ਭਾਰਤ ਦੀ ਵੈਸ਼ਾਲੀ ਆਰ. ਨੇ ਜਿੱਤਿਆ ਦੂਜਾ ਫ਼ੀਡੇ ਸਪੀਡ ਚੈੱਸ ਕੁਆਲੀਫ਼ਾਇਰ
Wednesday, Jun 02, 2021 - 04:30 PM (IST)
ਚੇਨਈ— ਭਾਰਤ ਦੀ ਨੰਬਰ 3 ਸ਼ਤਰੰਜ ਖਿਡਾਰੀ ਮਹਿਲਾ ਗ੍ਰਾਂਡ ਮਾਸਟਰ ਆਰ. ਵੈਸ਼ਾਲੀ ਨੇ ਫ਼ੀਡੇ ਮਹਿਲਾ ਸਪੀਡ ਚੈੱਸ ਦੇ ਦੂਜੇ ਕੁਆਲੀਫ਼ਾਇਰ ਨੂੰ ਜਿੱਤ ਕੇ ਸਪੀਡ ਚੈੱਸ ਦੇ ਮੁੱਖ ਪੜਾਅ ’ਚ ਜਗ੍ਹਾ ਬਣਾ ਲਈ ਹੈ। ਹਰਿਕਾ ਦੇ ਬਾਅਦ ਵੈਸ਼ਾਲੀ ਦੀ ਜਿੱਤ ਨੇ ਕੁਆਲੀਫ਼ਾਇਰ ਦੇ ਦੂਜੇ ਦਿਨ ਵੀ ਭਾਰਤ ਦਾ ਜਲਵਾ ਕਾਇਮ ਰੱਖਿਆ। ਪਹਿਲਾ ਕੁਆਲੀਫ਼ਾਇਰ ਜਿੱਥੇ 5+1 ਮਿੰਟ ਦੇ ਮੈਚ ’ਤੇ ਅਧਾਰਤ ਸੀ ਤਾਂ ਇਸ ਵਾਰ ਇਹ 3+1 ਮਿੰਟ ਦੇ ਆਧਾਰ ’ਤੇ ਖੇਡਿਆ ਗਿਆ। ਦੁਨੀਆ ਭਰ ਦੀਆਂ 110 ਮਹਿਲਾ ਟਾਈਟਲ ਪ੍ਰਾਪਤ ਖਿਡਾਰੀਆਂ ਵਿਚਾਲੇ ਹੋਏ 17 ਸਵਿਸ ਰਾਊਂਡ ਦੇ ਬਾਅਦ ਵੈਸ਼ਾਲੀ ਤੀਜੇ ਸਥਾਨ ’ਤੇ ਰਹਿ ਕੇ ਪਲੇਆਫ਼ ’ਚ ਜਗ੍ਹਾ ਬਣਾਉਣ ’ਚ ਕਾਮਯਾਬ ਰਹੀ।
ਕੁਆਰਟਰ ਫ਼ਾਈਨਲ ’ਚ ਵੈਸ਼ਾਲੀ ਨੇ ਸਭ ਤੋਂ ਪਹਿਲਾਂ ਰੂਸ ਦੀ ਅਨਸਤਾਸੀਆ ਬੋਦਨਰੁਕ ਨੂੰ ਆਸਾਨੀ ਨਾਲ 2-0 ਨਾਲ ਹਰਾਇਆ ਤਾਂ ਸੈਮੀਫ਼ਾਈਨਲ ’ਚ ਉਨ੍ਹਾਂ ਨੇ ਕਜ਼ਾਕਿਸਤਾਨ ਦੀ ਬਿਬਿਸਾਰਾ ਅਸਸੌਬਾਏਵਾ ਨੂੰ 2-0 ਨਾਲ ਹਰਾਉਂਦੇ ਹੋਏ ਸ਼ਾਨਦਾਰ ਅੰਦਾਜ਼ ’ਚ ਫ਼ਾਈਨਲ ’ਚ ਪ੍ਰਵੇਸ਼ ਕੀਤਾ। ਜਦਕਿ ਸਾਬਕਾ ਵਿਸ਼ਵ ਜੂਨੀਅਰ ਚੈਂਪੀਅਨ ਰੂਸ ਦੀ ਪੋਲਿਨਾ ਸ਼ੁਵਲੋਵਾ ਵੀ ਫ਼ਾਈਨਲ ’ਚ ਪਹੁੰਚ ਗਈ।
ਫ਼ਾਈਨਲ ਮੁਕਾਬਲਾ ਕਾਫ਼ੀ ਰੋਚਕ ਰਿਹਾ ਤੇ ਸ਼ੁਵਾਲੋਵਾ ਦੇ ਖ਼ਿਲਾਫ਼ ਵੈਸ਼ਾਲੀ ਬਿਲਕੁਲ ਜਿੱਤੀ ਹੋਈ ਬਾਜ਼ੀ ਸਮੇਂ ਦੇ ਦਬਾਅ ’ਚ ਹਾਰ ਕੇ 1-0 ਨਾਲ ਪਿੱਛੇ ਹੋ ਗਈ ਪਰ ਦੂਜੇ ਮੈਚ ’ਚ ਉਨ੍ਹਾਂ ਨੇ ਰਾਜਾ ਦੇ ਉੱਪਰ ਸ਼ਾਨਦਾਰ ਹਮਲਾ ਕਰਕੇ ਜਿੱਤ ਹਾਸਲ ਕਰਕੇ ਸਕੋਰ ਬਰਾਬਰ ਕਰ ਦਿੱਤਾ। ਇਸ ਤੋਂ ਬਾਅਦ ਆਰਮਗੋਦੇਨ ਟਾਈਬ੍ਰੇਕ ਖੇਡਿਆ ਗਿਆ ਜਿਸ ’ਚ ਕਦੀ ਵੈਸ਼ਾਲੀ ਤਾਂ ਕਦੀ ਸ਼ੁਵਲੋਵਾ ਬਿਹਤਰ ਨਜ਼ਰ ਆਈਆਂ ਪਰ ਅੰਤ ’ਚ ਵੈਸ਼ਾਲੀ ਜਿੱਤਣ ’ਚ ਸਫਲ ਰਹੀ ਤੇ ਇਸ ਦੇ ਨਾਲ ਹੀ ਉਸ ਨੇ ਕੋਨੇਰੂ ਹੰਪੀ, ਹਰਿਕਾ ਦ੍ਰੋਣਾਵੱਲੀ ਦੇ ਬਾਅਦ ਸਪੀਡ ਚੈੱਸ ਦੇ ਮੁੱਖ ਪੜਾਅ ’ਚ ਖੇਡਣ ਵਾਲੀ ਤੀਜੀ ਭਾਰਤੀ ਹੋਣ ਦਾ ਮਾਣ ਹਾਸਲ ਕਰ ਲਿਆ।