ਰਹਾਨੇ ਤੇ ਸ਼ਾਰਦੁਲ ਆਈ. ਸੀ. ਸੀ. ਟੈਸਟ ਰੈਂਕਿੰਗ ’ਚ ਅੱਗੇ ਵਧੇ, ਅਸ਼ਵਿਨ ਗੇਂਦਬਾਜ਼ਾਂ ’ਚ ਚੋਟੀ ’ਤੇ ਬਰਕਰਾਰ

Thursday, Jun 15, 2023 - 01:27 PM (IST)

ਰਹਾਨੇ ਤੇ ਸ਼ਾਰਦੁਲ ਆਈ. ਸੀ. ਸੀ. ਟੈਸਟ ਰੈਂਕਿੰਗ ’ਚ ਅੱਗੇ ਵਧੇ, ਅਸ਼ਵਿਨ ਗੇਂਦਬਾਜ਼ਾਂ ’ਚ ਚੋਟੀ ’ਤੇ ਬਰਕਰਾਰ

ਦੁਬਈ, (ਭਾਸ਼ਾ)– ਭਾਰਤੀ ਟੈਸਟ ਟੀਮ ’ਚ ਵਾਪਸੀ ਕਰਨ ਵਾਲਾ ਅਜਿੰਕਯ ਰਹਾਨੇ ਬੁੱਧਵਾਰ ਨੂੰ ਜਾਰੀ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਦੀ ਤਾਜਾ ਰੈਂਕਿੰਗ ’ਚ ਬੱਲੇਬਾਜ਼ਾਂ ਦੀ ਸੂਚੀ ’ਚ 37ਵੇਂ ਜਦਕਿ ਸ਼ਾਰਦੁਲ ਠਾਕੁਰ 49ਵੇਂ ਸਥਾਨ ’ਤੇ ਪਹੁੰਚ ਗਏ ਹਨ । ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਫਾਈਨਲ ਦੀ ਆਖਰੀ-11 ’ਚ ਜਗ੍ਹਾ ਨਾ ਬਣਾ ਸਕਣ ਦੇ ਬਾਵਜੂਦ ਅਸ਼ਵਿਨ ਟੈਸਟ ਗੇਂਦਬਾਜ਼ਾਂ ਦੀ ਸੂਚੀ ’ਚ ਚੋਟੀ ’ਤੇ ਚੱਲ ਰਿਹਾ ਹੈ।

ਵਿਸ਼ੇਸ਼ ਉਪਲੱਬਧੀ ਦੇ ਤਹਿਤ ਆਸਟਰੇਲੀਆ ਦੇ ਤਿੰਨ ਬੱਲੇਬਾਜ਼ ਰੈਂਕਿੰਗ ’ਚ ਟਾਪ-3 ਸਥਾਨਾਂ ’ਤੇ ਕਾਬਜ਼ ਹੋ ਗਏ ਹਨ। ਮਾਰਨਸ ਲਾਬੂਸ਼ੇਨ ਚੋਟੀ ’ਤੇ ਚੱਲ ਰਿਹਾ ਹੈ ਜਦਕਿ ਦਿ ਓਵਲ ’ਚ ਭਾਰਤ ਵਿਰੁੱਧ ਡਬਲਯੂ. ਟੀ. ਸੀ. ਫਾਈਨਲ ’ਚ ਜਿੱਤ ਦੌਰਾਨ ਸੈਂਕੜਾ ਲਾਉਣ ਵਾਲਾ ਸਟੀਵ ਸਮਿਥ ਤੇ ਟ੍ਰੈਵਿਸ ਹੈੱਡ ਅਗਲੇ ਦੋ ਸਥਾਨਾਂ ’ਤੇ ਹੈ। ਡਬਲਯੂ. ਟੀ. ਸੀ. ਫਾਈਨਲ ’ਚ ਭਾਰਤ ਦੀ 209 ਦੌੜਾਂ ਦੀ ਹਾਰ ਦੇ ਬਾਵਜੂਦ ਰਹਾਨੇ 89 ਤੇ 46 ਦੌੜਾਂ ਦੀਆਂ ਪਾਰੀਆਂ ਦੀ ਮਦਦ ਨਾਲ 37ਵੇਂ ਸਥਾਨ ’ਤੇ ਵਾਪਸੀ ਕਰਨ ’ਚ ਸਫਲ ਰਿਹਾ। ਪਹਿਲੀ ਪਾਰੀ ’ਚ ਅਰਧ ਸੈਂਕੜਾ ਲਾਉਣ ਵਾਲੇ ਸ਼ਾਰਦੁਲ ਨੂੰ 6 ਸਥਾਨਾਂ ਦਾ ਫਾਇਦਾ ਹੋਇਆ ਹੈ। ਕਾਰ ਹਾਦਸੇ ’ਚ ਜ਼ਖ਼ਮੀ ਹੋਣ ਤੋਂ ਬਾਅਦ ਉੱਭਰ ਰਿਹਾ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ 10ਵੇਂ ਸਥਾਨ ਨਾਲ ਭਾਰਤੀ ਬੱਲੇਬਾਜ਼ਾਂ ਵਿਚਾਲੇ ਚੋਟੀ ’ਤੇ ਹੈ। ਕਪਤਾਨ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਕ੍ਰਮਵਾਰ 12ਵੇਂ ਤੇ 13ਵੇਂ ਸਥਾਨ ’ਤੇ ਬਣੇ ਹੋਏ ਹਨ। ਤਜਰਬੇਕਾਰ ਆਫ ਸਪਿਨਰ ਅਸ਼ਵਿਨ ਚੋਟੀ ਦੀ ਰੈਂਕਿੰਗ ਹਾਸਲ ਕਰਨ ਵਾਲਾ ਟੈਸਟ ਗੇਂਦਬਾਜ਼ ਬਣਿਆ ਹੋਇਆ ਹੈ। ਉਸਦਾ ਸਾਥੀ ਸਪਿਨਰ ਰਵਿੰਦਰ ਜਡੇਜਾ ਨੌਵੇਂ ਸਥਾਨ ’ਤੇ ਹੈ।

