ਪ੍ਰਾਗ ਮਾਸਟਰਸ ਸ਼ਤਰੰਜ : ਹਰੀਕ੍ਰਿਸ਼ਣਾ ਦੂਜੇ ਸਥਾਨ ''ਤੇ ਪਹੁੰਚੇ
Wednesday, Jun 15, 2022 - 06:32 PM (IST)
ਪ੍ਰਾਗ, ਚੈੱਕ ਗਣਰਾਜ (ਨਿਕਲੇਸ਼ ਜੈਨ)- ਪ੍ਰਾਗ ਮਾਸਟਰਸ ਸ਼ਤਰੰਜ ਟੂਰਨਾਮੈਂਟ ਦੇ 6 ਰਾਊਂਡ ਦੇ ਬਾਅਦ ਭਾਰਤ ਦੇ ਪੇਂਟਾਲਾ ਹਰੀਕ੍ਰਿਸ਼ਣਾ ਹੁਣ ਦੂਜੇ ਸਥਾਨ 'ਤੇ ਖ਼ਿਸਕ ਗਏ ਹਨ ਜਦਕਿ ਵੀਅਤਨਾਮ ਦੇ ਲੇ ਕੁਯਾਂਗ ਲਿਮ ਹੁਣ ਆਪਣੀ ਬੜ੍ਹਤ ਬਣਾਉਣ 'ਚ ਸਫਲ਼ ਹੋ ਗਏ ਹਨ। ਰਾਊਂਡ 5 ਤੇ 6 'ਚ ਹਰੀਕ੍ਰਿਸ਼ਣਾ ਨੇ ਕ੍ਰਮਵਾਰ ਚੈੱਕ ਗਣਰਾਜ ਦੇ ਡੇਵਿਡ ਨਵਾਰਾ ਤੇ ਵਾਨ ਥਾਈ ਡਾਈ ਤੋਂ ਆਪਣੀ ਬਾਜ਼ੀ ਡਰਾਅ ਖੇਡੀ ਜਦਕਿ ਕੁਯਾਂਗ ਲਿਮ ਨੇ ਸਪੇਨ ਦੇ ਡੇਵਿਡ ਅੰਟੋਨ ਤੋਂ ਬਾਜ਼ੀ ਡਰਾਅ ਖੇਡੀ ਤੇ ਯੂ. ਏ. ਈ. ਦੇ ਸਲੇਮ ਸਾਲੇਹ ਨੂੰ ਹਰਾ ਕੇ ਹਰੀਕ੍ਰਿਸ਼ਣਾ ਨੂੰ ਅੱਧੇ ਅੰਕ ਨਾਲ ਪਿੱਛੇ ਛੱਡਦੇ ਹੋਏ 4.5 ਅੰਕ ਬਣਾ ਕੇ ਸਿੰਗਲ ਬੜ੍ਹਤ ਹਾਸਲ ਕਰ ਲਈ ਹੈ। ਜਦਕਿ ਪ੍ਰਤੀਯੋਗਿਤਾ ਦੇ ਟਾਪ ਸੀਡ ਭਾਰਤ ਦੇ ਵਿਦਿਤ ਗੁਜਰਾਤੀ ਅਜੇ ਵੀ ਆਪਣੀ ਪਹਿਲੀ ਜਿੱਤ ਦੀ ਭਾਲ ਕਰ ਰਹੇ ਹਨ ਤੇ ਲਗਾਤਾਰ 5 ਬਾਜ਼ੀਆਂ ਡਰਾਅ ਖੇਡ ਚੁੱਕੇ ਹਨ। ਪੰਜਵੇਂ ਰਾਊਂਡ 'ਚ ਉਨ੍ਹਾਂ ਨੇ ਈਰਾਨ ਦੇ ਪਰਹਮ ਮਘਦੂਗਲੂ ਤੇ ਛੇਵੇਂ ਰਾਉਂਡ 'ਚ ਚੈੱਕ ਗਣਰਾਜ ਦੇ ਡੇਵਿਡ ਨਵਾਰਾ ਨਾਲ ਅੰਕ ਵੰਡਿਆ। ਵਿਦਿਤ ਫਿਲਹਾਲ 2.5 ਅੰਕ ਬਣਾ ਕੇ ਅੱਠਵੇਂ ਸਥਾਨ 'ਤੇ ਚਲ ਰਹੇ ਹਨ।