ਦ੍ਰਾਵਿੜ ਨੂੰ ਵਧੀਆ ਟੀਮ ਬਣਾਉਣ ਲਈ ਸਾਥੀਆਂ ਦਾ ਨਹੀਂ ਮਿਲਿਆ ਸਾਥ : ਗ੍ਰੇਗ ਚੈਪਲ
Friday, May 21, 2021 - 07:59 PM (IST)
ਸਪੋਰਟਸ ਡੈਸਕ : ਸੌਰਵ ਗਾਂਗੁਲੀ ਦੀ ਕਪਤਾਨੀ ’ਤੇ ਟਿੱਪਣੀ ਕਰਨ ਤੋਂ ਬਾਅਦ ਹੁਣ ਭਾਰਤੀ ਟੀਮ ਦੇ ਸਾਬਕਾ ਕੋਚ ਗ੍ਰੇਗ ਚੈਪਲ ਨੇ ਰਾਹੁਲ ਦ੍ਰਾਵਿੜ ’ਤੇ ਨਿਸ਼ਾਨਾ ਲਾਇਆ ਹੈ। ਚੈਪਲ ਨੇ ਕਿਹਾ ਕਿ ਦ੍ਰਾਵਿੜ ਜਦੋਂ ਕਪਤਾਨ ਸਨ ਤਾਂ ਉਹ ਆਪਣੀ ਟੀਮ ਨੂੰ ਸਭ ਤੋਂ ਵਧੀਆ ਟੀਮ ਬਣਾਉਣਾ ਚਾਹੁੰਦੇ ਸਨ। ਉਹ ਇਸ ਲਈ ਯਤਨ ਵੀ ਕਰਦੇ ਸਨ ਪਰ ਟੀਮ ਦੇ ਬਾਕੀ ਖਿਡਾਰੀਆਂ ਤੋਂ ਉਨ੍ਹਾਂ ਨੂੰ ਸਹਿਯੋਗ ਨਹੀਂ ਮਿਲਿਆ।
ਦ੍ਰਾਵਿੜ ਨੇ ਭਾਰਤ ਲਈ 25 ਟੈਸਟ ਤੇ 79 ਵਨਡੇ ’ਚ ਕਪਤਾਨੀ ਕੀਤੀ ਸੀ। ਦ੍ਰਾਵਿੜ ਨੂੰ ਉਦੋਂ ਕਪਤਾਨੀ ਮਿਲੀ, ਜਦੋਂ ਕੋਚ ਗ੍ਰੇਗ ਤੇ ਸੌਰਵ ਗਾਂਗੁਲੀ ਵਿਚਾਲੇ ਰਿਸ਼ਤੇ ਕਾਫ਼ੀ ਤਲਖ ਹੋ ਚੁੱਕੇ ਹਨ। 2007 ਵਿਸ਼ਵ ਕੱਪ ’ਚ ਦ੍ਰਾਵਿੜ ਨੂੰ ਕਪਤਾਨ ਬਣਾਇਆ ਗਿਆ ਸੀ, ਜਿਥੇ ਭਾਰਤੀ ਟੀਮ ਦੂਸਰੇ ਰਾਊਂਡ ’ਚ ਪਹੁੰਚਣ ’ਚ ਅਸਫਲ ਹੋ ਗਈ ਸੀ। ਫਿਲਹਾਲ, ਦ੍ਰਾਵਿੜ ’ਤੇ ਬੋਲਦਿਆਂ ਚੈਪਲ ਨੇ ਕਿਹਾ ਕਿ ਉਹ ਟੀਮ ਨੂੰ ਹਰ ਪਲ ਬੈਸਟ ਬਣਾਉਣ ਦੀ ਸੋਚਦੇ ਸਨ ਪਰ ਟੀਮ ਦੇ ਬਾਕੀ ਸਾਥੀ ਅਜਿਹਾ ਨਹੀਂ ਸੋਚਦੇ ਸਨ। ਉਹ ਜ਼ਿਆਦਾਤਰ ਟੀਮ ’ਚ ਬਣੇ ਰਹਿਣ ਦੀ ਹੀ ਸੋਚਦੇ ਰਹਿੰਦੇ ਸਨ। ਇਹ ਇਸ ਲਈ ਵੀ ਸੀ ਕਿਉਂਕਿ ਟੀਮ ’ਚ ਕਈ ਸੀਨੀਅਰ ਖਿਡਾਰੀ ਸਨ, ਜੋ ਆਪਣੀ ਰਿਟਾਇਰਮੈਂਟ ਵੱਲ ਸਨ।
ਗ੍ਰੇਗ ਨੇ ਕਿਹਾ ਕਿ ਗਾਂਗੁਲੀ ਦਾ ਟੀਮ ਤੋਂ ਬਾਹਰ ਹੋਣਾ ਖਿਡਾਰੀਆਂ ਲਈ ਇਕ ਸੰਕੇਤ ਸੀ ਕਿ ਜੇ ਗਾਂਗੁਲੀ ਬਾਹਰ ਹੋ ਸਕਦੇ ਹਨ ਤਾਂ ਕੋਈ ਵੀ ਹੋ ਸਕਦਾ ਹੈ। ਇਸ ਲਈ 12 ਮਹੀਨੇ ਚੰਗੇ ਗਏ ਪਰ ਇਕ ਵਾਰ ਫਿਰ ਗਾਂਗੁਲੀ ਵਾਪਸ ਟੀਮ ’ਚ ਆ ਗਏ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਮੇਰਾ ਕੰਟ੍ਰੈਕਟ ਵਧਾਉਣਾ ਚਾਹੁੰਦਾ ਸੀ ਪਰ ਮੈਂ ਮਨ੍ਹਾ ਕਰ ਦਿੱਤਾ ਕਿਉਂਕਿ ਮੈਂ ਇੰਨਾ ਪ੍ਰੈਸ਼ਰ ਨਹੀਂ ਝੱਲ ਸਕਦਾ ਸੀ।