ਭਰਤ ਅਰੁਣ : ਸਿਰਫ ਪੰਜ ਵਿਕਟਾਂ ਲੈਣ ਵਾਲੇ ਨੂੰ ਜ਼ਹੀਰ ਦੀ ਜਗ੍ਹਾ ਕਿਉਂ ਲਿਆਉਣਾ ਚਾਹੁੰਦੇ ਹਨ ਸ਼ਾਸਤਰੀ, ਜਾਣੋ...

07/14/2017 3:30:53 PM

ਨਵੀਂ ਦਿੱਲੀ— ਲੰਬੇ ਵਿਵਾਦ ਤੋਂ ਬਾਅਦ ਰਵੀ ਸ਼ਾਸਤਰੀ ਨੂੰ ਭਾਰਤੀ ਕ੍ਰਿਕਟ ਟੀਮ ਦਾ ਮੁੱਖ ਕੋਚ ਬਣਾਏ ਜਾਣ ਦੇ ਐਲਾਨ ਦੇ ਕੁਝ ਦਿਨਾਂ ਬਾਅਦ ਹੀ ਇਕ ਨਵਾਂ ਵਿਵਾਦ ਸ਼ੁਰੂ ਹੋ ਗਿਆ ਹੈ। ਮੀਡੀਆ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਸ਼ਾਸਤਰੀ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਪਸੰਦ ਹੋਣ ਦੀ ਵਜ੍ਹਾ ਨਾਲ ਕੋਚ ਬਣਾਏ ਗਏ। ਉਨ੍ਹਾਂ ਦੇ ਕੋਚ ਬਣਨ ਦੇ ਬਾਅਦ ਮੀਡੀਆ 'ਚ ਖਬਰਾਂ ਆਉਣ ਲੱਗੀਆਂ ਕਿ ਸ਼ਾਸਤਰੀ ਚਾਹੁੰਦੇ ਹਨ ਕਿ 54 ਸਾਲਾ ਭਰਤ ਅਰੁਣ ਟੀਮ ਦੇ ਗੇਂਦਬਾਜ਼ੀ ਕੋਚ ਬਣਨ। 

ਸਚਿਨ ਤੇਂਦੁਲਕਰ, ਸੌਰਵ ਗਾਂਗੁਲੀ ਅਤੇ ਵੀ.ਵੀ.ਐੱਸ. ਲਕਸ਼ਮਣ ਦੀ ਕ੍ਰਿਕਟ ਸਲਾਹਕਾਰ ਕਮੇਟੀ (ਸੀ.ਏ.ਸੀ.) ਨੇ ਸਾਬਕਾ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਨੂੰ ਭਾਰਤੀ ਟੀਮ ਦਾ ਗੇਂਦਬਾਜ਼ੀ ਸਲਾਹਕਾਰ ਨਿਯੁਕਤ ਕੀਤਾ ਸੀ। ਇਸ ਮਾਮਲੇ ਦੇ ਵਿਵਾਦਾਂ ਨਾਲ ਘਿਰ ਜਾਣ ਦੇ ਬਾਅਦ ਸ਼ੁੱਕਰਵਾਰ (14 ਜੁਲਾਈ) ਨੂੰ ਬੀ.ਸੀ.ਸੀ.ਆਈ. ਨੇ ਸਾਫ ਕੀਤਾ ਹੈ ਕਿ ਗੇਂਦਬਾਜ਼ੀ ਕੋਚ ਦੇ ਰੂਪ 'ਚ ਜ਼ਹੀਰ ਖਾਨ ਅਤੇ ਬੱਲੇਬਾਜ਼ਾਂ ਨੂੰ ਸਲਾਹਕਾਰ ਦੇ ਤੌਰ 'ਤੇ ਰਾਹੁਲ ਦ੍ਰਵਿੜ ਦੀ ਨਿਯੁਕਤੀ 'ਦੌਰੇ ਵਿਸ਼ੇਸ਼' ਦੇ ਲਈ ਕੀਤੀ ਗਈ ਹੈ। ਆਖਰ ਕੋਣ ਹੈ ਭਰਤ ਅਰੁਣ ਅਤੇ ਸ਼ਾਸਤਰੀ ਉਨ੍ਹਾਂ ਨੂੰ ਗੇਂਦਬਾਜ਼ੀ ਕੋਚ ਕਿਉਂ ਬਣਵਾਉਣਾ ਚਾਹੁੰਦੇ ਹਨ?

ਸ਼ਾਸਤਰੀ ਅਤੇ ਅਰੁਣ ਦੀ ਜਾਣ-ਪਛਾਣ ਤਿੰਨ ਦਹਾਕੇ ਪੁਰਾਣੀ ਹੈ। ਭਰਤ ਅਰੁਣ ਦੇ ਵਿਕੀਪੀਡੀਆ ਪ੍ਰੋਫਾਈਲ ਦੇ ਮੁਤਾਬਕ ਉਹ 1979 'ਚ ਸ਼੍ਰੀਲੰਕਾ ਜਾਣ ਵਾਲੇ ਅੰਡਰ-19 ਕ੍ਰਿਕਟ ਟੀਮ ਦੇ ਮੈਂਬਰ ਸਨ ਜਦਕਿ ਰਵੀ ਸ਼ਾਸਤਰੀ ਉਸ ਦੇ ਕਪਤਾਨ ਸਨ। ਭਰਤ ਅਰੁਣ ਨੇ 1986 ਵਿਚ ਗੇਂਦਬਾਜ਼ ਦੇ ਤੌਰ 'ਤੇ ਆਪਣਾ ਕੌਮਾਂਤਰੀ ਟੈਸਟ ਅਤੇ ਵਨਡੇ ਡੈਬਿਊ ਕੀਤਾ ਸੀ। ਰਵੀ ਸ਼ਾਸਤਰੀ ਉਨ੍ਹਾਂ ਤੋਂ ਪਹਿਲਾਂ 1981 'ਚ ਹੀ ਰਾਸ਼ਟਰੀ ਟੀਮ 'ਚ ਜਗ੍ਹਾ ਬਣਾ ਚੁੱਕੇ ਸਨ। ਹਾਲਾਂਕਿ ਅਰੁਣ ਦਾ ਕਰੀਅਰ ਜ਼ਿਆਦਾ ਲੰਬਾ ਨਹੀਂ ਚਲਿਆ ਅਤੇ ਉਹ ਸਿਰਫ 2 ਟੈਸਟ ਅਤੇ 4 ਵਨਡੇ ਹੀ ਖੇਡ ਸਕੇ। ਉਹ ਕੌਮਾਂਤਰੀ ਕ੍ਰਿਕਟ ਦੇ 6 ਮੈਚਾਂ ਦੇ ਆਪਣੇ ਕਰੀਅਰ ਵਿਚ ਕੁੱਲ ਪੰਜ ਵਿਕਟਾਂ ਹੀ ਲੈ ਸਕੇ। ਕੁਝ ਮੀਡੀਆ ਰਿਪੋਰਟਸ 'ਚ ਅਰੁਣ ਨੂੰ ਆਲਰਾਊਂਡਰ ਦੱਸਿਆ ਗਿਆ ਹੈ। ਇਸ ਲਈ ਇੱਥੇ ਇਹ ਜਾਣਨਾ ਜ਼ਰੂਰੀ ਹੈ ਕਿ ਉਨ੍ਹਾਂ ਨੇ ਕੁਝ 6 ਕੌਮਾਂਤਰੀ ਮੈਚਾਂ 'ਚ ਕੁੱਲ 25 ਦੌੜਾਂ ਬਣਾਈਆਂ ਹਨ। ਟੈਸਟ 'ਚ ਉਨ੍ਹਾਂ ਦਾ ਸਭ ਤੋਂ ਵੱਧ ਸਕੋਰ ਅਜੇਤੂ 2 ਦੌੜਾਂ ਰਹੀਆਂ ਤਾਂ ਵਨਡੇ 'ਚ 8 ਦੌੜਾਂ।

