ਸ਼੍ਰੀਲੰਕਾ ਤੇ ਭਾਰਤ ’ਚ ਟੀਮ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਗੰਭੀਰ ’ਤੇ ਉੱਠੇ ਸਵਾਲ
Monday, Nov 04, 2024 - 11:18 AM (IST)
ਸਪੋਰਟਸ ਡੈਸਕ- ਸ਼੍ਰੀਲੰਕਾ ਤੇ ਨਿਊਜ਼ੀਲੈਂਡ ਵਿਰੁੱਧ ਲੜੀਆਂ ਵਿਚ ਹਾਰ ਨੇ ਗੌਤਮ ਗੰਭੀਰ ਨੂੰ ਭਾਰਤੀ ਟੀਮ ਦਾ ਮੁੱਖ ਕੋਚ ਨਿਯੁਕਤ ਹੋਣ ਦੇ ਤਿੰਨ ਮਹੀਨੇ ਬਾਅਦ ਹੀ ਦਬਾਅ ਵਿਚ ਪਾ ਦਿੱਤਾ ਹੈ। ਗੰਭੀਰ ਨੂੰ ਕਾਫੀ ਸ਼ਾਨਦਾਰ ਤਰੀਕੇ ਨਾਲ ਰਾਸ਼ਟਰੀ ਟੀਮ ਦੇ ਕੋਚ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਸੀ। ਉਸ ਨੂੰ ਇਸ ਦੇ ਨਾਲ ਹੀ ਆਸਟ੍ਰੇਲੀਆ ਦੌਰੇ ਲਈ ਚੋਣ ਕਮੇਟੀ ਦੀ ਮੀਟਿੰਗ ਵਿਚ ਵੀ ਸ਼ਾਮਲ ਕੀਤਾ ਗਿਆ ਸੀ।
ਰਾਸ਼ਟਰੀ ਟੀਮ ਦੇ ਨਾਲ ਉਸਦੇ ਸ਼ੁਰੂਆਤੀ ਰਿਪੋਰਟ ਕਾਰਡ ਤੋਂ ਸਾਫ ਪਤਾ ਲੱਗਦਾ ਹੈ ਕਿ ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਲਈ ਚੀਜ਼ਾਂ ਚੰਗੀਆਂ ਨਹੀਂ ਦਿਸ ਰਹੀਆਂ ਹਨ। ਗੰਭੀਰ ਨੂੰ ਟੀਮ ਚੋਣ ਮਾਮਲਿਆਂ ਵਿਚ ਵੀ ਕਾਫੀ ਛੋਟ ਦਿੱਤੀ ਗਈ ਤੇ ਆਸਟ੍ਰੇਲੀਆ ਦੌਰੇ ’ਤੇ ਜੇਕਰ ਟੀਮ ਦੇ ਪ੍ਰਦਰਸ਼ਨ ਵਿਚ ਵੱਡਾ ਸੁਧਾਰ ਨਹੀਂ ਹੁੰਦਾ ਹੈ ਤਾਂ ਆਉਣ ਵਾਲੇ ਸਮੇਂ ਵਿਚ ਟੀਮ ਨਾਲ ਸਬੰਧਤ ਮੁੱਦਿਆਂ ’ਤੇ ਉਹ ਅਹਿਮ ਭੂਮਿਕਾ ਨਹੀਂ ਨਿਭਾਅ ਸਕੇਗਾ।
ਗੰਭੀਰ ਦੇ ਕਮਾਨ ਸੰਭਾਲਣ ਤੋਂ ਬਾਅਦ ਭਾਰਤ 27 ਸਾਲਾਂ ਵਿਚ ਪਹਿਲੀ ਵਾਰ ਸ਼੍ਰੀਲੰਕਾ ਹੱਥੋਂ ਵਨ ਡੇ ਲੜੀ ਹਾਰ ਗਿਆ ਤੇ ਹੁਣ ਨਿਊਜ਼ੀਲੈਂਡ ਹੱਥੋਂ ਘਰੇਲੂ ਟੈਸਟ ਵਿਚ ਉਸ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਟੀਮ ਦਾ ਕੋਚ ਸਿਰਫ ਯੋਜਨਾ ਹੀ ਬਣਾ ਸਕਦਾ ਹੈ ਪਰ ਸਪਿਨਰਾਂ ਵਿਰੁੱਧ ਭਾਰਤੀ ਬੱਲੇਬਾਜ਼ਾਂ ਦੀ ਕਮਜ਼ੋਰੀ ਜਾਣਨ ਦੇ ਬਾਵਜੂਦ ਮੁੰਬਈ ਵਿਚ ਪੂਰੀ ਤਰ੍ਹਾਂ ਨਾਲ ਸਪਿਨਰਾਂ ਦੀ ਮਦਦਗਾਰ ਪਿੱਚ ਦੀ ਚੋਣ ਕਰਨ ’ਤੇ ਉਸ ’ਤੇ ਸਵਾਲ ਉੱਠ ਰਹੇ ਹਨ।