਵੇਂ ਸਥਾਨ ’ਤੇ ਹੈ। ਦੱਖਣੀ ਅਫਰੀਕਾ ਦੀ ਤਾਜਮਿਨ ਬ੍ਰਿਟਸ (6 ਸਥਾਨਾਂ ਦੇ ਫਾਇਦੇ ਨਾਲ 21ਵੇਂ ਸਥਾਨ ’ਤੇ), ਇੰਗਲੈਂਡ ਦੀ ਐਮੀ ਜੋਨਸ (2 ਸਥਾਨਾਂ ਦੇ ਫਾਇਦੇ ਨਾਲ 26ਵੇਂ ਸਥਾਨ ’ਤੇ), ਆਇਰਲੈਂਡ ਦੀ ਓਰਲ ਪ੍ਰੈਂਡਰਗੈਸਟ (8 ਸਥਾਨਾਂ ਦੇ ਸੁਧਾਰ ਨਾਲ 38ਵੇਂ ਸਥਾਨ ’ਤੇ) ਅਤੇ ਸ਼੍ਰੀਲੰਕਾ ਦੀ ਹਰਸ਼ਿਤਾ ਸਮਰਵਿਕ੍ਰਮ (4 ਸਥਾਨਾਂ ਦੇ ਸੁਧਾਰ ਨਾਲ 39ਵੇਂ ਸਥਾਨ ’ਤੇ) ਨੂੰ ਵੀ ਬੱਲੇਬਾਜ਼ੀ ਰੈਂਕਿੰਗ ਵਿਚ ਫਾਇਦਾ ਹੋਇਆ ਹੈ। ਪਾਕਿਸਤਾਨ ਦੀ ਆਲਰਾਊਂਡਰ ਨਿਦਾ ਡਾਰ ਦੋ ਸਥਾਨਾਂ ਦੇ ਫਾਇਦੇ ਨਾਲ 37ਵੇਂ ਸਥਾਨ ’ਤੇ ਹੈ। ਉਹ ਗੇਂਦਬਾਜ਼ੀ ਰੈਂਕਿੰਗ ਵਿਚ 7 ਸਥਾਨਾਂ ਦੇ ਫਾਇਦੇ ਨਾਲ 16ਵੇਂ ਸਥਾਨ ’ਤੇ ਪਹੁੰਚ ਗਈ ਹੈ।
ਭਾਰਤ ਦੀ ਨਵੀਂ ਗੇਂਦ ਦੀ ਗੇਂਦਬਾਜ਼ ਰੇਣੂਕਾ ਠਾਕੁਰ ਨੇ ਇੰਗਲੈਂਡ ਵਿਰੁੱਧ 15 ਦੌੜਾਂ ਕੇ 5 ਵਿਕਟਾਂ ਲਈਆਂ, ਜਿਸ ਨਾਲ ਉਹ ਗੇਂਦਬਾਜ਼ੀ ਰੈਂਕਿੰਗ ਵਿਚ 7 ਸਥਾਨਾਂ ਦੇ ਫਾਇਦੇ ਨਾਲ ਕਰੀਅਰ ਦੇ ਸਰਵਸ੍ਰੇਸ਼ਠ 5ਵੇਂ ਸਥਾਨ ’ਤੇ ਪਹੁੰਚ ਗਈ ਹੈ। ਨਿਊਜ਼ੀਲੈਂਡ ਦੀ ਲਿਆ ਤੁਹੂਹੂ 4 ਮੈਚਾਂ ਵਿਚ 8 ਵਿਕਟਾਂ ਦੇ ਨਾਲ ਪਹਿਲੀ ਵਾਰ 700 ਰੇਟਿੰਗ ਅੰਕ ਹਾਸਲ ਕਰਦੇ ਹੋਏ 3 ਸਥਾਨਾਂ ਦੇ ਫਾਇਦੇ ਨਾਲ 7ਵੇਂ ਸਥਾਨ ’ਤੇ ਹੈ। ਆਸਟਰੇਲੀਆ ਦੀ 19 ਸਾਲਾ ਤੇਜ਼ ਗੇਂਦਬਾਜ਼ ਡਾਰਸੀ ਬਰਾਊਨ ਨੇ ਆਪਣੀ ਕਫਾਇਤੀ ਗੇਂਦਬਾਜ਼ੀ ਨਾਲ ਪਹਿਲੀ ਵਾਰ ਟਾਪ-10 ਵਿਚ ਪ੍ਰਵੇਸ਼ ਕੀਤਾ ਹੈ ਜਦਕਿ ਵੈਸਟਇੰਡੀਜ਼ ਦੀ ਕਪਤਾਨ ਹੈਲੇ ਮੈਥਿਊਜ਼ ਵੀ ਪਾਕਿਸਤਾਨ ਵਿਰੁੱਧ 14 ਦੌੜਾਂ ’ਤੇ ਦੋ ਵਿਕਟਾਂ ਲੈ ਕੇ ਟਾਪ-10 ਵਿਚ ਪਹੁੰਚ ਗਈ ਹੈ। ਅੱਗੇ ਵੱਧਣ ਵਾਲੀਆਂ ਹੋਰ ਗੇਂਦਬਾਜ਼ਾਂ ਵਿਚ ਪਾਕਿਸਤਾਨ ਦੀ ਸਪਿਨਰ ਸਾਦੀਆ ਇਕਬਾਲ (13 ਸਥਾਨਾਂ ਦੇ ਫਾਇਦੇ ਨਾਲ 20ਵੇਂ ਸਥਾਨ ’ਤੇ), ਵੈਸਟਇੰਡੀਜ਼ ਦੀ ਕ੍ਰਿਸ਼ਮਾ ਰਾਮਹਰੈਕ (44 ਸਥਾਨਾਂ ਦੇ ਫਾਇਦੇ ਨਾਲ 28ਵੇਂ ਸਥਾਨ ’ਤੇ) ਅਤੇ ਨਿਊਜ਼ੀਲੈਂਡ ਦੀ ਈਡਨ ਕਾਰਸਨ (14 ਸਥਾਨਾਂ ਦੇ ਫਾਇਦੇ ਨਾਲ 37ਵੇਂ ਸਥਾਨ ’ਤੇ) ਸ਼ਾਮਲ ਹੈ। ਆਲਰਾਊਂਡਰਾਂ ਦੀ ਸੂਚੀ ਵਿਚ ਮੈਥਿਊਜ਼ ਤੇ ਐਮੇਲੀਆ ਇਕ-ਇਕ ਸਥਾਨ ਦੇ ਫਾਇਦੇ ਨਾਲ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ’ਤੇ ਹਨ। ਨਿਦਾ ਦੋ ਸਥਾਨਾਂ ਦੇ ਫਾਇਦੇ ਨਾਲ 5ਵੇਂ ਸਥਾਨ ’ਤੇ ਹੈ।