T20 WC ਦੇ ਗਵਾਹ ਨਾਸਾਊ ਸਟੇਡੀਅਮ ਨੂੰ ਨਸ਼ਟ ਕਰਨ ਦੀ ਤਿਆਰੀ

06/13/2024 7:57:08 PM

ਨਿਊਯਾਰਕ, (ਭਾਸ਼ਾ)-ਟੀ-20 ਵਿਸ਼ਵ ਕੱਪ ਲਈ ਅਸਥਾਈ ਤੌਰ ’ਤੇ ਤਿਆਰ ਇੱਥੇ ਦੇ ਨਾਸਾਉ ਕਾਊਂਟੀ ਕ੍ਰਿਕਟ ਮੈਦਾਨ ਨੂੰ ਆਪਣੇ ਹਿੱਸੇ ਦੇ ਸਾਰੇ ਮੈਚਾਂ ਦੀ ਮੇਜ਼ਬਾਨੀ ਤੋਂ ਬਾਅਦ ਹੁਣ ਨਸ਼ਟ ਕਰ ਦਿੱਤਾ ਜਾਵੇਗਾ। ਵਿਸ਼ਵ ਕੱਪ ’ਚ ਘੱਟ ਸਕੋਰ ਵਾਲੇ ਕਈ ਰੋਮਾਂਚਕ ਮੈਚਾਂ ਦੇ ਗਵਾਹ ਰਹੇ ਇਸ ਮੈਦਾਨ ’ਤੇ ਆਖਰੀ ਮੁਕਾਬਲੇ ’ਚ ਸਹਿ-ਮੇਜ਼ਬਾਨ ਅਮਰੀਕਾ ’ਤੇ ਭਾਰਤ ਨੇ 7 ਵਿਕਟਾਂ ਦੀ ਜਿੱਤ ਦਰਜ ਕੀਤੀ। ਲੱਗਭੱਗ 100 ਦਿਨਾਂ ’ਚ ਤਿਆਰ ਕੀਤੇ ਇਸ ਸਟੇਡੀਅਮ ਲਈ ਐਡੀਲੇਡ ’ਚ ਤਿਆਰ ਹੋਈ ਡਰਾਪ-ਇਨ ਪਿੱਚਾਂ ਨੇ ਬੱਲੇਬਾਜ਼ਾਂ ਦੀ ਸਖਤ ਪ੍ਰੀਖਿਆ ਲਈ। ਸਟੇਡੀਅਮ ਦੀ ਉਸਾਰੀ ਇੱਥੇ ਦੇ ਲਾਂਗ ਟਾਪੂ ’ਚ 930 ਏਕਡ਼ ਦੇ ਆਇਜਨਹਾਵਰ ਪਾਰਕ ਦੇ ਕੰਢੇ ਕੀਤੀ ਗਈ ਹੈ। ਸਟੇਡੀਅਮ ’ਚ 10 ਡਰਾਪ-ਇਨ ਪਿੱਚਾਂ ਸਨ। ਇਨ੍ਹਾਂ ’ਚੋਂ 4 ਮੁੱਖ ਮੈਦਾਨ ਲਈ ਅਤੇ 6 ਕੈਂਟੀਆਗ ਪਾਰਕ ’ਚ ਨਜ਼ਦੀਕੀ ਅਧਿਆਪਨ ਸਹੂਲਤ ਲਈ।

ਇਕ ਰਿਪੋਰਟ ’ਚ ਕੁੱਝ ਦਿਨ ਪਹਿਲਾਂ ਕਿਹਾ ਗਿਆ ਸੀ,‘‘12 ਜੂਨ ਨੂੰ ਆਖਰੀ ਮੈਚ ਦੇ ਪ੍ਰਬੰਧ ਤੋਂ ਬਾਅਦ ਇਸ ਸਟੇਡੀਅਮ ਨੂੰ ਢਹਿ-ਢੇਰੀ ਕਰ ਦਿੱਤਾ ਜਾਵੇਗਾ। ਇਸ ਦੇ ਹਿੱਸਿਆਂ ਨੂੰ ਲਾਸ ਵੇਗਾਸ (ਫਾਰਮੂਲਾ ਵਨ ਰੇਸ) ਅਤੇ ਇਕ ਹੋਰ ਗੋਲਫ ਮੈਦਾਨ ’ਚ ਵਾਪਸ ਭੇਜ ਦਿੱਤਾ ਜਾਵੇਗਾ। ਆਇਜਨਹਾਵਰ ਪਾਰਕ ਆਮ ਹਾਲਤ ’ਚ ਪਰਤ ਆਵੇਗਾ ਪਰ ਵਿਸ਼ਵ ਪੱਧਰੀ ਕ੍ਰਿਕਟ ਪਿੱਚ ਨੂੰ ਬਰਕਰਾਰ ਰੱਖਿਆ ਜਾਵੇਗਾ। ਸਟੇਡੀਅਮ ਨੂੰ ਨਸ਼ਟ ਕਰਨ ’ਚ ਲੱਗਭੱਗ 6 ਹਫਤਿਆਂ ਦਾ ਸਮਾਂ ਲੱਗੇਗਾ। ਇਸ ਸਟੇਡੀਅਮ ਦੀ ਸਮਰੱਥਾ 34,000 ਦਰਸ਼ਕਾਂ ਦੀ ਸੀ ਅਤੇ 9 ਜੂਨ ਨੂੰ ਪਾਕਿਸਤਾਨ ਖਿਲਾਫ ਭਾਰਤ ਦੇ ਅਹਿਮ ਮੁਕਾਬਲੇ ਦੌਰਾਨ ਇਹ ਖਚਾਖਚ ਭਰਿਆ ਹੋਇਆ ਸੀ। ਇਸ ਮੈਚ ਦੀ ਟਿਕਟ 2500 ਡਾਲਰ ਤੋਂ 10,000 ਡਾਲਰ ਦੀ ਭਾਰੀ ਕੀਮਤ ’ਤੇ ਵੇਚੀਆਂ ਗਈਆਂ ਸਨ। 

