ਭਾਰਤੀ ਜੇਲਾਂ ’ਚ ਸ਼ਤਰੰਜ ਖੇਡ ਰਹੇ ਨੇ ਕੈਦੀ, ਫਿਡੇ ਪ੍ਰਤੀਯੋਗਿਤਾ ’ਚ ਜਿੱਤੇ ਤਮਗੇ

Saturday, Oct 12, 2024 - 11:08 AM (IST)

ਸਪੋਰਟਸ ਡੈਸਕ : ਸ਼ਤਰੰਜ ਓਲੰਪਿਆਡ ਤੋਂ ਬਾਅਦ ਭਾਰਤ ਲਈ ਇਕ ਹੋਰ ਵੱਡੀ ਉਪਲੱਬਧੀ ਸਾਹਮਣੇ ਆਈ ਹੈ। ਕੈਦੀਆਂ ਲਈ ਇੰਟਰਕਾਂਟੀਨੈਂਟਲ ਆਨਲਾਈਨ ਸ਼ਤਰੰਜ ਚੈਂਪੀਅਨਸ਼ਿਪ ਵਿਚ ਭੋਪਾਲ ਤੇ ਐਲੂਰੂ ਦੇ ਬਾਲ ਘਰਾਂ ਵਿਚ ਰੱਖੇ ਗਏ ਖਿਡਾਰੀਆਂ ਨੇ ਇਕ ਸੋਨ ਤੇ ਇਕ ਕਾਂਸੀ ਤਮਗਾ ਜਿੱਤਿਆ। ਫਿਡੇ ਵੱਲੋਂ ਆਨਲਾਈਨ ਕਰਵਾਏ ਜਾਂਦੇ ਪ੍ਰੋਗਰਾਮ ਵਿਚ 2 ਨੌਜਵਾਨ ਟੀਮਾਂ ਤੋਂ ਇਲਾਵਾ 2 ਹੋਰ ਭਾਰਤੀ ਟੀਮਾਂ ਤਮਗੇ ਦੀ ਦੌੜ ਵਿਚ ਸਨ। ਯਰਵਦਾ ਜੇਲ ਦੀ ਇਕ ਟੀਮ ਪੁਰਸ਼ ਵਰਗ ਵਿਚ ਕਾਂਸੀ ਤਮਗੇ ਦੀ ਲੜਾਈ ਵਿਚ ਹਾਰ ਗਈ ਜਦਕਿ ਤਿਹਾੜ ਜੇਲ ਦੀ ਇਕ ਮਹਿਲਾ ਟੀਮ ਰੋਮਾਨੀਆ ਦੀ ਇਕ ਟੀਮ ਹੱਥੋਂ ਹਾਰ ਗਈ। ਇਸ ਸਾਲ ਇਸ ਆਯੋਜਨ ਵਿਚ 115 ਦੇਸ਼ਾਂ ਤੋਂ ਟੀਮਾਂ ਨੇ ਹਿੱਸਾ ਲਿਆ ਸੀ। ਇਸ ਵਿਚ ਭਾਰਤ ਤੋਂ 9 ਟੀਮਾਂ ਨੇ ਹਿੱਸਾ ਲਿਆ।

ਗ੍ਰੈਂਡਮਾਸਟਰ ਅਭਿਜੀਤ ਕੁੰਟੇ, ਜਿਹੜਾ ਭਾਰਤ ਵਿਚ ਇੰਡੀਅਨ ਆਇਲ ਵੱਲੋਂ ਸੰਚਾਲਿਤ ‘ਪਰਿਵਰਤਨ : ਪ੍ਰਿਜਨ ਟੂ ਪ੍ਰਾਈਡ’ ਨਾਮੀ ਪ੍ਰੋਗਰਾਮ ਦੀ ਅਗਵਾਈ ਕਰਦਾ ਹੈ, ਨੇ ਜੇਲ ਵਿਚ ਕੈਦੀਆਂ ਦੀ ਸਥਿਤੀ ਤੇ ਸ਼ਤਰੰਜ ਦੀ ਸ਼ੁਰੂਆਤ ’ਤੇ ਅਹਿਮ ਗੱਲਾਂ ਕਹੀਆਂ। ਕੁੰਟੇ ਨੇ ਕਿਹਾ ਕਿ ਕੁਝ ਕੈਦੀ ਬਹੁਤ ਬੁਰੀ ਸਥਿਤੀ ਵਿਚ ਸਨ। ਉਹ ਆਪਸ ਵਿਚ ਲੜਦੇ ਰਹਿੰਦੇ ਸਨ ਪਰ ਜਦੋਂ ਉਨ੍ਹਾਂ ਨੇ ਸ਼ਤਰੰਜ ਖੇਡਣੀ ਸ਼ੁਰੂ ਕੀਤੀ ਤਾਂ ਉਨ੍ਹਾਂ ਵਿਚਾਲੇ ਲੜਾਈ ਕਾਫੀ ਘੱਟ ਹੋ ਗਈ। ਕਿਉਂਕਿ ਉਨ੍ਹਾਂ ਨੇ ਸੋਚਿਆ ਕਿ ਸ਼ਤਰੰਜ ਦੇ ਬਾਰੇ ਵਿਚ ਸੋਚਣਾ ਬਿਹਤਰ ਹੈ ਤੇ ਅੱਗੇ ਕੀ ਕਰਨਾ ਹੈ। ਇਕ ਕੈਦੀ ਨੇ ਮੈਨੂੰ ਦੱਸਿਆ ਕਿ ਉਹ ਬਹੁਤ ਖੁਸ਼ ਹੈ ਕਿਉਂਕਿ ਜੇਲ ਦੇ ਬਾਹਰ ਦੇ ਲੋਕ ਉਨ੍ਹਾਂ ਦੇ ਬਾਰੇ ਵਿਚ ਸੋਚ ਰਹੇ ਹਨ।

