Ashwin B'Day Spcl: ਇਸ ਸਪਿਨਰ ਦੀ ਫਿਰਕੀ 'ਤੇ ਨੱਚਦੇ ਹਨ ਵੱਡੇ-ਵੱਡੇ ਬੱਲੇਬਾਜ਼
Tuesday, Sep 17, 2019 - 01:45 PM (IST)
![Ashwin B'Day Spcl: ਇਸ ਸਪਿਨਰ ਦੀ ਫਿਰਕੀ 'ਤੇ ਨੱਚਦੇ ਹਨ ਵੱਡੇ-ਵੱਡੇ ਬੱਲੇਬਾਜ਼](https://static.jagbani.com/multimedia/2019_9image_13_44_590197045ravichandran-ashvani.jp.jpg)
ਸਪੋਰਸਟ ਡੈਸਕ— ਭਾਰਤੀ ਸਪਿਨਰ ਰਵਿਚੰਦਰਨ ਅਸ਼ਵਿਨ ਦਾ ਅੱਜ ਜਨਮਦਿਨ ਹੈ। ਅਸ਼ਵਿਨ ਦਾ ਜਨਮ 17 ਸਤੰਬਰ 1986 ਨੂੰ ਚੇਂਨਈ 'ਚ ਹੋਇਆ ਸੀ। ਅਸ਼ਵਿਨ ਆਪਣਾ 33ਵਾਂ ਜਨਮਦਿਨ ਮਨਾ ਰਹੇ ਹਨ। ਅਸ਼ਵਿਨ ਦੀ ਗਿਣਤੀ ਦੁਨੀਆ ਦੇ ਖਤਰਨਾਕ ਸਪਿਨਰਾਂ 'ਚ ਹੁੰਦੀ ਹੈ ਪਰ ਉਹ ਇੰਟਰਨੈਸ਼ਨਲ ਲੈਵਲ 'ਤੇ ਬੱਲੇ ਦੇ ਨਾਲ ਵੀ ਕਮਾਲ ਵਿਖਾ ਚੁੱਕੇ ਹਨ। ਅਸ਼ਵਿਨ ਨੇ ਇੰਫਾਰਮੈਸ਼ਨ ਟੈਕਨਾਲੌਜੀ 'ਚ ਬੀ-ਟੈੱਕ ਅਤੇ ਐੱਮ. ਬੀ. ਏ. ਦੀ ਡਿਗਰੀ ਹਾਸਲ ਕੀਤੀ ਹੈ। ਅਸ਼ਵਿਨ ਨੇ ਕੁੱਝ ਸਮਾਂ ਕਾਗਨਿਜੈਂਟ ਕੰਪਨੀ 'ਚ ਵੀ ਕੰਮ ਕੀਤਾ ਪਰ ਬਾਅਦ 'ਚ ਪੂਰੀ ਤਰ੍ਹਾਂ ਨਾਲ ਕ੍ਰਿਕਟ 'ਚ ਡੁੱਬ ਗਏ। ਅਸ਼ਵਿਨ ਸ਼ੁਰੂਆਤੀ ਦਿਨਾਂ 'ਚ ਬੱਲੇਬਾਜ਼ ਸਨ ਅਤੇ ਜੂਨੀਅਰ ਟੀਮਾਂ ਲਈ ਬੱਲੇਬਾਜ਼ੀ ਦੀ ਸ਼ੁਰੂਅਆਤ ਕਰਦੇ ਸਨ ਪਰ ਬਾਅਦ 'ਚ ਉਹ ਸਪਿਨ ਗੇਂਦਬਾਜ਼ ਬਣ ਗਏ। ਘਰੇਲੂ ਕ੍ਰਿਕਟ 'ਚ ਆਪਣੀ ਆਫ ਸਪਿਨ ਨਾਲ ਕਮਾਲ ਵਿਖਾਉਣ ਤੋਂ ਬਾਅਦ ਆਈ. ਪੀ. ਐੱਲ ਟੀਮ ਚੇਂਨਈ ਸੁਪਰ ਕਿੰਗਜ਼ ਨੇ ਉਨ੍ਹਾਂ ਨੂੰ ਖਰੀਦ ਲਿਆ। ਉਹ 2011 'ਚ ਵਰਲਡ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੇ ਮੈਂਬਰ ਵੀ ਰਹੇ।
