ਐਂਜੇਲੋ ਮੈਥਿਊੁਜ਼ ਨੇ ਸ਼੍ਰੀਲੰਕਾ ਟੀਮ ਦੀ ਕਪਤਾਨੀ ਤੋਂ ਦਿੱਤਾ ਅਸਤੀਫਾ

Wednesday, Jul 12, 2017 - 12:17 AM (IST)

ਐਂਜੇਲੋ ਮੈਥਿਊੁਜ਼ ਨੇ ਸ਼੍ਰੀਲੰਕਾ ਟੀਮ ਦੀ ਕਪਤਾਨੀ ਤੋਂ ਦਿੱਤਾ ਅਸਤੀਫਾ

ਕੋਲੰਬੋ— ਜ਼ਿੰਬਾਬਵੇ ਵਿਰੁੱਧ ਵਨ ਡੇ ਸੀਰੀਜ਼ 2-3 ਨਾਲ ਗੁਆਉਣ ਵਾਲੀ ਸ਼੍ਰੀਲੰਕਾਈ ਟੀਮ ਦਾ ਕਪਤਾਨ ਐਂਜਲੋ ਮੈਥਿਊਜ਼ ਇਸ ਹਾਰ ਨਾਲ ਇਸ ਹੱਦ ਤਕ ਨਿਰਾਸ਼ ਹੋ ਗਿਆ ਹੈ ਕਿ ਉਸ ਨੇ ਕਪਤਾਨੀ ਛੱਡਣ ਦਾ ਫੈਸਲਾ ਕਰ ਲਿਆ।
ਵਨ ਡੇ ਵਿਚ 11ਵੀਂ ਰੈਂਕਿੰਗ ਦੀ ਟੀਮ ਜ਼ਿੰਬਾਬਵੇ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸ਼੍ਰੀਲੰਕਾ ਨੂੰ ਨਾ ਸਿਰਫ ਪੰਜ ਮੈਚਾਂ ਦੀ ਸੀਰੀਜ਼ ਵਿਚ 3-2 ਨਾਲ ਹਰਾਇਆ ਸਗੋਂ ਉਸ ਦੇ ਵਿਰੁੱਧ ਪਹਿਲੀ ਕੌਮਾਂਤਰੀ ਵਨ ਡੇ ਸੀਰੀਜ਼ ਵੀ ਜਿੱਤ ਲਈ।
30 ਸਾਲਾ ਸ਼੍ਰੀਲੰਕਾਈ ਕਪਤਾਨ ਨੇ ਕਿਹਾ ਕਿ ਇਸ ਨੂੰ ਮੇਰੇ ਕਰੀਅਰ ਦਾ ਸਭ ਤੋਂ ਖਰਾਬ ਦੌਰ ਕਹਿ ਸਕਦੇ ਹੋ। ਇਹ ਕਦੇ ਪਚਣਯੋਗ ਨਹੀਂ ਹੈ। ਇਸ ਸੀਰੀਜ਼ ਵਿਚ ਸਭ ਕੁਝ ਸਾਡੇ ਵਿਰੁੱਧ ਰਿਹਾ, ਟਾਸ ਤੋਂ ਲੈ ਕੇ ਵਿਕਟ ਨੂੰ ਪੜ੍ਹਨ ਤਕ ਸਭ ਕੁਝ ਪਰ ਇਸ ਦੇ ਲਈ ਅਸੀਂ ਕੋਈ ਬਹਾਨਾ ਨਹੀਂ ਬਣਾ ਸਕਦੇ। ਅਸੀਂ ਖਰਾਬ ਖੇਡੇ ਤੇ ਕਿਸੇ ਵੀ ਰੂਪ ਵਿਚ ਸਾਨੂੰ ਉਨ੍ਹਾਂ ਤੋਂ ਬਿਹਤਰ ਨਹੀਂ ਕਿਹਾ ਜਾ ਸਕਦਾ।
ਜ਼ਿਕਰਯੋਗ ਹੈ ਕਿ ਸ਼੍ਰੀਲੰਕਾ ਦੇ ਵਨ ਡੇ ਪ੍ਰਦਰਸ਼ਨ ਵਿਚ 2015 ਵਿਸ਼ਵ ਕੱਪ ਤੋਂ ਬਾਅਦ  ਲਗਾਤਾਰ ਗਿਰਾਵਟ ਆਈ ਹੈ। ਉਸ ਨੂੰ ਇੰਗਲੈਂਡ, ਦੱਖਣੀ ਅਫਰੀਕਾ, ਆਸਟ੍ਰੇਲੀਆ ਵਿਰੁੱਧ ਸੀਰੀਜ਼ ਹਾਰ ਝੱਲਣੀ ਪਈ ਤੇ ਬੰਗਲਾਦੇਸ਼ ਵਿਰੁੱਧ ਘਰੇਲੂ ਸੀਰੀਜ਼ 'ਚ ਡਰਾਅ ਨਾਲ ਸਬਰ ਕਰਨਾ ਪਿਆ ਸੀ। ਉਸ ਨੂੰ ਇਸ ਸਾਲ ਇੰਗਲੈਂਡ ਦੀ ਮੇਜ਼ਬਾਨੀ 'ਚ ਖਤਮ ਹੋਈ ਚੈਂਪੀਅਨਸ ਟਰਾਫੀ ਵਿਚ ਵੀ ਗਰੁੱਪ ਗੇੜ 'ਚੋਂ ਬਾਹਰ ਹੋਣਾ ਪਿਆ ਸੀ। 


Related News