ਇਹ ਵੀ ਪੜ੍ਹੋ : BCCI ਨੇ ਅਰਜੁਨ ਤੇਂਦੁਲਕਰ ਸਮੇਤ 20 ਨੌਜਵਾਨਾਂ ਨੂੰ NCA ’ਚ ਕੈਂਪ ਲਈ ਬੁਲਾਇਆ

ਪਿਛਲਾ ਟੈਸਟ ਜੁਲਾਈ 2022 ’ਚ ਖੇਡਣ ਵਾਲਾ ਜ਼ਖ਼ਮੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੋ ਸਥਾਨਾਂ ਦੇ ਨੁਕਸਾਨ ਨਾਲ 8ਵੇਂ ਸਥਾਨ ’ਤੇ ਹੈ। ਲਾਬੂਸ਼ੇਨ 903 ਰੇਟਿੰਗ ਅੰਕਾਂ ਨਾਲ ਬੱਲੇਬਾਜ਼ੀ ਸੂਚੀ ’ਚ ਚੋਟੀ ’ਤੇ ਹੈ। ਸਮਿਥ ਭਾਰਤ ਵਿਰੁੱਧ 121 ਤੇ 34 ਦੌੜਾਂ ਦੀਆਂ ਪਾਰੀਆਂ ਖੇਡਣ ਤੋਂ ਬਾਅਦ ਇਕ ਸਥਾਨ ਦੇ ਫਾਇਦੇ ਨਾਲ ਦੂਜੇ ਸਥਾਨ ’ਤੇ ਪਹੁੰਚ ਗਿਆ ਹੈ। ਡਬਲਯੂ. ਟੀ. ਸੀ. ਫਾਈਨਲ ’ਚ ਸੈਂਕੜਾ ਲਾਉਣ ਵਾਲਾ ਹੈੱਡ 163 ਤੇ 18 ਦੀਆਂ ਪਾਰੀਆਂ ਦੀ ਮਦਦ ਨਾਲ 3 ਸਥਾਨਾਂ ਦੇ ਫਾਇਦੇ ਨਾਲ ਕਰੀਅਰ ਦੇ ਸਰਵਸ੍ਰੇਸ਼ਠ ਤੀਜੇ ਸਥਾਨ ’ਤੇ ਪਹੁੰਚ ਗਿਆ ਹੈ।

ਦੂਜੇ ਸਥਾਨ ਲਈ ਦੌੜ ਹਾਲਾਂਕਿ ਕਾਫੀ ਨੇੜਲੀ ਹੈ। ਸਮਿਥ ਦੇ 885 ਜਦਕਿ ਹੈੱਡ ਦੇ 884 ਤੇ ਚੌਥੇ ਸਥਾਨ ’ਤੇ ਮੌਜੂਦ ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ ਦੇ 883 ਅੰਕ ਹਨ। ਇਕ ਟੀਮ ਦੇ ਤਿੰਨ ਬੱਲੇਬਾਜ਼ਾਂ ਦਾ ਟਾਪ-3 ’ਤੇ ਹੋਣਾ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ। ਟੈਸਟ ਰੈਂਕਿੰਗ ’ਚ ਅਜਿਹਾ ਪਿਛਲੀ ਵਾਰ 1984 ਵਿਚ ਹੋਇਆ ਸੀ ਜਦੋਂ ਵੈਸਟਇੰਡੀਜ਼ ਦੇ ਗੋਰਡਨ ਗ੍ਰੀਨਿਜ (810 ਅੰਕ), ਕਲਾਈਵ ਲਾਇਡ (787 ਅੰਕ) ਤੇ ਲੈਰੀ ਗੋਮਸ (773 ਅੰਕ) ਟਾਪ-3 ਸਥਾਨਾਂ ’ਤੇ ਜਗ੍ਹਾ ਬਣਾਉਣ ’ਚ ਸਫਲ ਰਹੇ ਸਨ। ਆਸਟਰੇਲੀਆ ਦਾ ਵਿਕਟਕੀਪਰ ਬੱਲੇਬਾਜ਼ ਐਲਕਸ ਕੈਰੀ ਵੀ 11 ਸਥਾਨਾਂ ਦੇ ਫਾਇਦੇ ਨਾਲ 36ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਉਸ ਨੇ 48 ਤੇ ਅਜੇਤੂ 66 ਦੌੜਾਂ ਦੀ ਪਾਰੀ ਖੇਡੀ ਸੀ।ਗੇਂਦਬਾਜ਼ਾਂ ਦੀ ਸੂਚੀ ’ਚ ਸਪਿਨਰ ਨਾਥਨ ਲਿਓਨ ਦੋ ਸਥਾਨਾਂ ਦੇ ਫਾਇਦੇ ਨਾਲ 6ਵੇਂ ਜਦਕਿ ਤੇਜ਼ ਗੇਂਦਬਾਜ਼ ਸਕਾਟ ਬੋਲੈਂਡ 5 ਸਥਾਨਾਂ ਦੇ ਫਾਇਦੇ ਨਾਲ 36ਵੇਂ ਸਥਾਨ ’ਤੇ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News