ਸਪੇਨ ਨੂੰ ਪੈਨਲਟੀ ਸ਼ੂਟਆਊਟ ’ਚ ਹਰਾ ਕੇ ਪੁਰਤਗਾਲ ਬਣਿਆ ਨੇਸ਼ਨਸ ਲੀਗ ਦਾ ਚੈਂਪੀਅਨ
Tuesday, Jun 10, 2025 - 12:25 AM (IST)

ਮਿਊਨਿਖ– ਪੁਰਤਗਾਲ ਨੇ ਨੇਸ਼ਨਸ ਲੀਗ ਦੇ ਰੋਮਾਂਚਕ ਫਾਈਨਲ ਮੁਕਾਬਲੇ ਵਿਚ ਸਕੋਰ ਤੈਅ ਸਮੇਂ ਵਿਚ 2-2 ਨਾਲ ਬਰਾਬਰ ਰਹਿਣ ਤੋਂ ਬਾਅਦ ਪੈਨਲਟੀ ਸ਼ੂਟਆਊਟ ਵਿਚ ਸਪੇਨ ਨੂੰ 5-3 ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕਰ ਲਿਆ।ਪੁਰਤਗਾਲ ਨੇ ਦੋ ਵਾਰ ਪਿਛੜਨ ਤੋਂ ਬਾਅਦ ਮੈਚ ਵਿਚ ਵਾਪਸੀ ਕਰਦੇ ਹੋਏ ਸਕੋਰ ਨੂੰ 2-2 ਨਾਲ ਬਰਾਬਰ ਕੀਤਾ, ਜਿਸ ਤੋਂ ਬਾਅਦ ਇਹ ਮੁਕਾਬਲਾ ਵਾਧੂ ਸਮੇਂ ਵਿਚ ਖਿੱਚਿਆ ਗਿਆ। ਵਾਧੂ ਸਮੇਂ ਵਿਚ ਦੋਵੇਂ ਟੀਮਾਂ ਗੋਲ ਕਰਨ ਵਿਚ ਅਸਫਲ ਰਹੀਆਂ। ਪੈਨਲਟੀ ਸ਼ੂਟਆਊਟ ਵਿਚ ਸ਼ੁਰੂਆਤੀ ਤਿੰਨ ਗੋਲਾਂ ਤੋਂ ਬਾਅਦ ਦੋਵੇਂ ਟੀਮਾਂ ਬਰਾਬਰੀ ’ਤੇ ਸਨ ਪਰ ਪੁਰਤਗਾਲ ਦੇ ਗੋਲਕੀਪਰ ਡਿਆਗੋ ਕੋਸਟਾ ਨੇ ਸਪੇਨ ਲਈ ਅਲਵਾਰੋ ਮੋਰਾਟਾ ਦੀ ਚੌਥੀ ਪੈਨਲਟੀ ਬਚਾਈ ਤੇ ਫਿਰ ਰੂਬੇਨ ਨੇਵੇਸ ਨੇ ਆਪਣੀ ਟੀਮ ਦੀ 5ਵੀਂ ਪੈਨਲਟੀ ਨੂੰ ਗੋਲ ਵਿਚ ਬਦਲ ਕੇ ਜਿੱਤ ਤੈਅ ਕੀਤੀ। ਮੋਰਾਟਾ ਇਕਲੌਤਾ ਖਿਡਾਰੀ ਸੀ ਜਿਹੜਾ ਸਪਾਟ ਕਿੱਕ ’ਤੇ ਗੋਲ ਕਰਨ ਤੋਂ ਖੁੰਝ ਗਿਆ। ਆਪਣੀ ਕੋਸ਼ਿਸ਼ ਦੇ ਅਸਫਲ ਹੋਣ ਤੋਂ ਬਾਅਦ ਉਹ ਭਾਵਨਾਵਾਂ ’ਤੇ ਕਾਬੂ ਨਹੀਂ ਰੱਖ ਸਕਿਆ ਤੇ ਉਸਦੀਆਂ ਅੱਖਾ ਨਮ ਹੋ ਗਈਆਂ। ਰੋਨਾਲਡੋ ਨੇ ਨਿਯਮਤ ਸਮੇਂ ਦੇ 61ਵੇਂ ਮਿੰਟ ਵਿਚ ਆਪਣੇ ਰਿਕਾਰਡ ਵਿਚ ਸੁਧਾਰ ਕਰਦੇ ਹੋਏ ਕਰੀਅਰ ਦਾ 138ਵਾਂ ਕੌਮਾਂਤਰੀ ਗੋਲ ਕਰ ਕੇ ਪੁਰਤਗਾਲ ਨੂੰ ਮੁਕਾਬਲੇ ਵਿਚ ਬਰਾਬਰੀ ਦਿਵਾਈ।
