ਪੰਜਾਬ ਦੇ ਖੇਡ ਮੰਤਰੀ ਨੇ ਮਹਾਨ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਨੂੰ ਬਰਸੀ ਮੌਕੇ ਦਿੱਤੀ ਸ਼ਰਧਾਂਜਲੀ
Thursday, May 26, 2022 - 10:36 AM (IST)
ਚੰਡੀਗੜ੍ਹ (ਬਿਊਰੋ)- ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਮਹਾਨ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਜੀ ਦੀ ਬਰਸੀ ਮੌਕੇ ਉਨ੍ਹਾਂ ਦੇ ਘਰ ਜਾ ਕੇ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਬਲਬੀਰ ਸਿੰਘ ਜੀ ਨੇ ਆਪਣੀ ਖੇਡ ਨਾਲ ਪੰਜਾਬ ਦਾ ਨਾਮ ਪੂਰੇ ਦੇਸ਼ ਵਿੱਚ ਚਮਕਾਇਆ। ਹਾਕੀ ਖੇਡ ਨੂੰ ਉਨ੍ਹਾਂ ਦੀ ਦੇਣ ਭੁਲਾਈ ਨਹੀਂ ਜਾ ਸਕਦੀ। ਇਸ ਦੌਰਾਨ ਉਨ੍ਹਾਂ ਦੀ ਬੇਟੀ ਸੁਸ਼ਬੀਰ ਕੌਰ ਅਤੇ ਦੋਹਤੇ ਕਬੀਰ ਸਿੰਘ ਨੇ ਖੇਡ ਮੰਤਰੀ ਨਾਲ ਬਲਬੀਰ ਸਿੰਘ ਸੀਨੀਅਰ ਜੀ ਨਾਲ ਜੁੜੀਆਂ ਅਨਮੋਲ ਯਾਦਾਂ ਸਾਂਝੀਆਂ ਕੀਤੀਆਂ ਅਤੇ ਉਨ੍ਹਾਂ ਦੀ ਜੀਵਨੀ “ਗੋਲਡਨ ਗੋਲ” ਦਿੱਤੀ।
ਇਸ ਮੌਕੇ ਖੇਡ ਮੰਤਰੀ ਨੇ ਕਿਹਾ ਮੈਂ ਦੱਸਣਾ ਚਾਹਾਂਗਾ ਕਿ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਮੁਹਾਲੀ ਸਥਿਤ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਕੌਮਾਂਤਰੀ ਹਾਕੀ ਸਟੇਡੀਅਮ ਵਿਖੇ ਉਨ੍ਹਾਂ ਦਾ ਬੁੱਤ ਸਥਾਪਤ ਕਰਨ ਸਬੰਧੀ ਜਲਦ ਫ਼ੈਸਲਾ ਲਿਆ ਜਾਵੇਗਾ। ਸਿੱਖਿਆ ਵਿਭਾਗ ਵੱਲੋਂ ਉਨ੍ਹਾਂ ਦੀ ਜੀਵਨੀ ਨੂੰ ਸਕੂਲੀ ਬੱਚਿਆਂ ਦੇ ਸਿਲੇਬਸ ਵਿੱਚ ਸ਼ਾਮਲ ਕੀਤਾ ਜਾਵੇਗਾ। ਮੈਂ ਭਾਰਤ ਸਰਕਾਰ ਨੂੰ ਗੁਜ਼ਾਰਿਸ਼ ਕਰਦਾ ਹਾਂ ਕਿ ਇਸ ਮਹਾਨ ਖਿਡਾਰੀ ਨੂੰ ਦੇਸ਼ ਦੇ ਸਰਵੋਤਮ ਨਾਗਰਿਕ ਸਨਮਾਨ ‘ਭਾਰਤ ਰਤਨ’ ਨਾਲ ਸਨਮਾਨਿਆ ਜਾਵੇ।