ਜਰਮਨ ਪੁਰਸ਼ ਟੀਮ ''ਤੇ ਕੋਵਿਡ ਦਾ ਕਹਿਰ, ਭਾਰਤ ਖ਼ਿਲਾਫ਼ ਪ੍ਰੋ. ਲੀਗ ਦੇ ਮੈਚ ਮੁਲਤਵੀ
Wednesday, Mar 09, 2022 - 04:09 PM (IST)
ਭੁਵਨੇਸ਼ਵਰ- ਜਰਮਨੀ ਦੀ ਟੀਮ 'ਚ ਕੋਵਿਡ-19 ਦੇ ਮਾਮਲੇ ਸਾਹਮਣੇ ਆਉਣ ਦੇ ਬਾਅਦ ਉਸ ਦੇ ਤੇ ਭਾਰਤੀ ਪੁਰਸ਼ ਹਾਕੀ ਟੀਮ ਦਰਮਿਆਨ ਇਸ ਹਫ਼ਤੇ ਦੇ ਅਖ਼ੀਰ 'ਚ ਹੋਣ ਵਾਲੇ ਪ੍ਰੋ ਲੀਗ ਦੇ ਦੋਵੇਂ ਮੈਚ ਮੁਲਤਵੀ ਕਰ ਦਿੱਤੇ ਗਏ ਹਨ। ਕੌਮਾਂਤਰੀ ਹਾਕੀ ਮਹਾਸੰਘ (ਐੱਫ. ਆਈ. ਐੱਚ) ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਨ੍ਹਾਂ ਮੈਚਾਂ ਦਾ ਆਯੋਜਨ 12 ਤੋਂ 13 ਮਾਰਚ ਨੂੰ ਕੀਤਾ ਜਾਣਾ ਹੈ ਪਰ ਜਰਮਨ ਟੀਮ 'ਚ ਕੋਵਿਡ ਦੇ ਕਈ ਮਾਮਲੇ ਪਾਏ ਜਾਣ ਦੇ ਬਾਅਦ ਇਨ੍ਹਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਜਡੇਜਾ ਬਣੇ ਦੁਨੀਆ ਦੇ ਨੰਬਰ ਇਕ ਆਲਰਾਊਂਡਰ ਕ੍ਰਿਕਟਰ
ਐੱਫ. ਆਈ. ਐੱਚ. ਨੇ ਬਿਆਨ 'ਚ ਕਿਹਾ ਕਿ ਐੱਫ. ਆਈ. ਐੱਚ, ਹਾਕੀ ਇੰਡੀਆ ਤੇ ਹਾਕੀ ਜਰਮਨੀ ਨਵੇਂ ਸਿਰੇ ਤੋਂ ਪ੍ਰੋਗਰਾਮ ਤਿਆਰ ਕਰਨ 'ਤੇ ਕੰਮ ਕਰ ਰਹੇ ਹਨ। ਭਾਰਤ ਦਾ ਪ੍ਰੋ ਲੀਗ 'ਚ ਅਜੇ ਤਕ ਦਾ ਪ੍ਰਦਰਸ਼ਨ ਉਤਰਾਅ-ਚੜ੍ਹਾਅ ਵਾਲਾ ਰਿਹਾ ਹੈ। ਉਸ ਨੇ ਦੱਖਣੀ ਅਫਰੀਕਾ ਨੂੰ ਦੋਵੇਂ ਮੈਚਾਂ 'ਚ ਹਰਾਇਆ ਪਰ ਫਰਾਂਸ ਤੇ ਸਪੇਨ ਖ਼ਿਲਾਫ਼ ਉਸ ਨੇ ਇਕ ਮੈਚ 'ਚ ਜਿੱਤ ਹਾਸਲ ਕੀਤੀ ਤੇ ਇਕ ਮੈਚ 'ਚ ਉਸ ਨੂੰ ਹਾਰ ਮਿਲੀ। ਪੁਰਸ਼ ਟੀਮ ਦੇ ਮੈਚ ਜਿੱਥੇ ਮੁਲਤਵੀ ਕਰ ਦਿੱਤੇ ਗਏ ਹਨ ਉੱਥੇ ਹੀ ਐੱਫ. ਆਈ. ਐੱਚ. ਨੇ ਕਿਹਾ ਕਿ ਭਾਰਤ ਤੇ ਜਰਮਨੀ ਦੀਆਂ ਮਹਿਲਾ ਟੀਮਾਂ ਦੇ ਮੈਚ ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮ ਦੇ ਮੁਤਾਬਕ ਇਸ ਹਫ਼ਤੇ ਦੇ ਅੰਤ 'ਚ ਕਲਿੰਗਾ ਸਟੇਡੀਅਮ 'ਚ ਖੇਡੇ ਜਾਣਗੇ।
ਇਹ ਵੀ ਪੜ੍ਹੋ : ICC ਵਨ-ਡੇ ਰੈਂਕਿੰਗ 'ਚ ਮਿਤਾਲੀ ਤੇ ਮੰਧਾਨਾ ਨੂੰ ਹੋਇਆ ਨੁਕਸਾਨ, ਪਹੁੰਚੀਆਂ ਇਸ ਸਥਾਨ 'ਤੇ
ਜਰਮਨੀ ਮਹਿਲਾ ਟੀਮ ਮੰਗਲਵਾਰ ਨੂੰ ਇੱਥੇ ਪੁੱਜ ਗਈ ਹੈ ਤੇ ਕਪਤਾਨ ਲਿਸਾ ਨੇਲਟੇ ਭਾਰਤ 'ਚ ਖੇਡਣ ਨੂੰ ਲੈ ਕੇ ਉਤਸ਼ਾਹਤ ਹੈ। ਲਿਸਾ ਨੇ ਕਿਹਾ ਕਿ ਅਸੀਂ ਇਸ ਤੋਂ ਪਹਿਲਾਂ ਕਦੀ ਵੀ ਕਲਿੰਗਾ ਸਟੇਡੀਅਮ 'ਚ ਨਹੀਂ ਖੇਡੇ ਹਾਂ, ਇਸ ਲਈ ਅਸੀਂ ਇਸ ਨੂੰ ਲੈ ਕੇ ਉਤਸ਼ਾਹਤ ਹਾਂ। ਇਸ ਤਰ੍ਹਾਂ ਦੇ ਵੱਡੇ ਸਟੇਡੀਅਮ 'ਚ ਖੇਡਣਾ ਸ਼ਾਨਦਾਰ ਹੋਵੇਗਾ। ਭਾਰਤ ਦੀ ਟੀਮ ਕਾਫ਼ੀ ਮਜ਼ਬੂਤ ਹੈ, ਖ਼ਾਸ ਕਰਕੇ ਉਸ ਨੇ ਟੋਕੀਓ ਓਲੰਪਿਕ 'ਚ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਸੀ। ਆਪਣੇ ਦੇਸ਼ 'ਚ ਖੇਡਣ ਦਾ ਹਮੇਸ਼ਾ ਫ਼ਾਇਦਾ ਮਿਲਦਾ ਹੈ ਪਰ ਅਸੀਂ ਇਸ ਨੂੰ ਲੈ ਕੇ ਫ਼ਿਕਰਮੰਦ ਨਹੀਂ ਹਾਂ ਤੇ ਆਤਮਵਿਸ਼ਵਾਸ ਨਾਲ ਮੈਦਾਨ 'ਤੇ ਉਤਰਨਾ ਚਾਹੁੰਦੇ ਹਾਂ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।