ਪੀ. ਵੀ. ਸਿੰਧੂ ਟੋਕੀਓ ਓਲੰਪਿਕ ਲਈ ਭਾਰਤ ਦੀ ਝੰਡਾਬਰਦਾਰ ਬਣਨ ਦੀ ਦੌੜ ’ਚ

Saturday, Jun 26, 2021 - 04:50 PM (IST)

ਨਵੀਂ ਦਿੱਲੀ— ਭਾਰਤੀ ਸਟਾਰ ਬੈਡਮਿੰਟਨ ਖਿਡਾਰੀ ਤੇ ਰੀਓ ਓਲੰਪਿਕ ਦੀ ਚਾਂਦੀ ਦਾ ਤਮਗ਼ਾ ਜੇਤੂ ਪੀ. ਵੀ. ਸਿੰਧੂ ਟੋਕੀਓ ਓਲੰਪਿਕ ਦੇ ਲਈ ਭਾਰਤੀ ਦਲ ਦੇ ਦੋ ਝੰਡਾਬਰਦਾਰਾਂ ’ਚੋਂ ਇਕ ਦੀ ਦੌੜ ’ਚ ਸਭ ਤੋਂ ਅੱਗੇ ਹੈ। ਇਸ ਵਾਰ ਭਾਰਤ 23 ਜੁਲਾਈ ਤੋਂ ਸ਼ੁਰੂ ਹੋ ਰਹੇ ਟੋਕੀਓ ਓਲੰਪਿਕਸ ਉਦਘਾਟਨ ਸਮਾਰੋਹ ਲਈ ਇਕ ਪੁਰਸ਼ ਤੇ ਇਕ ਮਹਿਲਾ ਖਿਡਾਰੀ ਝੰਡਾਬਰਦਾਰ ਬਣਾਏਗਾ।

ਅਧਿਕਾਰਤ ਐਲਾਨ ਇਸ ਮਹੀਨੇ ਦੇ ਅੰਤ ’ਚ ਹੋਵੇਗਾ ਪਰ ਇਹ ਲਗਭਗ ਯਕੀਨੀ ਲਗ ਰਿਹਾ ਹੈ ਕਿ ਸਿੰਧੂ ਝੰਡਾਬਰਦਾਰ ਹੋਵੇਗੀ। ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਦੇ ਇਕ ਸੂਤਰ ਨੇ ਕਿਹਾ ਕਿ ਸਿੰਧੂ ਦੇ ਝੰਡਾਬਰਦਾਰ ਬਣਨ ਦੀ ਉਮੀਦ ਹੈ। ਹਾਲਾਂਕਿ ਅਜਿਹਾ ਕੋਈ ਨਿਯਮ ਨਹੀਂ ਹੈ ਪਰ ਅਜਿਹਾ ਰਿਵਾਜ ਹੈ ਕਿ ਪਿਛਲੇ ਓਲੰਪਿਕ ਦੇ ਤਮਗ਼ਾ ਜੇਤੂ ਨੂੰ ਹਮੇਸ਼ਾ ਅਗਲੇ ਓਲੰਪਿਕ ਦਾ ਝੰਡਾਬਰਦਾਰ ਬਣਾਇਆ ਗਿਆ ਹੈ। ਪਿਛਲੇ ਓਲੰਪਿਕ ’ਚ 2 ਤਮਗ਼ਾ ਜੇਤੂ ਸਨ ਜਿਸ ’ਚੋਂ ਇਕ ਪਹਿਲਵਾਨ ਸਾਕਸ਼ੀ ਮਲਿਕ ਇਸ ਵਾਰ ਲਈ ਕੁਆਲੀਫ਼ਾਈ ਨਹੀਂ ਕਰ ਸਕੀ ਹੈ। 

ਹਾਲਾਂਕਿ ਪੁਰਸ ਖਿਡਾਰੀਆਂ ’ਚੋਂ ਇਹ ਸਪੱਸ਼ਟ ਨਹੀਂ ਹੈ ਕਿ ਕੌਣ ਝੰਡਾਬਰਦਾਰ ਹੋਵੇਗਾ। ਕੁਝ ਵੱਡੇ ਨਾਵਾਂ ’ਚ ਜੈਵਲਿਨ ਥ੍ਰੋਅਰ ਨੀਰਜ ਚੌਪੜਾ, ਟੇਬਲ ਟੈਨਿਸ ਖਿਡਾਰੀ ਸ਼ਰਤ ਕਮਲ, ਪਹਿਲਵਾਨ ਬਜਰੰਗ ਪੂਨੀਆ, ਮੁੱਕੇਬਾਜ਼ ਅਮਿਤ ਪੰਘਾਲ ਸ਼ਾਮਲ ਹਨ। ਰੀਓ ਡੀ ਜੇਨੇਰੀਓ ’ਚ ਹੋਏ ਪਿਛਲੇ ਓਲੰਪਿਕ ’ਚ ਕੋਈ ਵੀ ਪੁਰਸ਼ ਅਥਲੀਟ ਤਮਗ਼ਾ ਹਾਸਲ ਨਹੀਂ ਕਰ ਸਕਿਆ ਸੀ।


Tarsem Singh

Content Editor

Related News