PM ਮੋਦੀ ਨੇ ਕੀਤੀ ਪੈਰਾਲੰਪਿਕ ਤਮਗਾ ਜੇਤੂਆਂ ਨਾਲ ਮੁਲਾਕਾਤ, ਪਰਮਾਰ ਨੇ ਲਿਆ ਆਟੋਗ੍ਰਾਫ
Thursday, Sep 12, 2024 - 05:49 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਇਥੇ ਆਪਣੀ ਰਿਹਾਇਸ਼ 'ਤੇ ਭਾਰਤ ਦੇ ਪੈਰਾਲੰਪੀਅਨ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਹਾਲ ਹੀ 'ਚ ਸਮਾਪਤ ਹੋਈਆਂ ਪੈਰਿਸ ਖੇਡਾਂ 'ਚ ਰਿਕਾਰਡ 29 ਤਮਗੇ ਜਿੱਤਣ ਦੀ ਵਧਾਈ ਦਿੱਤੀ। ਖੇਡ ਮੰਤਰਾਲੇ ਦੁਆਰਾ ਸਾਂਝੇ ਕੀਤੇ ਗਏ 43 ਸੈਕਿੰਡ ਦੇ ਵੀਡੀਓ 'ਚ ਪ੍ਰਧਾਨ ਮੰਤਰੀ ਨੂੰ ਪੈਰਾਲੰਪੀਅਨ ਤਮਗਾ ਜੇਤੂਆਂ ਨੂੰ ਵਧਾਈ ਦਿੰਦੇ ਅਤੇ ਉਨ੍ਹਾਂ ਨਾਲ ਗੱਲ ਕਰਦੇ ਹੋਏ ਦੇਖਿਆ ਜਾ ਸਕਦਾ ਹੈ।
ਗੱਲਬਾਤ ਦੌਰਾਨ ਖੇਡ ਮੰਤਰੀ ਮਨਸੁਖ ਮਾਂਡਵੀਆ ਅਤੇ ਭਾਰਤੀ ਪੈਰਾਲੰਪੀਅਨ ਕਮੇਟੀ (ਪੀਸੀਆਈ) ਦੇ ਪ੍ਰਮੁੱਖ ਦਵੇਂਦਰ ਝਾਝਰੀਆ ਵੀ ਮੌਜੂਦ ਸਨ। ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ (ਐੱਸਐੱਚ 1) ਮੁਕਾਬਲੇ 'ਚ ਲਗਾਤਾਰ ਦੂਜਾ ਪੈਰਾਲੰਪਿਕ ਸੋਨ ਜਿੱਤਣ ਵਾਲੀ ਨਿਸ਼ਾਨੇਬਾਜ਼ ਅਵਨੀ ਲੇਖਰਾ ਅਤੇ ਪੈਰਾਲੰਪਿਕ ਤਮਗਾ ਜਿੱਤਣ ਵਾਲੇ ਭਾਰਤ ਦੇ ਪਹਿਲੇ ਜੂਡੋ ਖਿਡਾਰੀ ਕਪਿਲ ਪਰਮਾਰ ਉਨ੍ਹਾਂ ਲੋਕਾ 'ਚ ਸ਼ਾਮਲ ਸਨ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਨਾਲ ਤਸਵੀਰ ਖਿੱਚਵਾਉਂਦੇ ਹੋਏ ਦੇਖਿਆ ਗਿਆ।
ਪਰਮਾਨ ਨੂੰ ਪ੍ਰਧਾਨ ਮੰਤਰੀ ਮੋਦੀ ਤੋਂ ਆਪਣੇ ਤਮਗੇ 'ਤੇ ਹਸਤਾਖਰ ਕਰਵਾਉਂਦੇ ਦੇਖਿਆ ਗਿਆ। ਭਾਰਤ ਨੇ ਪੈਰਾਲੰਪਿਕ ਖੇਡਾਂ 'ਚ 29 ਤਮਗੇ ਜਿੱਤ ਕੇ ਆਪਣੇ ਸਰਵਸ਼੍ਰੇਸ਼ਠ ਪ੍ਰਦਰਸ਼ਨ ਨੂੰ ਪਿੱਛੇ ਛੱਡ ਦਿੱਤਾ।
ਇਨ੍ਹਾਂ ਖੇਡਾਂ ਦੇ ਦੌਰਾਨ ਭਾਰਤ ਨੇ ਪਹਿਲੀ ਵਾਰ ਐਥਲੈਟਿਕਸ ਦੀ ਟ੍ਰੈਕ ਮੁਕਾਬਲਿਆਂ 'ਚ ਤਮਗਾ ਜਿੱਤਣ ਤੋਂ ਇਲਾਵਾ ਤੀਰਅੰਦਾਜ਼ੀ 'ਚ ਪਹਿਲੀ ਵਾਰ ਸੋਨ (ਹਰਵਿੰਦਰ ਸਿੰਘ ਦੇ ਮਾਧਿਅਮ ਨਾਲ) ਤਮਗਾ ਜਿੱਤਿਆ। ਆਪਣੇ ਦੇਸ਼ ਪਰਤਣ ਤੇ ਪੈਰਾਲੰਪੀਅਨ ਖਿਡਾਰੀਆਂ ਨੂੰ ਸਰਕਾਰ ਵਲੋਂ ਸਨਮਾਨਿਤ ਕੀਤਾ ਗਿਆ ਹੈ ਅਤੇ ਖੇਡ ਮੰਤਰੀ ਮਾਂਡਵੀਆ ਨੇ ਸੋਨ ਤਮਗਾ ਜੇਤੂਆਂ ਨੂੰ 75 ਲੱਖ ਰੁਪਏ, ਚਾਂਦੀ ਤਮਗਾ ਜੇਤੂਆਂ ਨੂੰ 50 ਲੱਖ ਰੁਪਏ ਅਤੇ ਕਾਂਸੀ ਦਾ ਤਮਗਾ ਜਿੱਤਣ ਵਾਲੇ ਖਿਡਾਰੀਆਂ ਨੂੰ 30 ਲੱਖ ਰੁਪਏ ਦਾ ਪੁਰਸਕਾਰ ਦਿੱਤਾ ਗਿਆ। ਰਾਕੇਸ਼ ਕੁਮਾਰ ਦੇ ਨਾਲ ਮਿਲ ਕੇ ਕਾਂਸੀ ਦਾ ਤਮਗਾ ਜਿੱਤਣ ਵਾਲੀ ਬਿਨਾਂ ਹੱਥ ਵਾਲੀ ਤੀਰਅੰਦਾਜ਼ ਸ਼ੀਤਲ ਦੇਵੀ ਵਰਗੇ ਮਿਕਸਡ ਟੀਮ ਮੁਕਾਬਲਿਆਂ 'ਚ ਤਮਗਾ ਜਿੱਤਣ ਵਾਲੇ ਖਿਡਾਰੀਆਂ ਨੂੰ 22.5 ਲੱਖ ਰੁਪਏ ਦੀ ਰਾਸ਼ੀ ਮਿਲੀ।