ਐਡੀਲੇਡ ਟੈਸਟ ''ਚ ਭਾਰਤ ਦੀ ਸ਼ਰਮਨਾਕ ਹਾਰ ''ਤੇ ਅਸ਼ਵਿਨ ਦਾ ਖੁਲਾਸਾ, ਕੋਚ ਰਵੀ ਨੇ ਇੰਝ ਵਧਾਇਆ ਟੀਮ ਦਾ ਮਨੋਬਲ
Tuesday, Sep 17, 2024 - 03:28 PM (IST)

ਸਪੋਰਟਸ ਡੈਸਕ- ਬਾਰਡਰ-ਗਾਵਸਕਰ ਟਰਾਫੀ 2024-25 ਦੇ ਕਰੀਬ ਆਉਣ ਦੇ ਨਾਲ ਸੀਰੀਜ਼ ਦੇ ਉਸ ਬਦਨਾਮ ਮੈਚ ਦੇ ਬਾਰੇ ਗੱਲਾਂ ਹੋਣ ਲੱਗੀਆਂ ਹਨ ਜਿਸ 'ਚ ਭਾਰਤੀ ਟੀਮ ਸਿਰਫ 36 ਦੌੜਾਂ 'ਤੇ ਢੇਰ ਹੋ ਗਈ ਸੀ। ਇਹ ਮੈਚ 2020 'ਚ ਐਡੀਲੈਡ 'ਚ ਖੇਡਿਆ ਗਿਆ ਸੀ ਅਤੇ 36 ਦੌੜਾਂ 'ਤੇ ਆਲਆਊਟ ਹੋਣ ਤੋਂ ਬਾਅਦ ਭਾਰਤ ਨੂੰ ਆਸਟ੍ਰੇਲੀਆ ਦੇ ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਭਾਰਤ ਨੇ ਸੀਰੀਜ਼ ਦੇ ਬਾਕੀ ਬਚੇ ਮੈਚਾਂ 'ਚ ਆਤਮਵਿਸ਼ਵਾਸ ਦੇ ਨਾਲ ਖੇਡਿਆ ਅਤੇ ਸੀਰੀਜ਼ ਜਿੱਤ ਲਈ। ਹਾਲ ਹੀ 'ਚ ਅਨੁਭਵੀ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਅੱਗੇ ਆ ਕੇ ਦੱਸਿਆ ਕਿ ਕਿੰਝ ਭਾਰਤ ਦੇ ਸਾਬਕਾ ਕੋਚ ਰਵੀ ਸ਼ਾਸਤਰੀ ਨੇ 36 ਦੌੜਾਂ 'ਤੇ ਆਲ ਆਊਟ ਹੋਣ ਤੋਂ ਬਾਅਦ ਟੀਮ ਦਾ ਮਨੋਬਲ ਵਧਾਇਆ।
ਅਸ਼ਵਿਨ ਨੇ ਵਿਮਲ ਕੁਮਾਰ ਦੇ ਯੂਟਿਊਬ ਚੈਨਲ 'ਤੇ ਗੱਲਬਾਤ 'ਚ ਕਿਹਾ ਕਿ ਅਸੀਂ ਸੀਰੀਜ਼ ਜਿੱਤਣ ਦੇ ਬਾਰੇ 'ਚ ਨਹੀਂ ਸੋਚ ਰਹੇ ਸੀ ਕਿਉਂਕਿ ਅਸੀਂ 36 ਦੌੜਾਂ 'ਤੇ ਆਊਟ ਹੋ ਗਏ ਸੀ। ਡ੍ਰੈਸਿੰਗ ਰੂਮ ਦਾ ਮਾਹੌਲ ਕੁਝ ਵੱਖਰਾ ਸੀ। ਰਵੀ ਭਰਾ ਨੇ ਟੀਮ ਲਈ ਡੀਨਰ ਦਾ ਆਯੋਜਨ ਕੀਤਾ। ਉਨ੍ਹਾਂ ਨੇ ਕਰਾਓਕੇ ਦਾ ਬੰਦੋਬਸਤ ਕੀਤਾ, ਉਨ੍ਹਾਂ ਨੇ ਗਾਣਾ ਸ਼ੁਰੂ ਕੀਤਾ। ਉਨ੍ਹਾਂ ਨੇ ਪੁਰਾਣੇ ਹਿੰਦੀ ਗਾਣੇ ਗਾਏ। ਸਾਰੇ ਲੋਕ ਸ਼ਾਮਲ ਹੋਏ। ਅਸੀਂ ਬਬਲ 'ਚ ਸੀ, ਵਿਰਾਟ ਵੀ ਵਾਪਸੀ ਦੀ ਤਿਆਰੀ ਕਰ ਰਹੇ ਸਨ।
