ਸਿੰਧੂ ਨੇ ਮਲੇਸ਼ੀਆ ਮਾਸਟਰਸ ਦੇ ਕੁਆਰਟਰ ਫਾਈਨਲ ''ਚ ਕੀਤਾ ਪ੍ਰਵੇਸ਼
Thursday, Jan 09, 2020 - 03:13 PM (IST)

ਸਪੋਰਟਸ ਡੈਸਕ— ਮੌਜੂਦਾ ਵਿਸ਼ਵ ਚੈਂਪੀਅਨ ਪੀ. ਵੀ. ਸਿੰਧੂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵੀਰਵਾਰ ਨੂੰ ਇੱਥੇ ਮਲੇਸ਼ੀਆ ਮਾਸਟਰਸ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕੀਤਾ। ਛੇਵਾਂ ਦਰਜਾ ਪ੍ਰਾਪਤ ਸਿੰਧੂ ਨੇ ਜਾਪਾਨ ਦੀ ਅਯਾ ਓਹੋਰੀ 'ਤੇ ਸਿਰਫ 34 ਮਿੰਟ ਤਕ ਚਲੇ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ 'ਚ 21-10, 21-15 ਨਾਲ ਜਿੱਤ ਹਾਸਲ ਕੀਤੀ। ਇਹ ਓਹੋਰੀ 'ਤੇ ਸਿੰਧੂ ਦੀ ਲਗਾਤਾਰ ਨੌਵੀਂ ਜਿੱਤ ਹੈ।
ਪਿਛਲੇ ਸਾਲ ਬਾਸੇਲ 'ਚ ਵਿਸ਼ਵ ਚੈਂਪੀਅਨਸ਼ਿਪ ਖਿਤਾਬ ਜਿੱਤਣ ਵਾਲੀ 24 ਸਾਲਾ ਸਿੰਧੂ ਹੁਣ ਕੁਆਰਟਰ ਫਾਈਨਲ 'ਚ ਦੁਨੀਆ ਦੀ ਨੰਬਰ ਇਕ ਚੀਨੀ ਤਾਈਪੇ ਦੀ ਖਿਡਾਰੀ ਤਾਈ ਜੁ ਯਿੰਗ ਅਤੇ ਸਤਵਾਂ ਦਰਜਾ ਪ੍ਰਾਪਤ ਕੋਰੀਆਈ ਸੁੰਗ ਜਿ ਹੁਨ ਵਿਚਾਲੇ ਹੋਣ ਵਾਲੇ ਮੁਕਾਬਲੇ ਦੀ ਜੇਤੂ ਨਾਲ ਭਿੜੇਗੀ। ਲੰਡਨ ਓਲੰਪਿਕ ਦੀ ਕਾਂਸੀ ਤਮਗਾਧਾਰੀ ਅਤੇ ਗੈਰ ਦਰਜਾ ਪ੍ਰਾਪਤ ਸਾਇਨਾ ਨੇ ਦੱਖਣੀ ਕੋਰੀਆ ਦੀ ਆਨ ਸੇ ਯੁੰਗ ਨੂੰ 39 ਮਿੰਟ ਤਕ ਚਲੇ ਰੋਮਾਂਚਕ ਮੁਕਾਬਲੇ 'ਚ 25-23, 21-12 ਨਾਲ ਹਰਾ ਕੇ ਆਖਰੀ ਅੱਠ 'ਚ ਜਗ੍ਹਾ ਬਣਾਈ। ਪੁਰਸ਼ ਸਿੰਗਲ 'ਚ ਸਮੀਰ ਵਰਮਾ ਦੂਜੇ ਦੌਰ 'ਚ ਹੀ ਬਾਹਰ ਹੋ ਗਏ। ਉਨ੍ਹਾਂ ਨੂੰ ਮਲੇਸ਼ੀਆ ਦੇ ਲੀ ਜੀ ਜੀਆ ਨੇ 21-19, 22-20 ਨਾਲ ਹਰਾਇਆ।