ਭਾਰਤ ਨੇ ਬੰਗਲਾਦੇਸ਼ ਖਿਲਾਫ ਅਭਿਆਸ ਮੈਚ ਸਮੇਤ ਇਸ ਮੈਦਾਨ ’ਚ ਕੁਲ 4 ਮੈਚ ਖੇਡੇ। ਡਰਾਪ-ਇਨ ਪਿੱਚਾਂ ਨੇ ਗਰੁੱਪ ਪੜਾਅ ਦੇ 8 ਮੈਚਾਂ ਦੀ ਮੇਜ਼ਬਾਨੀ ਕੀਤੀ। ਇਸ ਦੌਰਾਨ ਅਪ੍ਰਤੱਖ ਅਤੇ ਖਤਰਨਾਕ ਉਛਾਲ ਨੇ ਬੱਲੇਬਾਜ਼ਾਂ ਨੂੰ ਕਾਫੀ ਪ੍ਰੇਸ਼ਾਨ ਕੀਤਾ। ਸ਼ੁਰੂਆਤੀ 2 ਮੈਚ ਘੱਟ ਸਕੋਰ ਵਾਲੇ ਰਹੇ, ਜਿੱਥੇ ਕਿਸੇ ਵੀ ਟੀਮ ਨੇ 100 ਦੌੜਾਂ ਦਾ ਅੰਕੜਾ ਪਾਰ ਨਹੀਂ ਕੀਤਾ। ਭਾਰਤ ਖਿਲਾਫ ਆਇਰਲੈਂਡ ਦੀ ਟੀਮ 96 ਦੌੜਾਂ ’ਤੇ ਆਊਟ ਹੋ ਗਈ। ਇਸ ਮੈਚ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਰੋਹਿਤ ਸ਼ਰਮਾ ਅਤੇ ਰਿਸ਼ਭ ਪੰਤ ਨੂੰ ਸੱਟ ਵੀ ਲੱਗੀ। ਇਸ ਤੋਂ ਬਾਅਦ ਪਿੱਚ ਦੀ ਵਿਆਪਕ ਆਲੋਚਨਾ ਹੋਈ ਅਤੇ ਆਈ. ਸੀ. ਸੀ. ਨੂੰ ਇਹ ਸਵੀਕਾਰ ਕਰਦੇ ਹੋਏ ਇਕ ਬਿਆਨ ਜਾਰੀ ਕਰਨਾ ਪਿਆ ਕਿ ‘ਇਨ੍ਹਾਂ ਪਿੱਚਾਂ ’ਚ ਲਗਾਤਾਰਤਾ ਦੀ ਕਮੀ ਹੈ। 

ਭਾਰਤ ਨੇ ਬੁੱਧਵਾਰ ਨੂੰ ਅਮਰੀਕਾ ਖਿਲਾਫ 3 ਵਿਕਟਾਂ ’ਤੇ 111 ਦੌੜਾਂ ਬਣਾਈਆਂ, ਜੋ ਸਫਲਤਾਪੂਰਵਕ ਟੀਚੇ ਦਾ ਪਿੱਛਾ ਕਰਦੇ ਹੋਏ ਇਸ ਮੈਦਾਨ ਦਾ ਸਭ ਤੋਂ ਵੱਡਾ ਸਕੋਰ ਰਿਹਾ। ਆਇਰਲੈਂਡ ਖਿਲਾਫ ਕੈਨੇਡਾ ਦਾ 7 ਵਿਕਟਾਂ ’ਤੇ 137 ਦਾ ਸਕੋਰ ਇਸ ਮੈਦਾਨ ਦਾ ਸਭ ਤੋਂ ਵਧ ਸਕੋਰ ਰਿਹਾ। ਭਾਰਤ ਨੇ ਪਾਕਿਸਤਾਨ ਖਿਲਾਫ 119 ਅਤੇ ਦੱਖਣ ਅਫਰੀਕਾ ਨੇ ਬੰਗਲਾਦੇਸ਼ ਖਿਲਾਫ 113 ਦੌੜਾਂ ਦੇ ਛੋਟੇ ਸਕੋਰ ਦਾ ਸਫਲਤਾਪੂਰਵਕ ਬਚਾਅ ਕੀਤਾ। ਦੱਖਣੀ ਅਫਰੀਕਾ ਨੇ ਇਸ ਤੋਂ ਪਹਿਲਾਂ ਨੀਦਰਲੈਂਡ ਖਿਲਾਫ 103 ਦੌੜਾਂ ਦਾ ਟੀਚਾ ਮੁਸ਼ਕਲ ਨਾਲ 6 ਵਿਕਟਾਂ ਗੁਆ ਕੇ ਹਾਸਲ ਕੀਤਾ ਸੀ।


Tarsem Singh

Content Editor

Related News