ਸਿੰਧੂ, ਸ਼੍ਰੀਕਾਂਤ ਮਲੇਸ਼ੀਆ ਓਪਨ ਦੇ ਸੈਮੀਫਾਈਨਲ ''ਚ
Saturday, Jun 30, 2018 - 09:32 AM (IST)

ਕੁਆਲਾਲੰਪੁਰ— ਪੀ.ਵੀ. ਸਿੰਧੂ ਅਤੇ ਕਿਦਾਂਬੀ ਸ਼੍ਰੀਕਾਂਤ ਨੇ ਮਲੇਸ਼ੀਆ ਓਪਨ 'ਚ ਸ਼ਾਨਦਾਰ ਫਾਰਮ ਜਾਰੀ ਰਖਦੇ ਹੋਏ ਸਿੱਧੇ ਗੇਮ 'ਚ ਜਿੱਤ ਦਰਜ ਕਰਕੇ ਕ੍ਰਮਵਾਰ ਮਹਿਲਾ ਅਤੇ ਪੁਰਸ਼ ਸਿੰਗਲ ਵਰਗ ਦੇ ਸੈਮੀਫਾਈਨਲ 'ਚ ਜਗ੍ਹਾ ਬਣਾਈ। ਓਲੰਪਿਕ ਚਾਂਦੀ ਦਾ ਤਮਗਾ ਜੇਤੂ ਅਤੇ ਸੋਨ ਤਮਗਾ ਜੇਤੂ ਵਿਚਾਲੇ ਮੁਕਾਬਲੇ 'ਚ ਸਿੰਧੂ ਨੇ ਬਾਜ਼ੀ ਮਾਰੀ। ਉਨ੍ਹਾਂ ਨੇ 700,000 ਡਾਲਰ ਇਨਾਮੀ ਰਾਸ਼ੀ ਦੇ ਵਰਲਡ ਟੂਰ ਸੁਪਰ ਟੂਰਨਾਮੈਂਟ ਦੇ ਮਹਿਲਾ ਸਿੰਗਲ ਵਰਗ ਦੇ ਕੁਆਰਟਰਫਾਈਨਲ 'ਚ ਕੈਰੋਲਿਨਾ ਮਾਰਿਨ ਨੂੰ 2 ਮਿੰਟਾਂ 'ਚ 22-20, 21-19 ਨਾਲ ਹਰਾਇਆ। ਗਲਾਸਗੋ ਵਿਸ਼ਵ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਮਗਾ ਜਿੱਤਣ ਵਾਲੀ 22 ਸਾਲਾ ਸਿੰਧੂ ਦਾ ਸਾਹਮਣਾ ਹੁਣ ਦੁਨੀਆ ਦੀ ਨੰਬਰ ਇਕ ਅਤੇ ਚੋਟੀ ਦਾ ਦਰਜਾ ਪ੍ਰਾਪਤ ਚੀਨੀ ਤਾਈਪੇ ਦੀ ਤਾਈ ਜੁ ਯਿੰਗ ਨਾਲ ਹੋਵੇਗਾ।
ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ 'ਚ ਚਾਂਦੀ ਦਾ ਤਮਗਾ ਆਪਣੇ ਨਾਂ ਕਰਨ ਵਾਲੇ ਚੌਥਾ ਦਰਜਾ ਪ੍ਰਾਪਤ ਸ਼੍ਰੀਕਾਂਤ ਨੇ ਕੁਆਰਟਰਫਾਈਨਲ 'ਚ ਦੁਨੀਆ ਦੇ 22ਵੇਂ ਨੰਬਰ ਦੇ ਖਿਡਾਰੀ ਲੇਵਰਡੇਜ ਨੂੰ 39 ਮਿੰਟ 'ਚ 21-18, 21-14 ਨਾਲ ਹਰਾਇਆ। ਇਸ ਭਾਰਤੀ ਖਿਡਾਰੀ ਨੇ ਇਸ ਸਾਲ ਆਲ ਇੰਗਲੈਂਡ ਚੈਂਪੀਅਨਸ਼ਿਪ 'ਚ ਵੀ ਫਰਾਂਸ ਦੇ ਇਸ ਖਿਡਾਰੀ ਨੂੰ ਤਿੰਨ ਗੇਮ 'ਚ ਹਰਾਇਆ ਸੀ। ਹੁਣ ਅੰਤਿਮ ਚਾਰ 'ਚ ਉਨ੍ਹਾਂ ਦਾ ਸਾਹਮਣਾ ਦੁਨੀਆ ਦੇ ਨੰਬਰ ਦੋ ਅਤੇ 2015 ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਕੇਂਟੋ ਮੋਮੋਟਾ ਨਾਲ ਹੋਵੇਗਾ ਜੋ ਜਾਪਾਨ ਬੈਡਮਿੰਟਨ ਸੰਘ ਵੱਲੋਂ ਲਗਾਈ ਗਈ ਇਕ ਸਾਲ ਦੀ ਪਾਬੰਦੀ ਦੇ ਬਾਅਦ ਵਾਪਸੀ ਕਰ ਰਹੇ ਹਨ।