ਰਵਿਚੰਦਰਨ ਅਸ਼ਵਿਨ ਦੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ
ਅਸ਼ਵਿਨ ਨੇ 5 ਜੂਨ 2010 ਨੂੰ ਸ਼੍ਰੀਲੰਕਾ ਖਿਲਾਫ ਵਨ-ਡੇ 'ਚ ਡੈਬਿਊ ਕੀਤਾ ਸੀ। ਇਸ ਦੇ ਇਕ ਸਾਲ ਬਾਅਦ ਉਹ ਭਾਰਤੀ ਕ੍ਰਿਕਟ ਟੈਸਟ ਲਈ ਵੀ ਚੁੱਣੇ ਗਏ ਅਤੇ 6 ਨਵੰਬਰ 2011 ਨੂੰ ਵੈਸਟਇੰਡੀਜ਼ ਖਿਲਾਫ ਅਸ਼ਵਿਨ ਨੇ ਪਹਿਲਾ ਟੈਸਟ ਮੈਚ ਖੇਡਿਆ। ਅਸ਼ਵਿਨ ਨੇ ਪਹਿਲੇ ਹੀ ਟੈਸਟ 'ਚ ਆਪਣੇ ਰੰਗ ਵਿਖਾ ਦਿੱਤੇ ਸਨ ਅਤੇ ਮੈਚ 'ਚ 9 ਵਿਕਟਾਂ ਹਾਸਲ ਕੀਤੀਆਂ ਸਨ। ਇਹ ਟੈਸਟ ਕ੍ਰਿਕਟ 'ਚ ਕਿਸੇ ਵੀ ਭਾਰਤੀ ਦਾ ਦੂਜਾ ਬੈਸਟ ਪ੍ਰਦਰਸ਼ਨ ਹੈ। ਆਪਣੀ ਡੈਬਿਊ ਸੀਰੀਜ਼ 'ਚ ਉਨ੍ਹਾਂ ਨੇ ਕੁਲ 22 ਵਿਕਟਾਂ ਲਈਆਂ ਅਤੇ ਇਕ ਸੈਂਕੜਾਂ ਵੀ ਲਾਇਆ। ਇਸ ਦੇ ਨਾਲ ਹੀ ਅਸ਼ਵਿਨ ਦੀ ਟੀਮ 'ਚ ਜਗ੍ਹਾ ਪੱਕੀ ਹੋ ਗਈ ਅਤੇ ਹਰਭਜਨ ਸਿੰਘ ਵਰਗੇ ਧਾਕਡ਼ ਗੇਂਦਬਾਜ਼ਾਂ ਦੀ ਛੁੱਟੀ ਹੋ ਗਈ। ਉਹ ਨਰੇਂਦਰ ਹਿਰਵਾਨੀ ਤੋਂ ਬਾਅਦ ਭਾਰਤ ਵੱਲੋਂ ਡੈਬਿਊ ਮੈਚ 'ਚ ਦੂਜਾ ਬੈਸਟ ਪ੍ਰਦਰਸ਼ਨ ਕਰਨ ਵਾਲੇ ਗੇਂਦਬਾਜ਼ ਬਣੇ ਸਨ।
Test wicket No. 100 ✅
— BCCI (@BCCI) September 17, 2019
Test wicket No. 200 ✅
Test wicket No. 300 ✅
Happy Birthday @ashwinravi99 🎉🎉 #TeamIndia pic.twitter.com/7xJB4JQ8Bz
ਡੇਨਿਸ ਲਿਲੀ ਦਾ ਰਿਕਾਰਡ ਤੋੜਿਆ
