ਅਰਸ਼ਦੀਪ ਸਿੰਘ ਦੇ 'ਪੰਜੇ' ਦੀ ਬਦੌਲਤ ਪੰਜਾਬ ਨੇ ਸਿਰਫ 38 ਗੇਂਦਾਂ 'ਚ ਜਿੱਤਿਆ ਮੈਚ

Saturday, Jan 03, 2026 - 01:16 PM (IST)

ਅਰਸ਼ਦੀਪ ਸਿੰਘ ਦੇ 'ਪੰਜੇ' ਦੀ ਬਦੌਲਤ ਪੰਜਾਬ ਨੇ ਸਿਰਫ 38 ਗੇਂਦਾਂ 'ਚ ਜਿੱਤਿਆ ਮੈਚ

ਸਪੋਰਟਸ ਡੈਸਕ- ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਘਰੇਲੂ ਕ੍ਰਿਕਟ ਵਿੱਚ ਵਾਪਸੀ ਕਰਦਿਆਂ ਆਪਣੀ ਘਾਤਕ ਗੇਂਦਬਾਜ਼ੀ ਨਾਲ ਵਿਰੋਧੀ ਟੀਮ ਨੂੰ ਪੂਰੀ ਤਰ੍ਹਾਂ ਢਹਿ-ਢੇਰੀ ਕਰਦਿਆ ਆਪਣੀ ਟੀਮ ਪੰਜਾਬ ਨੂੰ ਜਿੱਤ ਦਿਵਾਈ। ਜੈਪੁਰ ਦੇ ਜੈਪੁਰੀਆ ਵਿਦਿਆਲਿਆ ਗਰਾਊਂਡ ਵਿੱਚ ਖੇਡੇ ਗਏ ਵਿਜੇ ਹਜ਼ਾਰੇ ਟਰਾਫੀ 2025-26 ਦੇ ਪੰਜਵੇਂ ਦੌਰ ਦੇ ਮੁਕਾਬਲੇ ਵਿੱਚ ਪੰਜਾਬ ਨੇ ਸਿੱਕਮ ਨੂੰ 10 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ।

ਅਰਸ਼ਦੀਪ ਸਿੰਘ ਦੀ ਇਤਿਹਾਸਕ ਗੇਂਦਬਾਜ਼ੀ ਮੈਚ ਵਿੱਚ ਪੰਜਾਬ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਸੀਜ਼ਨ ਦਾ ਆਪਣਾ ਪਹਿਲਾ ਲਿਸਟ-ਏ ਮੈਚ ਖੇਡ ਰਹੇ ਅਰਸ਼ਦੀਪ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 10 ਓਵਰਾਂ ਵਿੱਚ 34 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਨੇ ਪ੍ਰਾਣੇਸ਼ ਛੇਤਰੀ, ਕ੍ਰਾਂਤੀ ਕੁਮਾਰ, ਪਾਲਜੋਰ ਤਮਾਂਗ, ਕਪਤਾਨ ਲੀ ਯੋਂਗ ਲੇਪਚਾ ਅਤੇ ਅੰਕੁਰ ਮਲਿਕ ਨੂੰ ਆਪਣਾ ਸ਼ਿਕਾਰ ਬਣਾਇਆ। ਉਨ੍ਹਾਂ ਦੇ ਇਸ 'ਪੰਜੇ' ਦੀ ਬਦੌਲਤ ਸਿੱਕਮ ਦੀ ਪੂਰੀ ਟੀਮ ਸਿਰਫ 75 ਦੌੜਾਂ 'ਤੇ ਢੇਰ ਹੋ ਗਈ। ਅਰਸ਼ਦੀਪ ਤੋਂ ਇਲਾਵਾ ਸੁਖਦੀਪ ਬਾਜਵਾ ਅਤੇ ਮਯੰਕ ਮਾਰਕੰਡੇ ਨੇ 2-2 ਵਿਕਟਾਂ ਲਈਆਂ, ਜਦਕਿ ਗੁਰਨੂਰ ਬਰਾਰ ਨੇ ਇੱਕ ਸਫਲਤਾ ਹਾਸਲ ਕੀਤੀ।

ਬੱਲੇਬਾਜ਼ਾਂ ਦਾ ਦਬਦਬਾ ਅਤੇ ਤੇਜ਼ ਜਿੱਤ 76 ਦੌੜਾਂ ਦੇ ਛੋਟੇ ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਦੀ ਟੀਮ ਨੇ ਬੇਹੱਦ ਹਮਲਾਵਰ ਰੁਖ ਅਖਤਿਆਰ ਕੀਤਾ। ਕਪਤਾਨ ਪ੍ਰਭਸਿਮਰਨ ਸਿੰਘ ਅਤੇ ਹਰਨੂਰ ਸਿੰਘ ਦੀ ਸਲਾਮੀ ਜੋੜੀ ਨੇ ਮਹਿਜ਼ 6.2 ਓਵਰਾਂ (38 ਗੇਂਦਾਂ) ਵਿੱਚ ਹੀ ਟੀਚਾ ਹਾਸਲ ਕਰਕੇ ਟੀਮ ਨੂੰ 10 ਵਿਕਟਾਂ ਨਾਲ ਜਿੱਤ ਦਿਵਾਈ।

ਇਸ ਜਿੱਤ ਦੇ ਨਾਲ ਪੰਜਾਬ ਨੇ ਗਰੁੱਪ ਸੀ ਵਿੱਚ ਆਪਣੇ ਪੰਜ ਮੈਚਾਂ ਵਿੱਚੋਂ ਚੌਥੀ ਜਿੱਤ ਦਰਜ ਕੀਤੀ ਹੈ। ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ ਇਸ ਮੈਚ ਵਿੱਚ ਪੰਜਾਬ ਦੀ ਪਲੇਇੰਗ 11 ਦਾ ਹਿੱਸਾ ਨਹੀਂ ਸਨ। ਪੰਜਾਬ ਦੀ ਟੀਮ ਹੁਣ ਆਪਣਾ ਅਗਲਾ ਮੁਕਾਬਲਾ 6 ਜਨਵਰੀ ਨੂੰ ਗੋਆ ਦੇ ਖਿਲਾਫ ਖੇਡੇਗੀ।

ਇਹ ਪ੍ਰਦਰਸ਼ਨ ਦਰਸਾਉਂਦਾ ਹੈ ਕਿ ਅਰਸ਼ਦੀਪ ਸਿੰਘ ਆਪਣੀ ਪੁਰਾਣੀ ਲੈਅ ਵਿੱਚ ਵਾਪਸ ਆ ਚੁੱਕੇ ਹਨ, ਜੋ ਕਿ ਭਾਰਤੀ ਕ੍ਰਿਕਟ ਅਤੇ ਪੰਜਾਬ ਦੀ ਟੀਮ ਲਈ ਬਹੁਤ ਵਧੀਆ ਸੰਕੇਤ ਹੈ।


author

Tarsem Singh

Content Editor

Related News