ਕੌਮੀ ਓਪਨ ਅਥਲੈਟਿਕਸ ਚੈਂਪੀਅਨਸ਼ਿਪ : ਡਿਸਕਸ ਸੁੱਟਣ 'ਚ ਪੰਜਾਬਣਾਂ ਦੀ ਸਰਦਾਰੀ

Friday, Sep 28, 2018 - 10:46 AM (IST)

ਕੌਮੀ ਓਪਨ ਅਥਲੈਟਿਕਸ ਚੈਂਪੀਅਨਸ਼ਿਪ : ਡਿਸਕਸ ਸੁੱਟਣ 'ਚ ਪੰਜਾਬਣਾਂ ਦੀ ਸਰਦਾਰੀ

ਪਟਿਆਲਾ— ਭੁਵਨੇਸ਼ਵਰ ਵਿਖੇ ਚਲ ਰਹੀ 58ਵੀਂ ਕੌਮੀ ਓਪਨ ਅਥਲੈਟਿਕਸ ਚੈਂਪੀਅਨਸ਼ਿਪ ਦੇ ਡਿਸਕਸ ਸੁੱਟਣ ਮੁਕਾਬਲੇ 'ਚ ਪੰਜਾਬਣ ਅਥਲੀਟ ਕਮਲਪ੍ਰੀਤ ਕੌਰ ਤੇ ਨਵਜੀਤ ਢਿੱਲੋਂ ਨੇ ਕ੍ਰਮਵਾਰ ਸੋਨ ਤੇ ਚਾਂਦੀ ਦੇ ਤਮਗੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ। ਸ਼੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਪਿੰਡ ਕਬਰਵਾਲਾ ਦੀ ਜੰਮਪਲ ਕਮਲਪ੍ਰੀਤ ਕੌਰ ਨੇ ਰੇਲਵੇ ਦੀ ਪ੍ਰਤੀਨਿਧਤਾ ਕਰਦਿਆਂ 56.11 ਮੀਟਰ ਥਰੋਅ ਕਰਕੇ ਸੋਨ ਤਮਗਾ ਜਿੱਤਿਆ। ਕਮਲਪ੍ਰੀਤ ਕੌਰ ਦੀ ਕੋਚ ਰਾਖੀ ਤਿਆਗੀ ਨੇ ਦੱਸਿਆ ਕਿ ਉਸ ਨੇ ਲਗਾਤਾਰ ਤੀਜੀ ਵਾਰ ਇਸ ਮੀਟ 'ਚੋਂ ਸੋਨ ਤਮਗਾ ਜਿੱਤਿਆ ਹੈ।

ਰਾਸ਼ਟਰਮੰਡਲ ਖੇਡਾਂ ਦੀ ਤਮਗਾ ਜੇਤੂ ਤੇ ਅੰਮ੍ਰਿਤਸਰ ਦੀ ਜੰਮਪਲ ਨਵਜੀਤ ਕੌਰ ਢਿੱਲੋਂ ਨੇ ਰੇਲਵੇ ਦੀ ਨੁਮਾਇੰਦਗੀ ਕਰਦਿਆਂ ਇਸ ਮੁਕਾਬਲੇ 'ਚੋਂ 54.84 ਮੀਟਰ ਥਰੋਅ ਕਰਕੇ, ਚਾਂਦੀ ਦਾ ਤਮਗਾ ਜਿੱਤਿਆ। ਇਸ ਦੇ ਨਾਲ ਹੀ ਹੈਮਰ ਥਰੋਅ ਮੁਕਾਬਲੇ 'ਚ ਸ੍ਰੀ ਫਤਹਿਗੜ੍ਹ ਸਾਹਿਬ ਜ਼ਿਲੇ ਦੇ ਜੰਮਪਲ ਤੇ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਦੇ ਮਾਨਸਾ ਕੇਂਦਰ ਵਿਖੇ ਤਾਇਨਾਤ ਕੋਚ ਮਲਕੀਤ ਸਿਘ ਦੇ ਸ਼ਾਗਿਰਦ ਤਰਨਵੀਰ ਸਿੰਘ ਨੇ ਫੌਜ ਦੀ ਨੁਮਾਇੰਦਗੀ ਕਰਦਿਆਂ 63.12 ਮੀਟਰ ਥਰੋਅ ਕਰਕੇ ਸੋਨ ਅਤੇ ਬਰਨਾਲਾ ਦੇ ਐਥਲੀਟ ਦਮਨੀਤ ਸਿੰਘ ਨੇ ਓ.ਐੱਨ.ਜੀ.ਸੀ. ਦੀ ਨੁਮਾਇੰਦਗੀ ਕਰਦਿਆਂ 62.27 ਮੀਟਰ ਥਰੋਅ ਕਰਕੇ ਚਾਂਦੀ ਦਾ ਤਮਗਾ ਜਿੱਤਿਆ। ਪਟਿਆਲਵੀ ਅਥਲੀਟ ਅਰਸ਼ਦੀਪ ਸਿੰਘ ਵਿਰਕ ਨੇ ਚਾਂਦੀ ਦਾ ਤਮਗਾ ਜਿੱਤਣ ਦਾ ਮਾਣ ਹਾਸਲ ਕੀਤਾ ਹੈ। ਅਰਸ਼ਦੀਪ ਸਿੰਘ ਨੇ 400 ਮੀਟਰ ਦੌੜ 47.13 ਸਕਿੰਟ 'ਚ ਪੂਰੀ ਕਰਕੇ ਉਕਤ ਮੀਟ 'ਚ ਪੰਜਾਬ ਲਈ ਪਹਿਲਾ ਤਮਗਾ ਜਿੱਤਿਆ। ਇਸ ਮੁਕਾਬਲੇ 'ਚ ਨੋਹ ਨਿਰਮਲ ਟੌਮ ਨੇ 46.56 ਸਕਿੰਟ 'ਚ ਸੋਨ ਤਮਗਾ ਜਿੱਤਿਆ। ਇਸ ਦੇ ਨਾਲ ਹੀ ਔਰਤਾਂ ਦੀ 400 ਮੀਟਰ ਦੌੜ 53.17 ਸਕਿੰਟ 'ਚ ਪੂਰੀ ਕਰਕੇ ਪ੍ਰਾਚੀ ਨੇ ਪੰਜਾਬ ਲਈ ਚਾਂਦੀ ਦਾ ਤਮਗਾ ਜਿੱਤਿਆ।


Related News