BCCI ਮਹਿਲਾ ਟੀ-20 ਕ੍ਰਿਕਟ ਚੈਂਪੀਅਨਸ਼ਿਪ : ਪੰਜਾਬ ਨੇ ਉੱਤਰ ਪ੍ਰਦੇਸ਼ ਨੂੰ 15 ਦੌੜਾਂ ਨਾਲ ਹਰਾਇਆ

Monday, Nov 18, 2019 - 11:49 PM (IST)

BCCI ਮਹਿਲਾ ਟੀ-20 ਕ੍ਰਿਕਟ ਚੈਂਪੀਅਨਸ਼ਿਪ : ਪੰਜਾਬ ਨੇ ਉੱਤਰ ਪ੍ਰਦੇਸ਼ ਨੂੰ 15 ਦੌੜਾਂ ਨਾਲ ਹਰਾਇਆ

ਜਲੰਧਰ (ਜ.ਬ.)- ਬੈਂਗਲੁਰੂ 'ਚ ਹੋ ਰਹੀ ਬੀ. ਸੀ. ਸੀ. ਆਈ. ਮਹਿਲਾ (ਅੰਡਰ-23) ਟੀ-20 ਕ੍ਰਿਕਟ ਚੈਂਪੀਅਨਸ਼ਿਪ 'ਚ ਪੰਜਾਬ ਨੇ ਆਪਣੀ ਜੇਤੂ ਯਾਤਰਾ ਜਾਰੀ ਰੱਖਦੇ ਹੋਏ ਆਪਣੇ ਪੂਲ 'ਚ ਲਗਾਤਾਰ ਚੌਥਾ ਮੈਚ ਜਿੱਤਣ 'ਚ ਸਫਲਤਾ ਹਾਸਲ ਕੀਤੀ ਹੈ। ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸੰਯੁਕਤ ਸਕੱਤਰ ਸੁਰਜੀਤ ਰਾਏ ਬਿੱਟਾ ਨੇ ਦੱਸਿਆ ਕਿ ਬੈਂਗਲੁਰੂ 'ਚ ਅਧਿਆਪਕ ਆਸ਼ੂਤੋਸ਼ ਸ਼ਰਮਾ ਦੀ ਦੇਖ-ਰੇਖ 'ਚ ਖੇਡ ਰਹੀ ਪੰਜਾਬ ਦੀ ਟੀਮ ਨੇ ਪੂਲ ਦੇ ਇਕ ਮੈਚ 'ਚ ਉੱਤਰ ਪ੍ਰਦੇਸ਼ ਵਿਰੁੱਧ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 20 ਓਵਰਾਂ 'ਚ 8 ਵਿਕਟਾਂ ਗੁਆ ਕੇ 112 ਦੌੜਾਂ ਬਣਾਈਆਂ, ਜਿਸ 'ਚ ਕਨਿਕਾ ਆਹੂਜਾ ਨੇ 36 ਅਤੇ ਪ੍ਰਗਤੀ ਸਿੰਘ ਨੇ 26 ਦੌੜਾਂ ਦਾ ਯੋਗਦਾਨ ਦਿੱਤਾ।
ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉੱਤਰੀ ਉੱਤਰ ਪ੍ਰਦੇਸ਼ ਦੀ ਟੀਮ ਨਿਰਧਾਰਤ 20 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 97 ਦੌੜਾਂ ਹੀ ਬਣਾ ਸਕੀ, ਜਿਸ 'ਚ ਅੰਜਲੀ ਸਿੰਘ ਨੇ ਸਭ ਤੋਂ ਜ਼ਿਆਦਾ 50 ਦੌੜਾਂ ਦਾ ਯੋਗਦਾਨ ਦਿੱਤਾ। ਪੰਜਾਬ ਵਲੋਂ ਗੇਂਦਬਾਜ਼ੀ ਕਰਦੇ ਹੋਏ ਕੋਮਲਪ੍ਰੀਤ, ਪਲਵਿੰਦਰਜੀਤ, ਮਨਪ੍ਰੀਤ, ਕਨਿਕਾ, ਪ੍ਰਗਤੀ ਅਤੇ ਅਮਰਪਾਲ ਨੇ 1-1 ਵਿਕਟ ਲਈ। ਉਥੇ ਹੀ ਨੀਤੂ ਸਿੰਘ ਨੇ ਮੈਚ ਦੌਰਾਨ 3 ਕੈਚ ਫੜੇ। ਬਿੱਟਾ ਅਨੁਸਾਰ ਪੰਜਾਬ ਨੇ ਇਸ ਮੁਕਾਬਲੇ 'ਚ ਕ੍ਰਮਵਾਰ ਵਿਦਰਭ, ਕਰਨਾਟਕ, ਜੰਮੂ-ਕਸ਼ਮੀਰ ਅਤੇ ਉੱਤਰ ਪ੍ਰਦੇਸ਼ ਨੂੰ ਹਰਾ ਕੇ ਆਪਣੇ ਪੂਲ 'ਚ ਚੌਥੀ ਜਿੱਤ ਦਰਜ ਕੀਤੀ ਹੈ। ਪੰਜਾਬ ਦੀ ਅੰਡਰ-23 ਮਹਿਲਾ ਕ੍ਰਿਕਟ ਟੀਮ ਨੂੰ ਰਾਸ਼ਟਰੀ ਕ੍ਰਿਕਟ ਅਕਾਦਮੀ ਦੇ ਮੁੱਖ ਅਧਿਆਪਕ ਅਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਰਾਹੁਲ ਦ੍ਰਾਵਿੜ ਨੇ ਉਤਸ਼ਾਹਤ ਕੀਤਾ।


author

Gurdeep Singh

Content Editor

Related News