ਸਭ ਤੋਂ ਤੇਜ਼ 300 ਵਿਕਟਾਂ ਲੈਣ ਦਾ ਵਰਲਡ ਰਿਕਾਰਡ ਅਸ਼ਵਿਨ ਦੇ ਹੀ ਨਾਂ ਹੈ। ਉਨ੍ਹਾਂ ਨੇ 54 ਮੈਚਾਂ 'ਚ ਇਹ ਕਮਾਲ ਕੀਤਾ ਸੀ ਅਤੇ ਡੇਨਿਸ ਲਿਲੀ ਦਾ ਰਿਕਾਰਡ ਤੋੜਿਆ, ਜਿੰਨ੍ਹਾਂ ਨੇ 56 ਟੈਸਟ ਖੇਡ ਕੇ 300 ਵਿਕਟਾਂ ਲਈਆਂ ਸਨ। ਅਸ਼ਵਿਨ ਨੇ ਭਾਰਤ 'ਚ ਖੇਡੇ ਗਏ ਟੈਸਟਾਂ 'ਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ 27 ਟੈਸਟਾਂ 'ਚ ਹੀ 12 ਵਾਰ ਇਕ ਪਾਰੀ 'ਚ 5 ਵਿਕਟਾਂ ਲੈਣ ਦਾ ਕਾਰਨਾਮਾ ਕਰ ਦਿੱਤਾ ਸੀ। 2016-17 ਦੇ ਦੌਰਾਨ ਅਸ਼ਵਿਨ ਨੇ 14 ਘਰੇਲੂ ਟੈਸਟ ਮੈਚਾਂ 'ਚ 82 ਵਿਕਟਾਂ ਲਈਆਂ। ਇਸ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਆਈ. ਸੀ. ਸੀ. ਨੇ ਕ੍ਰਿਕਟਰ ਆਫ ਦਿ ਈਅਰ ਅਤੇ ਟੈਸਟ ਕ੍ਰਿਕਟਰ ਆਫ ਦਿ ਈਅਰ ਚੁੱਣਿਆ ਗਿਆ ਸੀ।ਆਰ ਅਸ਼ਵਿਨ ਦੇ 5 ਦਮਦਾਰ ਰਿਕਾਰਡਜ਼ 'ਤੇ ਇਕ ਨਜ਼ਰ :
1 - ਟੈਸਟ ਕ੍ਰਿਕਟ 'ਚ ਸਭ ਤੋਂ ਤੇਜ਼ 100 ਵਿਕਟਾਂ ਪੂਰੀਆਂ ਕਰਨ ਵਾਲੇ ਭਾਰਤੀਆਂ ਦੀ ਲਿਸਟ 'ਚ ਪਹਿਲਾ ਨੰਬਰ ਅਸ਼ਵਿਨ ਦਾ ਹੈ। ਅਸ਼ਵਿਨ ਨੇ ਇਰਾਪੱਲੀ ਪ੍ਰਸੰਨਾ ਦਾ ਰਿਕਾਰਡ ਤੋੜਦੇ ਹੋਏ 18ਵੇਂ ਟੈਸਟ ਮੈਚ 'ਚ 100 ਵਿਕਟਾਂ ਪੂਰੀਆਂ ਕੀਤੀਆਂ ਸਨ। ਪ੍ਰਸੰਨਾ ਨੇ 20 ਟੈਸਟ ਮੈਚਾਂ 'ਚ ਇਹ ਕਾਰਨਾਮਾ ਕੀਤਾ ਸੀ।
2- ਅਸ਼ਵਿਨ ਟੈਸਟ ਕ੍ਰਿਕਟ 'ਚ ਇਕ ਹੀ ਮੈਚ 'ਚ ਸੈਂਕੜਾ ਅਤੇ ਪੰਜ ਵਿਕਟਾਂ ਲੈਣ ਦਾ ਕਾਰਨਾਮਾ ਦੋ ਵਾਰ ਕਰ ਚੁੱਕੇ ਹਨ। ਅਜਿਹਾ ਕਰਨ ਵਾਲੇ ਉਹ ਭਾਰਤ ਦੇ ਇਕਲੌਤੇ ਕ੍ਰਿਕਟਰ ਵੀ ਹਨ। ਦੋਨੋ ਵਾਰ ਉੁਨ੍ਹਾਂ ਨੇ ਇਹ ਕਾਰਨਾਮਾ ਵੈਸਟਇੰਡੀਜ਼ ਖਿਲਾਫ ਕੀਤਾ ਹੈ।