ਇਸ ਤੋਂ ਪਹਿਲਾਂ ਮਾਈਕਲ ਓਯਾਰਜਾਬਲ ਨੇ ਸਪੇਨ ਨੂੰ ਹਾਫ ਤੋਂ ਪਹਿਲਾਂ ਤੱਕ ਬੜ੍ਹਤ ਦਿਵਾ ਦਿੱਤੀ ਸੀ। ਓਯਾਰਜਾਬਲ ਨੇ 45ਵੇਂ ਮਿੰਟ ਵਿਚ ਪੇਡ੍ਰੀ ਦੇ ਬਣਾਏ ਮੌਕੇ ’ਤੇ ਗੋਲਕੀਪਰ ਕੋਸਟਾ ਨੂੰ ਝਕਾਨੀ ਦਿੰਦੇ ਹੋਏ ਸਪੇਨ ਨੂੰ ਮੈਚ ਵਿਚ ਦੂਜੀ ਵਾਰ ਬੜ੍ਹਤ ਦਿਵਾਈ ਸੀ।
ਯੂਰਪੀਅਨ ਚੈਂਪੀਅਨ ਸਪੇਨ ਦੇ ਹਮਲੇ ਵਿਚ ਉਹ ਤਾਲਮੇਲ ਨਹੀਂ ਦਿਸਿਆ ਜਿਹੜਾ ਉਸ ਨੇ ਵੀਰਵਾਰ ਨੂੰ ਫਰਾਂਸ ਵਿਰੁੱਧ ਸੈਮੀਫਾਈਨਲ ਵਿਚ 5-4 ਦੀ ਜਿੱਤ ਵਿਚ ਦਿਖਾਇਆ ਸੀ। ਮੈਚ ਦੇ 21ਵੇਂ ਮਿੰਟ ਵਿਚ ਟੀਮ ਨੂੰ ਕਿਸਮਤ ਦਾ ਸਾਥ ਮਿਲਿਆ ਜਦੋਂ ਨੌਜਵਾਨ ਲਾਮਿਨੇ ਯਾਮਲ ਦੇ ਕ੍ਰਾਸ ਨਾਲ ਨਜਿੱਠਣ ਵਿਚ ਪੁਰਤਗਾਲ ਦੀ ਡਿਫੈਂਡਿੰਗ ਲਾਇਨ ਅਸਫਲ ਰਹੀ ਤੇ ਮਾਰਟਿਨ ਜੁਬਿਮੇਂਡੀ ਨੇ ਉਸ ਨੂੰ ਗੋਲ ਵਿਚ ਬਦਲ ਦਿੱਤਾ। ਇਸ ਦੇ 5 ਮਿੰਟ ਬਾਅਦ ਹੀ ਹਾਲਾਂਕਿ ਨੂਨੋ ਮੇਂਡੇਸ ਨੇ ਗੋਲ ਕਰ ਕੇ ਸਕੋਰ ਬਰਾਬਰ ਕਰ ਦਿੱਤਾ। ਮੇਂਡਿਸ ਨੂੰ ਮੈਚ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ। ਇਸ 22 ਸਾਲਾ ਖਿਡਾਰੀ ਨੇ ਟੀਮ ਲਈ ਪਹਿਲਾ ਗੋਲ ਕਰਨ ਤੋਂ ਬਾਅਦ ਰੋਨਾਲਡੋ ਦੇ ਗੋਲ ਵਿਚ ਸਹਾਇਕ ਦੀ ਭੂਮਿਕਾ ਨਿਭਾਈ ਤੇ ਪੂਰੇ ਮੈਚ ਦੌਰਾਨ ਯਾਮਲ ’ਤੇ ਕੰਟਰੋਲ ਬਣਾਈ ਰੱਖਣ ਵਿਚ ਅਹਿਮ ਯੋਗਦਾਨ ਦਿੱਤਾ।
ਰੋਨਾਲਡੋ ਦੀਆਂ ਅੱਖਾਂ ’ਚੋਂ ਛਲਕੇ ਹੰਝੂ
ਧਾਕੜ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਉਸ ਸਮੇਂ ਭਾਵਨਾਵਾਂ ’ਤੇ ਕਾਬੂ ਨਹੀਂ ਰੱਖ ਸਕਿਆ ਜਦੋਂ ਸਪੇਨ ਵਿਰੁੱਧ ਨੇਸ਼ਨਸ ਲੀਗ ਫੁੱਟਬਾਲ ਦੇ ਫਾਈਨਲ ਵਿਚ ਪੁਰਤਗਾਲ ਦੇ ