ਗੋਲਫ ਤੋਂ ''ਅਰਜੁਨ ਐਵਾਰਡ'' ਲਈ ਰਾਸ਼ਿਦ, ਅਦਿਤੀ ਤੇ ਦੀਕਸ਼ਾ ਨਾਮਜ਼ਦ
Thursday, Jun 04, 2020 - 06:20 PM (IST)
ਨਵੀਂ ਦਿੱਲੀ : ਗੋਲਫਰ ਰਾਸ਼ਿਦ ਖਾਨ, ਅਦਿਤੀ ਅਸ਼ੋਕ ਤੇ ਦੀਕਸ਼ਾ ਡਾਗਰ ਦੇ ਨਾਂ ਦੀ ਸਿਫਾਰਿਸ਼ ਰਾਸ਼ਟਰੀ ਮਹਾਸੰਘ ਨੇ ਇਸ ਸਾਲ ਅਰਜੁਨ ਐਵਾਰਡ ਲਈ ਕੀਤੀ ਹੈ। ਰਾਸ਼ਿਦ ਵਿਸ਼ਵ ਰੈਂਕਿੰਗ ਵਿਚ ਸਰਵਸ੍ਰੇਸ਼ਠ ਸਥਾਨ 'ਤੇ ਕਾਬਜ਼ ਭਾਰਤੀ ਗੋਲਫਰ ਹੈ, ਜਦਕਿ 2016 ਰੀਓ ਓਲੰਪਿਕ 'ਚ ਹਿੱਸਾ ਲੈਣ ਵਾਲੀ ਅਦਿਤੀ ਦੇਸ਼ ਦੀ ਇਕਲੌਤੀ ਗੋਲਫਰ ਹੈ ਜੋ ਇਸ ਸਮੇਂ ਅਮਰੀਕਾ ਵਿਚ ਲੇਡੀਜ਼ ਪੀ. ਜੀ. ਏ. ਟੂਰ ਵਿਚ ਖੇਡ ਰਹੀ ਹੈ। ਉਸ ਨੇ ਲੇਡੀਜ਼ ਯੂਰਪੀ ਟੂਰ ਵਿਚ 3 ਜਿੱਤਾਂ ਹਾਸਲ ਕੀਤੀਆਂ ਹਨ। ਦੀਕਸ਼ਾ ਨੇ ਮਹਿਲਾਵਾਂ ਦਾ ਦੱਖਣੀ ਅਫਰੀਕੀ ਓਪਨ ਖਿਤਾਬ ਜਿੱਤਿਆ ਸੀ ਅਤੇ 2017 ਡੈਫਲਿੰਪਿਕਸ ਵਿਚ ਚਾਂਦੀ ਤਮਗਾ ਜਿੱਤਣ ਵਾਲੀ ਇਸ ਗੋਲਫਰ ਦਾ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨਾ ਪੱਕਾ ਸੀ ਪਰ ਇਹ ਮੁਲਤਵੀ ਹੋ ਗਿਆ।
ਭਾਰਤੀ ਗੋਲਫਰ ਸੰਘ (ਆਈ. ਜੀ. ਯੂ.) ਨੇ ਉਸ ਦੇ ਨਾਂ ਦੀ ਸਿਫਾਰਿਸ਼ ਕੀਤੀ। ਪੇਸ਼ੇਵਰ ਸੰਸਥਾਵਾਂ ਭਾਰਤੀ ਪੇਸ਼ੇਵਰ ਗੋਲਫ ਟੂਰ (ਪੀ. ਜੀ. ਟੀ. ਆਈ.) ਅਤੇ ਭਾਰਤੀ ਮਹਿਲਾ ਗੋਲਫ ਸੰਘ (ਡਬਲਯੂ. ਜੂ. ਏ. ਆਈ.) ਅਕਸਰ ਆਪਣੀ ਸਿਫਾਰਿਸ਼ ਕੀਤੇ ਗਏ ਨਾਂ ਆਈ. ਜੀ. ਯੂ. ਨੂੰ ਭੇਜ ਦਿੱਤੇ ਹਨ। ਜੇਕਰ ਕੋਵਿਡ-19 ਮਹਾਮਾਰੀ ਨਹੀਂ ਹੁੰਦੀ ਤਾਂ ਇਨ੍ਹਾਂ ਸਾਰਿਆਂ ਦੇ ਟੋਕੀਓ ਓਲੰਪਿਕ ਟੀਮ ਵਿਚ ਜਗ੍ਹਾ ਬਣਾਉਣ ਦੀ ਉਮੀਦ ਸੀ। ਰਾਸ਼ਿਦ 2010 ਵਿਚ ਗਵਾਂਗਝੂ ਏਸ਼ੀਅਨ ਖੇਡਾਂ ਵਿਚ ਇਕ ਸ਼ਾਟ ਨਾਲ ਵਿਅਕਤੀਗਤ ਕਾਂਸੀ ਤਮਗੇ ਤੋਂ ਖੁੰਝ ਗਿਆ ਸੀ ਪਰ ਉਸ ਨੇ ਭਾਰਤੀ ਟੀਮ ਨੂੰ ਚਾਂਦੀ ਤਮਗਾ ਦਿਵਾਉਣ 'ਚ ਮਦਦ ਕੀਤੀ। ਉਹ ਏਸ਼ੀਆ ਵਿਚ 10ਵੇਂ ਸਥਾਨ ਨਾਲ ਸਰਵਸ੍ਰੇਸ਼ਠ ਰੈਂਕਿੰਗ ਵਾਲਾ ਭਾਰਤੀ ਗੋਲਫਰ ਹੈ ਅਤੇ ਉਹ ਵਿਸ਼ਵ ਰੈਂਕਿੰਗ ਵਿਚ ਵੀ 185ਵੇਂ ਸਥਾਨ ਨਾਲ ਟਾਪ ਭਾਰਤੀ ਹੈ।