3- ਅਸ਼ਵਿਨ ਅਤੇ ਰੋਹਿਤ ਸ਼ਰਮਾ ਵਿਚਾਲੇ 280 ਦੌੜਾਂ ਦੀ ਸਾਂਝੇਦਾਰੀ ਭਾਰਤ ਵਲੋਂ ਸੱਤਵੀਂ ਵਿਕਟ ਲਈ ਟੈਸਟ 'ਚ ਕੀਤੀ ਗਈ ਸਭ ਤੋਂ ਵੱਡੀ ਸਾਂਝੇਦਾਰੀ ਹੈ। ਦੋਨ੍ਹਾਂ ਨੇ 259 ਦੌੜਾਂ ਦੀ ਸਾਂਝੇਦਾਰੀ ਦਾ ਰਿਕਾਰਡ ਤੋੜਿਆ ਸੀ, ਜੋ ਵੀ. ਵੀ. ਐੱਸ ਲਕਸ਼ਮਣ ਅਤੇ ਮਹਿੰਦਰ ਸਿੰਘ ਧੋਨੀ ਨੇ ਦੱਖਣੀ ਅਫਰੀਕਾ ਖਿਲਾਫ 2010 'ਚ ਬਣਾਈ ਸੀ।
4- ਦਸੰਬਰ 2012 'ਚ ਅਸ਼ਵਿਨ ਨੇ ਟੈਸਟ 'ਚ 500 ਦੌੜਾਂ ਅਤੇ 50 ਵਿਕਟਾਂ ਪੂਰੀਆਂ ਕੀਤੀਆਂ ਸਨ। ਸਭ ਤੋਂ ਤੇਜ਼ ਅਜਿਹਾ ਕਰਨ ਵਾਲੇ ਉਹ ਦੁਨੀਆ ਦੇ ਤੀਜੇ ਕ੍ਰਿਕਟਰ ਬਣੇ ਸਨ। ਆਸਟਰੇਲੀਆ ਦੇ ਜੈੱਕ ਗਰੇਗਾਰੀ ਅਤੇ ਇੰਗਲੈਂਡ ਦੇ ਇਯਾਨ ਬਾਥਮ ਨੇ ਵੀ 11 ਟੈਸਟ ਮੈਚਾਂ 'ਚ ਇਹ ਕਾਰਨਾਮਾ ਕੀਤਾ ਹੈ।
5- ਟੈਸਟ ਕ੍ਰਿਕਟ 'ਚ ਅਸ਼ਵਿਨ 6 ਵਾਰ ਮੈਨ ਆਫ ਦਿ ਸੀਰੀਜ਼ ਵੀ ਬਣ ਚੁੱਕੇ ਹਨ। ਉਨ੍ਹਾਂ ਨੇ ਸਚਿਨ ਤੇਂਦੁਲਕਰ ਅਤੇ ਵਰਿੰਦਰ ਸਹਿਵਾਗ ਨੂੰ ਪਿੱਛੇ ਕੀਤਾ। ਸਚਿਨ ਅਤੇ ਸਹਿਵਾਗ ਪੰਜ ਵਾਰ ਮੈਨ ਆਫ ਦਿ ਸੀਰੀਜ ਬਣ ਚੱਕੇ ਹਨ।
3️⃣4️⃣2️⃣ Test wickets
— ICC (@ICC) September 17, 2019
1️⃣5️⃣0️⃣ ODI wickets
2️⃣3️⃣2️⃣ T20 wickets
Happy birthday to Ravi Ashwin! 🎂 pic.twitter.com/PPRajrdzcC
ਅਸ਼ਵਿਨ ਦਾ ਹੁਣ ਤਕ ਦਾ ਸਫਰ
ਟੈਸਟ : 65 ਮੈਚ 'ਚ 342 ਵਿਕਟਾਂ, 59 ਦੌੜਾਂ ਦੇ ਕੇ 7 ਵਿਕਟਾਂ ਬੈਸਟ ਪ੍ਰਦਰਸ਼ਨ, 4 ਸ਼ਤਕ ਅਤੇ 11 ਅਰਧ ਸੈਂਕੜੇ, 2361 ਦੌੜਾਂ ਬਣਾਈਆ।
ਵਨ-ਡੇ : 111 ਮੈਚ 'ਚ 150 ਵਿਕਟਾਂ, 25 ਦੌੜਾਂ ਦੇ ਕੇ 4 ਵਿਕਟਾਂ ਬੈਸਟ ਪ੍ਰਦਰਸ਼ਨ, 1 ਅਰਧ ਸੈਂਕੜਾ, 675 ਦੌੜਾਂ।
ਟੀ20 : 46 ਮੈਚ 'ਚ 52 ਵਿਕਟਾਂ, 8 ਦੌੜਾਂ ਦੇ ਕੇ 4 ਵਿਕਟਾਂ ਬੈਸਟ ਪ੍ਰਦਰਸ਼ਨ, 123 ਦੌੜਾਂ।