ਸ਼੍ਰੀਨਗਰ 'ਚ ਹੀ ਖੇਡਣਾ ਚਾਹੁੰਦਾ ਹੈ ਰੀਅਲ ਕਸ਼ਮੀਰ
Thursday, Mar 07, 2019 - 02:20 PM (IST)

ਨਵੀਂ ਦਿੱਲੀ— ਰੀਅਲ ਕਸ਼ਮੀਰ ਐੱਫ.ਸੀ. ਨੇ ਬੁੱਧਵਾਰ ਨੂੰ ਕਿਹਾ ਕਿ ਮਿਨਰਵਾ ਪੰਜਾਬ ਦੇ ਖਿਲਾਫ ਆਈ. ਲੀਗ ਦਾ ਆਪਣਾ ਮੈਚ ਉਹ ਉਦੋਂ ਹੀ ਖੇਡੇਗਾ ਜਦੋਂ ਇਸ ਦਾ ਆਯੋਜਨ ਸ਼੍ਰੀਨਗਰ 'ਚ ਕੀਤਾ ਜਾਵੇਗਾ। ਇਹ ਮੈਚ 18 ਫਰਵਰੀ ਨੁੰ ਸ਼੍ਰੀਨਗਰ 'ਚ ਖੇਡਿਆ ਜਾਣਾ ਸੀ ਪਰ ਮਿਨਰਵਾ ਪੰਜਾਬ ਨੇ ਪੁਲਵਾਮਾ ਅੱਤਵਾਦੀ ਹਮਲੇ ਦੇ ਬਾਅਦ ਸੁਰੱਖਿਆ ਕਾਰਨਾਂ ਕਰਕੇ ਇਸ ਮੈਚ 'ਚ ਨਹੀਂ ਖੇਡਣ ਦਾ ਫੈਸਲਾ ਕੀਤਾ ਸੀ।
ਸਰਬ ਭਾਰਤੀ ਫੁੱਟਬਾਲ ਮਹਾਸੰਘ ਦੀ ਐਮਰਜੈਂਸੀ ਕਮੇਟੀ ਨੇ ਇਸ ਮੈਚ ਦਾ ਮੁੜ ਆਯੋਜਨ ਕਰਨ ਦਾ ਫੈਸਲਾ ਕੀਤਾ ਸੀ ਅਤੇ ਇਸ ਦਾ ਆਯੋਜਨ ਹਿੱਸੇਦਾਰ ਟੀਮਾਂ ਅਤੇ ਏ.ਆਈ.ਐੱਫ.ਐੱਫ. ਲਈ ਢੁਕਵੇਂ ਸਥਾਨ ਅਤੇ ਸਮੇਂ 'ਤੇ ਕੀਤਾ ਜਾਵੇਗਾ। ਰੀਅਲ ਕਸ਼ਮੀਰ ਦੇ ਸਹਿ ਮਾਲਕ ਸੰਦੀਪ ਚੱਟੂ ਨੇ ਕਿਹਾ ਕਿ ਉਨ੍ਹਾਂ ਦਾ ਕਲੱਬ ਇਕ ਜਾਂ ਦੋ ਦਿਨ 'ਚ ਏ.ਆਈ.ਐੱਫ.ਐੱਫ. ਨੂੰ ਆਪਣੀ ਪਸੰਦੀਦਾ ਤਰੀਕ ਦੇ ਬਾਰੇ 'ਚ ਸੂਚਿਤ ਕਰੇਗਾ ਪਰ ਸਪੱਸ਼ਟ ਕੀਤਾ ਕਿ ਮੈਚ ਸਥਾਨ ਸ਼੍ਰੀਨਗਰ ਹੀ ਹੋਵੇਗਾ। ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਸਾਡਾ ਘਰੇਲੂ ਮੈਚ ਹੈ ਅਤੇ ਇਹ ਸਿਰਫ ਸ਼੍ਰੀਨਗਰ 'ਚ ਖੇਡਿਆ ਜਾਵੇਗਾ। ਤਰੀਕ 'ਤੇ ਗੱਲ ਕੀਤੀ ਜਾ ਸਕਦੀ ਹੈ।