ਲੋਕੇਸ਼ ਰਾਹੁਲ ਪੂਰੀ ਤਰ੍ਹਾਂ ਸਿਹਤਮੰਦ, ਜ਼ਿੰਬਾਬਵੇ ਖ਼ਿਲਾਫ਼ ਕਰੇਗਾ ਟੀਮ ਦੀ ਕਪਤਾਨੀ
Friday, Aug 12, 2022 - 11:37 AM (IST)
ਨਵੀਂ ਦਿੱਲੀ (ਏਜੰਸੀ)- ਭਾਰਤੀ ਕ੍ਰਿਕਟ ਬੋਰਡ ਦੀ ਮੈਡੀਕਲ ਟੀਮ ਨੇ ਕੇ.ਐੱਲ. ਰਾਹੁਲ ਨੂੰ ਫਿੱਟ ਐਲਾਨ ਕਰ ਦਿੱਤਾ ਹੈ, ਜਿਸ ਤੋਂ ਬਾਅਦ ਇਸ ਸਲਾਮੀ ਬੱਲੇਬਾਜ਼ ਨੂੰ ਜ਼ਿੰਬਾਬਵੇ ਖ਼ਿਲਾਫ਼ ਹੋਣ ਵਾਲੀ 3 ਮੈਚਾਂ ਦੀ ਵਨਡੇ ਅੰਤਰਰਾਸ਼ਟਰੀ ਕ੍ਰਿਕਟ ਸੀਰੀਜ਼ ਲਈ ਟੀਮ ਦੀ ਕਪਤਾਨੀ ਸੌਂਪੀ ਗਈ ਹੈ। ਇਸ ਸੀਰੀਜ਼ ਲਈ ਪਹਿਲਾਂ ਸ਼ਿਖ਼ਰ ਧਵਨ ਨੂੰ ਕਪਤਾਨ ਨਿਯੁਕਤ ਕੀਤਾ ਗਿਆ ਸੀ ਪਰ ਹੁਣ ਉਹ ਉਪ-ਕਪਤਾਨ ਦੀ ਭੂਮਿਕਾ ਨਿਭਾਉਣਗੇ। ਰਾਹੁਲ ਹਰਨੀਆ ਦੇ ਆਪਰੇਸ਼ਨ ਤੋਂ ਉਬਰ ਰਹੇ ਸਨ। ਉਨ੍ਹਾਂ ਨੇ ਵੈਸਟਇੰਡੀਜ਼ ਖ਼ਿਲਾਫ਼ ਸੀਰੀਜ਼ ਵਿਚ ਖੇਡਣਾ ਸੀ ਪਰ ਕੋਵਿਡ-19 ਲਈ ਪਾਜ਼ੇਟਿਵ ਪਾਏ ਜਾਣ ਕਾਰਨ ਉਹ ਨਹੀਂ ਖੇਡ ਸਕੇ ਸਨ।
ਰਾਹੁਲ ਨੂੰ ਬੀਮਾਰੀ ਤੋਂ ਉਭਰਨ 'ਚ ਸਮਾਂ ਲੱਗ ਰਿਹਾ ਸੀ ਅਤੇ ਇਸ ਲਈ ਉਨ੍ਹਾਂ ਨੂੰ ਪਹਿਲਾਂ ਜ਼ਿੰਬਾਬਵੇ ਦੌਰੇ ਲਈ ਟੀਮ 'ਚ ਨਹੀਂ ਚੁਣਿਆ ਗਿਆ ਸੀ। ਉਨ੍ਹਾਂ ਨੂੰ ਫਿੱਟ ਹੋਣ ਲਈ ਸਮਾਂ ਦਿੱਤਾ ਗਿਆ ਸੀ ਤਾਂ ਕਿ ਉਹ ਏਸ਼ੀਆ ਕੱਪ ਤੱਕ ਪੂਰੀ ਤਰ੍ਹਾਂ ਫਿੱਟ ਹੋ ਜਾਵੇ। ਇਸ ਤੋਂ ਇਲਾਵਾ ਵਾਸ਼ਿੰਗਟਨ ਸੁੰਦਰ ਅਤੇ ਦੀਪਕ ਚਾਹਰ ਨੂੰ ਵੀ ਪੂਰੀ ਤਰ੍ਹਾਂ ਸਿਹਤਮੰਦ ਹੋਣ ਤੋਂ ਬਾਅਦ ਟੀਮ ’ਚ ਸ਼ਾਮਿਲ ਕੀਤਾ ਗਿਆ ਹੈ। ਇਸ ਦੌਰੇ ’ਤੇ ਟੀਮ ਦੇ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ ਹੈ, ਜੋ 28 ਅਗਸਤ ਤੋਂ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿਚ ਹੋਣ ਵਾਲੇ ਏਸ਼ੀਆ ਕੱਪ ਲਈ ਤਿਆਰੀ ਕਰਨਗੇ।
ਭਾਰਤੀ ਟੀਮ : ਲੋਕੇਸ਼ ਰਾਹੁਲ (ਕਪਤਾਨ), ਸ਼ਿਖਰ ਧਵਨ (ਉੱਪ-ਕਪਤਾਨ), ਰਿਤੁਰਾਜ ਗਾਇਕਵਾਡ, ਸ਼ੁਭਮਨ ਗਿੱਲ, ਦੀਪਕ ਹਾਂਡਾ, ਰਾਹੁਲ ਤ੍ਰਿਪਾਠੀ, ਈਸ਼ਾਨ ਕਿਸ਼ਨ (ਵਿਕਟਕੀਪਰ), ਸੰਜੂ ਸੈਮਸਨ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ, ਅਕਸ਼ਰ ਪਟੇਲ, ਅਵੇਸ਼ ਖਾਨ, ਪ੍ਰਸਿੱਧ ਕ੍ਰਿਸ਼ਣਾ, ਮੁਹੰਮਦ ਸਿਰਾਜ, ਦੀਪਕ ਚਾਹਰ।