ਕੌਮਾਂਤਰੀ ਐਥਲੀਟਾਂ ਦਾ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਵਲੋਂ ਸਨਮਾਨ

Tuesday, Mar 19, 2019 - 01:30 AM (IST)

ਕੌਮਾਂਤਰੀ ਐਥਲੀਟਾਂ ਦਾ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਵਲੋਂ ਸਨਮਾਨ

ਪਟਿਆਲਾ (ਜ. ਬ.)— ਦੇਸ਼ ਦੀ ਨੰਬਰ ਵਨ ਖੇਡ ਸੰਸਥਾ ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਵਿਖੇ ਪੰਜਾਬ ਐਥਲੈਟਿਕਸ ਐਸੋਸੀਏਸ਼ਨ ਵਲੋਂ ਕਰਵਾਈ ਗਏ ਫੈੱਡਰੇਸ਼ਨ ਕੱਪ ਕੌਮੀ ਸੀਨੀਅਰ ਐਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਦੇਸ਼ ਦੇ ਨਾਮਵਰ ਖਿਡਾਰੀਆਂ, ਕੋਚਾਂ ਅਤੇ ਖੇਡ ਸੰਚਾਲਕਾਂ ਨੂੰ ਸਨਮਾਨਿਤ ਕੀਤਾ ਗਿਆ। ਰਾਸ਼ਟਰਮੰਡਲ ਤੇ ਏਸ਼ੀਅਨ ਖੇਡਾਂ 'ਚ ਦੇਸ਼ ਲਈ ਤਮਗੇ ਜਿੱਤਣ ਵਾਲੇ ਐਥਲੀਟਾਂ ਨੂੰ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਸਨਮਾਨਿਤ ਕੀਤਾ। 
ਇਸ ਮੌਕੇ ਐਡਵੋਕੇਟ ਨੰਦਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਨੂੰ ਖੇਡਾਂ ਦੇ ਖੇਤਰ 'ਚ ਮੋਹਰੀ ਬਣਾਉਣ ਲਈ ਬਹੁਤ ਯਤਨ ਕੀਤੇ ਜਾ ਰਹੇ ਹਨ, ਜਿਸ ਤਹਿਤ ਸੂਬਾ ਸਰਕਾਰ ਵਲੋਂ ਤੰਦਰੁਸਤ ਪੰਜਾਬ ਮਿਸ਼ਨ ਅਧੀਨ ਨਵੀਂ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਲਈ ਬਹੁਤ ਸਾਰੀਆਂ ਸਰਗਰਮੀਆਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਨਿੱਜੀ ਤੌਰ 'ਤੇ ਦਿਲਚਸਪੀ ਲੈ ਕੇ ਪੰਜਾਬ 'ਚ ਨਵੇਂ ਐਥਲੈਟਿਕਸ ਟਰੈਕ ਬਣਾਉਣ ਲਈ ਸੂਬਾ ਸਰਕਾਰ ਨੂੰ ਕਹਿਣਗੇ । ਇਸ ਮੌਕੇ ਪੰਜਾਬ ਐਥਲੈਟਿਕਸ ਐਸੋਸੀਏਸ਼ਨ ਦੇ ਪ੍ਰਧਾਨ ਏ. ਕੇ. ਸ਼ਰਮਾ ਮੈਂਬਰ ਪੰਜਾਬ ਫੂਡ ਕਮਿਸ਼ਨ ਨੇ ਐਡਵੋਕੇਟ ਅਤੁਲ ਨੰਦਾ ਨੂੰ ਪੰਜਾਬ ਦੀਆਂ ਸਰਗਰਮੀਆਂ ਬਾਰੇ ਦੱਸਿਆ । 
ਇਸ  ਦੌਰਾਨ ਨਾਮਵਰ ਐਥਲੀਟ ਅਰਪਿੰਦਰ ਸਿੰਘ, ਹਿਮਾ ਦਾਸ, ਮਨਜੀਤ ਸਿੰਘ, ਜਿਨਸਨ ਜਾਨਸਨ, ਦੂਤੀ ਚੰਦ, ਨਵਜੀਤ ਕੌਰ ਢਿੱਲੋਂ, ਐੱਮ. ਆਰ. ਫੁਮਾਵਾ, ਸੋਨੀਆ ਵੈਸ਼ਯ, ਸਵਪਨ ਬਰਮਨ, ਰਾਜੀਵ ਅਰਕਿਆ, ਕੁਨੂ ਮੁਹੰਮਦ ਆਦਿ ਸਨਮਾਨਿਤ ਹੋਣ ਵਾਲੀਆਂ ਸ਼ਖਸੀਅਤਾਂ 'ਚ ਸ਼ਾਮਲ ਸਨ । ਇਸ ਤੋਂ ਇਲਾਵਾ ਪਦਮਸ਼੍ਰੀ ਤੇ ਮੁੱਖ ਕੋਚ ਭਾਰਤੀ ਐਥਲੈਟਿਕਸ ਟੀਮ ਦੇ ਬਹਾਦਰ ਸਿੰਘ ਚੌਹਾਨ, ਸਹਾਇਕ ਕੌਮੀ ਕੋਚ ਰਾਧਾ ਕ੍ਰਿਸ਼ਨਨ, ਐੱਸ. ਐੱਸ. ਪਨੂੰ ਅਤੇ ਜਸਪਾਲ ਸਿੰਘ ਢਿੱਲੋਂ ਨੂੰ ਵੀ ਸਨਮਾਨਿਤ ਕੀਤਾ ਗਿਆ । ਇਸ ਮੌਕੇ ਦ੍ਰੋਣਾਚਾਰੀਆ ਜੇ. ਐੱਸ. ਸੈਣੀ, ਮੇਜ਼ਬਾਨ ਐਸੋਸੀਏਸ਼ਨ ਦੇ ਜਨਰਲ ਸਕੱਤਰ ਕੇ. ਪੀ. ਐੱਸ. ਬਰਾੜ, ਅਮਰਿੰਦਰ ਸਿੰਘ, ਗੁਰਦੇਵ ਸਿੰਘ ਨਾਗਰਾ, ਹਰਭਜਨ ਸਿੰਘ ਸੰਧੂ, ਜਗਜੀਤ ਸਿੰਘ ਕੌਲੀ, ਫੁਲੇਲ ਸਿੰਘ ਅਤੇ ਚੰਡੀਗੜ੍ਹ ਐਥਲੈਟਿਕਸ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਗਿੱਲ ਏ. ਸੀ. ਪੀ. ਸਾਹਨੇਵਾਲ ਵੀ ਸਨਮਾਨ ਸਮਾਰੋਹ ਵਿਚ ਹਾਜ਼ਰ ਸਨ । 


author

Gurdeep Singh

Content Editor

Related News