ਪਾਕਿ ਮਹਿਲਾ ਟੀਮ ਦੇ ਮੁੱਖ ਕੋਚ ਵਸੀਮ ਨੂੰ ਬਰਖਾਸਤ ਕਰਨ ਦੀ ਤਿਆਰੀ

Monday, Oct 27, 2025 - 01:06 AM (IST)

ਪਾਕਿ ਮਹਿਲਾ ਟੀਮ ਦੇ ਮੁੱਖ ਕੋਚ ਵਸੀਮ ਨੂੰ ਬਰਖਾਸਤ ਕਰਨ ਦੀ ਤਿਆਰੀ

ਕਰਾਚੀ -ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਭਾਰਤ ਵਿਚ ਚੱਲ ਰਹੇ ਮਹਿਲਾ ਵਨ ਡੇ ਵਿਸ਼ਵ ਕੱਪ 'ਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਮਹਿਲਾ ਰਾਸ਼ਟਰੀ ਟੀਮ ਦੇ ਮੁੱਖ ਕੋਚ ਮੁਹੰਮਦ ਵਸੀਮ ਦਾ ਕਰਾਰ ਨਾ ਵਧਾਉਣ ਦਾ ਫੈਸਲਾ ਕੀਤਾ ਹੈ। ਪਾਕਿਸਤਾਨ 8 ਟੀਮਾਂ ਦੀ ਪ੍ਰਤੀਯੋਗਿਤਾ ਦੀ ਅੰਕ ਸੂਚੀ ਵਿਚ 7ਵੇਂ ਸਥਾਨ ’ਤੇ ਰਿਹਾ । ਪਾਕਿਸਤਾਨ ਨੇ ਆਪਣੇ 7 ਮੈਚਾਂ ਵਿਚੋਂ 4 ਮੈਚ ਗਵਾਏ ਜਦਕਿ ਉਸਦੇ ਬਾਕੀ 3 ਮੈਚ ਮੀਂਹ ਦੀ ਭੇਟ ਚੜ੍ਹ ਗਏ ਸਨ। ਪੀ. ਸੀ. ਬੀ. ਦੇ ਇਕ ਭਰੋਸੇਯੋਗ ਸੂਤਰ ਨੇ ਦੱਸਿਆ ਕਿ ਬੋਰਡ ਦਾ ਮੁਖੀ ਮੋਹਸਿਨ ਨਕਵੀ ਇਸ ਗੱਲ ਤੋਂ ਨਿਰਾਸ਼ ਹੈ ਕਿ ਵਸੀਮ ਨੇ ਵਾਅਦੇ ਦੇ ਅਨੁਸਾਰ ਕੰਮ ਨਹੀਂ ਕੀਤਾ।

ਪੀ. ਸੀ. ਬੀ. ਨੇ ਪਿਛਲੇ ਸਾਲ ਵਸੀਮ ਨੂੰ ਮਹਿਲਾ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਸੀ। ਉਸਦੇ ਕਾਰਜਕਾਲ ਵਿਚ ਪਾਕਿਸਤਾਨ ਏਸ਼ੀਆ ਕੱਪ ਦੇ ਸੈਮੀਫਾਈਨਲ ਵਿਚ ਸ਼੍ਰੀਲੰਕਾ ਹੱਥੋਂ ਹਾਰ ਗਿਆ ਸੀ ਤੇ ਫਿਰ ਦੱਖਣੀ ਅਫਰੀਕਾ ਵਿਚ ਮਹਿਲਾ ਟੀ-20 ਵਿਸ਼ਵ ਕੱਪ ਦੇ ਚਾਰ ਮੈਚਾਂ 'ਚੋਂ ਸਿਰਫ ਇਕ ਮੈਚ ਹੀ ਜਿੱਤ ਸਕਿਆ ਸੀ।

ਸੂਤਰਾਂ ਨੇ ਦੱਸਿਆ ਕਿ ਪੀ. ਸੀ. ਬੀ. ਮੁਖੀ ਨੂੰ ਇਹ ਵੀ ਸ਼ਿਕਾਇਤ ਸੀ ਕਿ ਮੁੱਖ ਕੋਚ ਆਪਣੇ ਰਵੱਈਏ ਕਾਰਨ ਟੀਮ ਦੇ ਹੋਰਨਾਂ ਅਹੁਦੇਦਾਰਾਂ ਨਾਲ ਸਹਿਜ ਨਹੀਂ ਰਹਿੰਦਾ ਹੈ। ਪੀ. ਸੀ. ਬੀ. ਅਗਲੇ ਕੁਝ ਦਿਨਾਂ ਵਿਚ ਨਵੇਂ ਮੁੱਖ ਕੋਚ ਦਾ ਐਲਾਨ ਕਰ ਸਕਦਾ ਹੈ ਤੇ ਉਹ ਇਕ ਵਿਦੇਸ਼ੀ ਕੋਚ ਦੇ ਨਾਲ ਗੱਲਬਾਤ ਕਰ ਰਿਹਾ ਹੈ।


author

Hardeep Kumar

Content Editor

Related News