ਮੈਲਬੌਰਨ 'ਚ ਅਗਲੇ ਟੈਸਟ 'ਚ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦੇ ਸਨ : ਅਸ਼ਵਿਨ
ਉਨ੍ਹਾਂ ਨੇ ਕਿਹਾ ਕਿ ਅਸੀਂ ਮੈਲਬੌਰਨ 'ਚ ਅਗਲੇ ਟੈਸਟ 'ਚ ਚੰਗਾ ਪ੍ਰਦਰਸ਼ਨ ਕਰਨ 'ਤੇ ਧਿਆਨ ਕੇਂਦਰਿਤ ਕਰ ਰਹੇ ਸੀ। ਅਸੀਂ ਛੋਟੇ ਟੀਚੇ ਰੱਖੇ। ਜ਼ਿਕਰਯੋਗ ਹੈ ਕਿ ਉਸ ਵੇਲੇ ਦੇ ਮੁੱਖ ਕੋਚ ਰਵੀ ਸ਼ਾਸਤਰੀ 2020-21 'ਚ ਬਾਰਡਰ-ਗਾਵਸਕਰ ਟਰਾਫੀ 'ਚ ਭਾਰਤ ਦੀ ਜਿੱਤ ਦੇ ਪਿੱਛੇ ਮਹੱਤਵਪੂਰਨ ਸ਼ਖਸੀਅਤਾਂ 'ਚੋਂ ਇਕ ਸਨ। ਵਿਰਾਟ ਕੋਹਲੀ, ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸ਼ਮੀ ਵਰਗੇ ਖਿਡਾਰੀਆਂ ਦੇ ਨਾਂ ਹੋਣ ਦੇ ਬਾਵਜੂਦ ਭਾਰਤ ਨੇ ਦੂਜੇ ਟੈਸਟ 'ਚ ਵਾਪਸੀ ਕੀਤੀ। ਸੀਰੀਜ਼ ਨੂੰ ਬਰਾਬਰ ਕੀਤਾ ਅਤੇ ਆਖਿਰਕਾਰ ਬ੍ਰਿਸਬੇਨ ਦੇ ਗਾਬਾ 'ਚ ਇਤਿਹਾਸਿਕ ਜਿੱਤ ਤੋਂ ਬਾਅਦ 2-1 ਨਾਲ ਸੀਰੀਜ਼ ਜਿੱਤ ਲਈ।
ਆਗਾਮੀ ਬਾਰਡਰ-ਗਾਵਸਕਰ ਟਰਾਫੀ ਦੇ ਲਈ ਟੀਮ ਇੰਡੀਆ ਆਗਾਮੀ ਮਾਰਕੀ ਸੀਰੀਜ਼ ਦੇ ਲਈ ਆਸਟ੍ਰੇਲੀਆ ਦਾ ਦੌਰਾ ਕਰੇਗੀ। ਦੋਵੇਂ ਟੀਮਾਂ 22 ਨਵੰਬਰ ਤੋਂ ਪਰਥ 'ਚ ਪਹਿਲੇ ਟੈਸਟ 'ਚ ਆਹਮੋ-ਸਾਹਮਣੇ ਹੋਣਗੀਆਂ ਅਤੇ ਆਸਟ੍ਰੇਲੀਆ ਚੰਗੇ ਪ੍ਰਦਰਸ਼ਨ ਲਈ ਉਤਸੁਕ ਹੋਵੇਗਾ। ਦੂਜੇ ਪਾਸੇ, ਬੰਗਲਾਦੇਸ਼ ਅਤੇ ਨਿਊਜੀਲੈਂਡ ਦੇ ਖਿਲਾਫ ਆਗਾਮੀ ਟੈਸਟ ਦੇ ਨਾਲ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਆਸਟ੍ਰੇਲੀਆ ਦਾ ਸਾਹਮਣਾ ਕਰਨ ਦੀ ਤਿਆਰੀ 'ਚ ਸਖਤ ਮਿਹਨਤ ਕਰ ਰਹੀ ਹੈ।