ਕਤਰ 2032 ਓਲੰਪਿਕ ਤੇ ਪੈਰਾਲੰਪਿਕ ਦੀ ਮੇਜ਼ਬਾਨੀ ਦੀ ਬੋਲੀ ਲਾਉਣ ਲਈ ਤਿਆਰ
Monday, Jul 27, 2020 - 09:20 PM (IST)

ਦੋਹਾ– ਕਤਰ ਨੇ 2032 ਓਲੰਪਿਕ ਤੇ ਪੈਰਾਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨ ਦੀ ਇੱਛਾ ਜਤਾਉਂਦੇ ਹੋਏ ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਨੂੰ ਇਕ ਪੱਤਰ ਲਿਖ ਕੇ ਇਸਦੀ ਜਾਣਕਾਰੀ ਦਿੱਤੀ ਹੈ। ਕੁਦਰਤੀ ਗੈਸ ਭੰਡਾਰ ਲਈ ਮਸ਼ਹੂਰ ਇਸ ਖਾੜੀ ਦੇਸ਼ ਦੀ ਕੋਸ਼ਿਸ਼ ਦੁਨੀਆ ਦੀਆਂ ਸਭ ਤੋਂ ਵੱਡੀਆਂ ਖੇਡਾਂ ਨੂੰ ਪਹਿਲੀ ਵਾਰ ਪੱਛਮੀ-ਏਸ਼ੀਆ ਵਿਚ ਕਰਵਾਉਣ ਦੀ ਹੈ। ਕਤਰ 2022 ਵਿਚ ਫੀਫਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ। ਕਤਰ ਓਲੰਪਿਕ ਕਮੇਟੀ ਦੇ ਮੁਖੀ ਸ਼ੇਖ ਜੋਆਨ ਬਿਨ ਹਮਦ ਬਿਨ ਖਲੀਫਾ ਅਲ-ਥਾਨੀ ਨੇ ਇਕ ਬਿਆਨ ਵਿਚ ਕਿਹਾ,''ਅੱਜ ਦੇ ਐਲਾਨ ਦੇ ਨਾਲ ਹੀ ਆਈ. ਓ. ਸੀ. ਦੇ ਫਿਊਚਰ ਹੋਸਟਿੰਗ ਕਮਿਸ਼ਨ ਦੇ ਨਾਲ ਸਾਰਥਕ ਗੱਲਬਾਤ ਦੀ ਸ਼ੁਰੂਆਤ ਹੋਈ। ਇਸ ਤੋਂ ਇਹ ਵੀ ਪਤਾ ਲੱਗੇਗਾ ਕਿ ਓਲੰਪਿਕ ਖੇਡਾਂ ਕਤਰ ਦੇ ਲੰਬੇ ਸਮੇਂ ਦੇ ਵਿਕਾਸ ਟੀਚੇ ਦਾ ਸਮਰੱਥਨ ਕਿਵੇਂ ਕਰ ਸਕਦੇ ਹਨ।''
ਉਨ੍ਹਾਂ ਕਿਹਾ,''ਕਈ ਸਾਲਾਂ ਤਕ ਸਾਡੇ ਦੇਸ਼ ਦੇ ਵਿਕਾਸ ਵਿਚ ਖੇਡਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਇਹ ਸ਼ਾਂਤੀ ਤੇ ਸੰਸਕ੍ਰਿਤੀ ਦੇ ਆਦਾਨ-ਪ੍ਰਦਾਨ ਨੂੰ ਬੜ੍ਹਾਵਾ ਦੇਣ ਲਈ ਖੇਡ ਦਾ ਇਸਤੇਮਾਲ ਕਰਨ ਦੀ ਸਾਡੀ ਇੱਛਾ ਨੂੰ ਦਰਸਾਉਂਦਾ ਹੈ। ਸਾਡੇ ਪਹਿਲਾਂ ਦੇ ਚੰਗੇ ਰਿਕਾਰਡ ਤੇ ਤਜਰੇਬ ਕਮਿਸ਼ਨ ਦੇ ਨਾਲ ਸੀਡੀ ਚਰਚਾ ਦਾ ਆਧਾਰ ਬਣੇਗਾ।'' ਓਲੰਪਿਕ ਦਾ ਆਯੋਜਨ ਆਮ ਤੌਰ 'ਤੇ ਜੁਲਾਈ -ਅਗਸਤ ਦੇ ਮਹੀਨੇ 'ਚ ਹੁੰਦਾ ਹੈ ਪਰ ਇਸ ਮੌਸਮ 'ਚ ਕਤਰ ਵਿਚ ਬਹੁਤ ਗਰਮੀ ਹੁੰਦੀ ਹੈ। ਗਰਮੀ ਦੇ ਕਾਰਨ ਹੀ ਫੀਫਾ ਨੇ ਵਿਸ਼ਵ ਕੱਪ ਨੂੰ ਜੂਨ-ਜੁਲਾਈ ਦੀ ਜਗ੍ਹਾ ਨਵੰਬਰ-ਦਸੰਬਰ 2022 'ਚ ਕਰਵਾਉਣ ਦਾ ਫੈਸਲਾ ਕੀਤਾ ਹੈ।