ਅਰੁਣ ਸਾਲ 2014 'ਚ ਪਹਿਲੀ ਵਾਰ ਉਦੋਂ ਰਾਸ਼ਟਰੀ ਟੀਮ ਦੇ ਗੇਂਦਬਾਜ਼ੀ ਕੋਚ ਬਣਾਏ ਗਏ ਜਦੋਂ ਰਵੀ ਸ਼ਾਸਤਰੀ ਟੀਮ ਦੇ ਡਾਇਰੈਕਟਰ ਸਨ। ਅਰੁਣ ਸ਼ਾਸਤਰੀ ਦੇ ਟੀਮ ਇੰਡੀਆ ਦੇ ਮੈਨੇਜਰ ਰਹਿਣ ਤੱਕ ਗੇਂਦਬਾਜ਼ੀ ਕੋਚ ਰਹੇ। ਕਿਹਾ ਜਾਂਦਾ ਹੈ ਕਿ ਰਵੀ ਸ਼ਾਸਤਰੀ ਦੇ ਕਹਿਣ 'ਤੇ ਈ ਸ਼੍ਰੀਨਿਵਾਸਨ ਨੇ ਅਰੁਣ ਨੂੰ ਰਾਸ਼ਟਰੀ ਟੀਮ ਦਾ ਬਾਲਿੰਗ ਕੋਚ ਬਣਾਇਆ ਸੀ। ਅਰੁਣ ਨੂੰ ਜਦੋਂ ਰਾਸ਼ਟਰੀ ਟੀਮ ਦਾ ਗੇਂਦਬਾਜ਼ੀ ਕੋਚ ਬਣਾਇਆ ਗਿਆ ਤਾਂ ਉਹ ਤਾਮਿਲਨਾਡੂ ਕ੍ਰਿਕਟ ਸੰਘ ਦੇ ਕੋਚਿੰਗ ਡਾਇਰੈਕਟਰ ਸਨ। ਅਰੁਣ ਉਸ ਤੋਂ ਪਹਿਲਾਂ ਨੈਸ਼ਨਲ ਕ੍ਰਿਕਟ ਅਕੈਡਮੀ, ਬੈਂਗਲੁਰੂ ਦੇ ਮੁੱਖ ਗੇਂਦਬਾਜ਼ੀ ਕੋਚ ਸਨ। ਅਰੁਣ ਪੱਛਮੀ ਬੰਗਾਲ ਕ੍ਰਿਕਟ ਸੰਘ, ਇੰਡੀਆ ਏ ਅਤੇ ਇੰਡੀਆ ਅੰਡਰ-19 ਟੀਮ ਦੇ ਕੋਚ ਰਹਿ ਚੁੱਕੇ ਹਨ।

ਖਬਰਾਂ ਮੁਤਾਬਕ ਸ਼ਾਸਤਰੀ ਮੰਨਦੇ ਹਨ ਕਿ ਅਰੁਣ ਬਹੁਤ ਚੰਗੇ ਗੇਂਦਬਾਜ਼ੀ ਕੋਚ ਹਨ। ਖਬਰਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਸ਼ਾਸਤਰੀ ਨੇ ਸੀ.ਏ.ਸੀ.ਨੂੰ ਕਿਹਾ ਕਿ ਜ਼ਹੀਰ ਖਾਨ ਬਹੁਤ ਚੰਗੇ ਗੇਂਦਬਾਜ਼ ਹਨ ਅਤੇ ਉਹ ਉਨ੍ਹਾਂ ਦਾ ਕਾਫੀ ਸਨਮਾਨ ਵੀ ਕਰਦੇ ਹਨ ਪਰ ਕੋਚਿੰਗ ਦੇਣਾ ਬਿਲਕੁਲ ਅਲਗ ਕੰਮ ਹੈ ਅਤੇ ਜ਼ਹੀਰ ਨੂੰ ਇਸ ਦੇ ਲਈ ਤਿਆਰ ਹੋਣ ਦੇ ਲਈ ਸਮਾਂ ਲੱਗੇਗਾ। ਸ਼ਾਸਤਰੀ ਨੇ ਕਿਹਾ ਕਿ ਜ਼ਹੀਰ ਖਾਨ ਗੇਂਦਬਾਜ਼ੀ ਸਲਾਹਕਾਰ ਬਣ ਸਕਦੇ ਹਨ ਅਤੇ ਟੀਮ ਇੰਡੀਆ ਦੀ ਗੇਂਦਬਾਜ਼ੀ 'ਚ ਸੁਧਾਰ ਦੇ ਲਈ ਯੋਜਨਾ ਬਣਾ ਸਕਦੇ ਹਨ ਜਿਸ ਨੂੰ ਆਲਟਾਈਮ ਕੋਚ ਦੇ ਤੌਰ 'ਤੇ ਅਰੁਣ ਅਮਲੀਜਾਮਾ ਪਹਿਨਾ ਸਕਦੇ ਹਨ।


Related News