ਸੱਟ ਕਾਰਨ ਮੈਚ ਵਿਚਾਲਿਓਂ ਹਟਿਆ ਪ੍ਰਣਯ, ਆਯੂਸ਼ ਤੇ ਕਿਰਣ ਵੀ ਕੋਰੀਆ ਮਾਸਟਰ ’ਚ ਹਾਰੇ

Thursday, Sep 25, 2025 - 11:28 AM (IST)

ਸੱਟ ਕਾਰਨ ਮੈਚ ਵਿਚਾਲਿਓਂ ਹਟਿਆ ਪ੍ਰਣਯ, ਆਯੂਸ਼ ਤੇ ਕਿਰਣ ਵੀ ਕੋਰੀਆ ਮਾਸਟਰ ’ਚ ਹਾਰੇ

ਸੁਵੋਨ– ਐੱਚ. ਐੱਸ. ਪ੍ਰਣਯ ਦੀ ਕੋਰੀਆ ਮਾਸਟਰਸ ਸੁਪਰ 500 ਬੈਡਮਿੰਟਨ ਟੂਰਨਾਮੈਂਟ ਵਿਚ ਮੁਹਿੰਮ ਨਿਰਾਸ਼ਾਜਨਕ ਰੂਪ ਨਾਲ ਖਤਮ ਹੋਈ ਜਦੋਂ ਉਹ ਸੱਟ ਕਾਰਨ ਰਿਟਾਇਰਡ ਹਰਟ ਹੋ ਗਿਆ ਜਦਕਿ ਆਯੂਸ਼ ਸ਼ੈੱਟੀ ਤੇ ਕਿਰਣ ਜਾਰਜ ਦੀ ਹਾਰ ਦੇ ਨਾਲ ਇਸ ਪ੍ਰਤੀਯੋਗਿਤਾ ਵਿਚ ਬੁੱਧਵਾਰ ਨੂੰ ਮੁੱਖ ਡਰਾਅ ਦੇ ਪਹਿਲੇ ਦਿਨ ਹੀ ਭਾਰਤੀ ਮੁਹਿੰਮ ਖਤਮ ਹੋ ਗਈ।

33 ਸਾਲਾ ਪ੍ਰਣਯ ਇੰਡੋਨੇਸ਼ੀਆ ਦੇ ਚਿਕੋ ਆਰਾ ਦੀ ਵਾਰਡੋਯਾ ਵਿਰੁੱਧ ਪਹਿਲੇ ਸੈੱਟ ਵਿਚ 5-8 ਨਾਲ ਪਿੱਛੇ ਚੱਲ ਰਿਹਾ ਸੀ ਤਦ ਕ੍ਰਾਸ ਕੋਰਟ ਸਮੈਸ਼ ਖੇਡਦੇ ਸਮੇਂ ਉਸਦੀ ਸੱਜੀ ਪੱਸਲੀ ਵਿਚ ਸੱਟ ਲੱਗ ਗਈ। ਮੈਡੀਕਲ ਟਾਈਮਆਊਟ ਲੈਣ ਤੋਂ ਬਾਅਦ ਉਸ ਨੇ ਖੇਡ ਫਿਰ ਤੋਂ ਸ਼ੁਰੂ ਕੀਤੀ ਪਰ ਅਸਹਿਜ ਦਿਸਿਆ ਤੇ 8-16 ਦੇ ਸਕੋਰ ’ਤੇ ਮੁਕਾਬਲੇ ਨਾਲ ਹਟਣ ਲਈ ਮਜਬੂਰ ਹੋ ਗਿਆ।

ਉੱਥੇ ਹੀ, ਆਯੂਸ਼ ਸ਼ੈੱਟੀ ਨੂੰ ਚੀਨੀ ਤਾਈਪੇ ਦੇ ਸੂ ਲੀ ਯਾਂਗ ਵਿਰੁੱਧ 47 ਮਿੰਟ ਤੱਕ ਚੱਲੇ ਮੁਕਾਬਲੇ ਵਿਚ 18-21, 18-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਕਿਰਣ ਜਾਰਜ ਨੇ ਸਾਬਕਾ ਵਿਸ਼ਵ ਚੈਂਪੀਅਨ ਸਿੰਗਾਪੁਰ ਦੇ ਲੋਹ ਕੀਨ ਯੂ ਨੂੰ ਸਖਤ ਟੱਕਰ ਦਿੱਤੀ ਪਰ ਭਾਰਤੀ ਖਿਡਾਰੀ ਨੂੰ 14-21, 22-20, 14-21 ਨਾਲ ਹਾਰ ਝੱਲਣੀ ਪਈ।

ਮਹਿਲਾ ਸਿੰਗਲਜ਼ ਵਿਚ ਅਨੁਪਮਾ ਉਪਾਧਿਆਏ ਚੌਥਾ ਦਰਜਾ ਪ੍ਰਾਪਤ ਤੇ ਵਿਸ਼ਵ ਵਿਚ 8ਵੇਂ ਨੰਬਰ ਦੀ ਇੰਡੋਨੇਸ਼ੀਆਈ ਖਿਡਾਰਨ ਪੁਤਰੀ ਵਰਦਾਨੀ ਤੋਂ 16-21, 15-21 ਨਾਲ ਹਾਰ ਗਈ। ਮਿਕਸਡ ਡਬਲਜ਼ ਵਿਚ ਮੋਹਿਤ ਜਗਲਾਨ ਤੇ ਲਕਸ਼ਿਤਾ ਜਗਲਾਨ ਨੂੰ ਜਾਪਾਨ ਦੇ ਯੂਈਚੀ ਸ਼ਿਮੋਗਾਮੀ ਤੇ ਸਯਾਕਾ ਹੋਬਾਰਾ ਵਿਰੁੱਧ 7-21, 14-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।


author

Tarsem Singh

Content Editor

Related News