ਪੁਣੇ ਨੇ ਮੁੰਬਈ ਨੂੰ 3 ਦੌੜਾਂ ਨਾਲ ਹਰਾਇਆ

04/25/2017 2:27:31 AM

ਮੁੰਬਈ—ਕਪਤਾਨ ਰੋਹਿਤ ਸ਼ਰਮਾ ਦਾ ਅਰਧ ਸੈਂਕੜਾ ਵੀ ਮੁੰਬਈ ਇੰਡੀਅਨਜ਼ ਦੀ ਜੇਤੂ ਲੈਅ ਬਰਕਰਾਰ ਰੱਖਣ ਲਈ ਕੰਮ ਨਹੀਂ ਆ ਸਕਿਆ ਤੇ ਟੀਮ ਅੱਜ ਇਥੇ ਆਪਣੇ ਘਰੇਲੂ ਮੈਦਾਨ ''ਤੇ ਆਈ. ਪੀ. ਐੱਲ. ਰਾਈਜ਼ਿੰਗ ਪੁਣੇ ਸੁਪਰਜਾਇੰਟਸ ਤੋਂ ਇਸ ਦਸਵੇਂ ਗੇੜ ਦੇ ਦੂਜੇ ਮੈਚ ਵਿਚ ਤਿੰਨ ਦੌੜਾਂ ਨਾਲ ਹਾਰ ਗਈ।

ਮੁੰਬਈ ਨੂੰ ਆਪਣੇ ਸ਼ੁਰੂਆਤੀ ਮੁਕਾਬਲੇ ਵਿਚ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਤੋਂ 7 ਵਿਕਟਾਂ ਨਾਲ ਹਾਰ ਮਿਲੀ ਸੀ ਪਰ ਇਸ ਤੋਂ ਬਾਅਦ ਉਸ ਨੇ ਆਪਣੀ ਜੇਤੂ ਮੁਹਿੰਮ ਜਾਰੀ ਰੱਖਦਿਆਂ ਲਗਾਤਾਰ 6 ਜਿੱਤਾਂ ਦਰਜ ਕੀਤੀਆਂ ਪਰ ਅੱਜ ਇਸ ਹਾਰ ਨਾਲ ਉਸਦੀ ਜਿੱਤ ਦੀ ਲੈਅ ਟੁੱਟ ਗਈ। ਮੁੰਬਈ 8 ਮੈਚਾਂ ਵਿਚੋਂ 6 ਜਿੱਤਾਂ ਤੋਂ 12 ਅੰਕ ਲੈ ਕੇ ਹੁਣ ਵੀ ਅੰਕ ਸੂਚੀ ਵਿਚ ਚੋਟੀ ''ਤੇ ਬਣੀ ਹੋਈ ਹੈ, ਉਥੇ ਹੀ ਪੁਣੇ 7 ਮੈਚਾਂ ਵਿਚੋਂ 4 ਜਿੱਤਾਂ ਨਾਲ 8 ਅੰਕ ਲੈ ਕੇ ਚੌਥੇ ਸਥਾਨ ''ਤੇ ਆ ਗਈ ਹੈ।
ਮੁੰਬਈ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ, ਜਿਸ ਤੋਂ ਬਾਅਦ ਪੁਣੇ ਸੁਪਰਜਾਇੰਟਸ ਨੇ 6 ਵਿਕਟਾਂ ਦੇ ਨੁਕਸਾਨ ''ਤੇ 160 ਦੌੜਾਂ ਦਾ ਸਕੋਰ ਬਣਾਇਆ। ਉਸਦੇ ਲਈ ਰਾਹੁਲ ਤ੍ਰਿਪਾਠੀ  45, ਅਜਿੰਕਯ ਰਹਾਨੇ 38 ਤੇ ਮਨੋਜ  ਤਿਵਾੜੀ ਨੇ 22 ਦੌੜਾਂ ਦੀਆਂ ਉਪਯੋਗੀ ਪਾਰੀਆਂ ਖੇਡੀਆਂ। 
ਜਵਾਬ ਵਿਚ ਮੁੰਬਈ ਇੰਡੀਅਨਜ਼ ਦੀ ਟੀਮ ਕਪਤਾਨ ਰੋਹਿਤ ਸ਼ਰਮਾ ਦੀ 39 ਗੇਂਦਾਂ ਵਿਚ 58 ਦੌੜਾਂ ਦੀ ਪਾਰੀ ਦੇ ਬਾਵਜੂਦ 20 ਓਵਰਾਂ ਵਿਚ 8 ਵਿਕਟਾਂ ''ਤੇ 158 ਦੌੜਾਂ  ਹੀ ਬਣਾ ਸਕੀ। ਇਸ ਤਰ੍ਹਾਂ ਮੁੰਬਈ ਦੀ ਟੀਮ ਸਚਿਨ ਤੇਂਦੁਲਕਰ  ਨੂੰ ਉਸਦੇ 44ਵੇਂ ਜਨਮ ਦਿਨ ''ਤੇ ਜਿੱਤ ਦਾ ਤੋਹਫਾ ਨਹੀਂ ਦੇ ਸਕੀ।
ਆਖਰੀ ਦੋ ਓਵਰਾਂ ਵਿਚ ਮੁੰਬਈ ਨੂੰ 24 ਦੌੜਾਂ ਦੀ ਲੋੜ ਸੀ, ਟੀਮ ਨੇ 19ਵੇਂ ਓਵਰ ਵਿਚ 7 ਦੌੜਾਂ ਜੋੜੀਆਂ। ਹੁਣ6 ਗੇਂਦਾਂ ਵਿਚ ਉਸ ਨੂੰ ਜਿੱਤ ਲਈ 17 ਦੌੜਾਂ ਚਾਹੀਦੀਆਂ ਸਨ। ਜੈਦੇਵ ਉਨਾਦਕਤ (40 ਦੌੜਾਂ ''ਤੇ 2 ਵਿਕਟਾਂ) ਦੀ ਪਹਿਲੀ ਗੇਂਦ ''ਤੇ  ਹਾਰਦਿਕ ਪੰਡਯਾ (13) ਆਊਟ ਹੋਇਆ, ਦੂਜੀ ਗੇਂਦ ''ਤੇ ਰੋਹਿਤ ਨੇ ਸ਼ਾਨਦਾਰ ਛੱਕਾ ਲਗਾਇਆ, ਤੀਜੀ ਗੇਂਦ ਵਿਚ ਕੋਈ ਦੌੜ ਨਹੀਂ ਹੋਈ, ਚੌਥੀ ਗੇਂਦ ''ਤੇ ਉਨਾਦਕਤ ਨੇ ਰੋਹਿਤ ਦਾ ਕੈਚ ਫੜ ਕੇ ਉਸ ਨੂੰ ਆਊਟ ਕਰ ਦਿੱਤਾ, ਪੰਜਵੀਂ  ਗੇਂਦ ''ਤੇ ਮਿਸ਼ੇਲ ਮੈਕਲੇਨਘਨ ਆਊਟ ਹੋਇਆ ਤੇ ਛੇਵੀਂ ਗੇਂਦ ''ਤੇ ਹਰਭਜਨ ਸਿੰਘ ਨੇ ਛੱਕਾ ਲਗਾਇਆ ਪਰ  ਤਦ ਤਕ ਉਸ ਤੋਂ ਜਿੱਤ ਬਹੁਤ ਦੂਰ ਹੋ ਗਈ ਸੀ।

Related News