ਕੁੰਟੇ ਜਿਹੜਾ ਓਲੰਪਿਆਡ ਵਿਚ ਭਾਰਤੀ ਮਹਿਲਾ ਟੀਮ ਦਾ ਕੋਚ ਸੀ ਤੇ ਮੌਜੂਦਾ ਸਮੇਂ ਵਿਚ ਲੰਡਨ ਵਿਚ ਆਯੋਜਿਤ ਗਲੋਬਲ ਸ਼ਤਰੰਜ ਲੀਗ ਵਿਚ ਪੀ. ਬੀ. ਜੀ. ਅਲਾਸਕਾ ਨਾਈਟਸ ਟੀਮ ਦੀ ਕਪਤਾਨੀ ਕਰ ਰਿਹਾ ਹੈ, ਦਾ ਅੰਦਾਜ਼ਾ ਹੈ ਕਿ ਉਸ ਨੇ ਪਿਛਲੀ ਵਾਰ ਜਿਹੜੀਆਂ 9-10 ਜੇਲਾਂ ਦਾ ਦੌਰਾ ਕੀਤਾ ਸੀ, ਉਨ੍ਹਾਂ ਵਿਚ ਉਸ ਨੇ ਲੱਗਭਗ 120 ਕੈਦੀਆਂ ਨੂੰ ਟ੍ਰੇਨਿੰਗ ਦਿੱਤੀ ਹੈ। ਕੌਮਾਂਤਰੀ ਮਾਸਟਰ ਈਸ਼ਾ ਕਰਾਵਾਡੇ, ਸੌਮਿਆ ਸਵਾਮੀਨਾਥਨ ਤੇ ਗ੍ਰੈਂਡਮਾਸਟਰ ਲਲਿਤ ਬਾਬੂ ਵੀ ਉਨ੍ਹਾਂ ਨੂੰ ਟ੍ਰੇਨਿੰਗ ਦੇ ਚੁੱਕੇ ਹਨ।

ਕੁੰਟੇ ਨੇ ਟ੍ਰੇਨਿੰਗ ਦੌਰ ’ਤੇ ਗੱਲ ਕਰਦੇ ਹੋਏ ਕਿਹਾ ਕਿ ਜਦੋਂ ਮੈਂ ਪਹਿਲੀ ਵਾਰ ਜੇਲਾਂ ਵਿਚ ਗਿਆ ਤਾਂ ਬਹੁਤ ਵਿਰੋਧ ਹੋਇਆ। ਖਿਡਾਰੀਆਂ, ਅਧਿਕਾਰੀਆਂ ਨੇ ਵਿਰੋਧ ਕੀਤਾ ਪਰ ਜਦੋਂ ਮੈਂ ਦੂਜੀ ਵਾਰ ਗਿਆ ਤਾਂ ਜੇਲਰ, ਕੈਦੀ, ਪੁਲਸ, ਹਰ ਕੋਈ ਜੇਤੂ ਟੀਮ ਨਾਲ ਤਸਵੀਰਾਂ ਲੈ ਰਿਹਾ ਸੀ। ਇਹ ਪਹਿਲੀ ਵਾਰ ਸੀ ਜਦੋਂ ਮੈਂ ਦੇਖਿਆ ਕਿ ਜੇਲ ਅਧਿਕਾਰੀ ਤੇ ਖਿਡਾਰੀ ਦੇਸ਼ ਲਈ ਕੁਝ ਹਾਸਲ ਕਰਨ ਲਈ ਮਿਲ ਕੇ ਕੰਮ ਕਰ ਰਹੇ ਸਨ। ਉਹ ਅਹਿਸਾਸ ਹੀ ਮੇਰੇ ਲਈ ਕੁਝ ਵੱਖਰਾ ਸੀ।

ਫਿਲਹਾਲ, ਭਾਰਤ ਵਿਚ ਲੱਗਭਗ 30 ਜੇਲਾਂ ਅਜਿਹੀਆਂ ਹਨ, ਜਿੱਥੇ ਇਹ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ।


Tarsem Singh

Content Editor

Related News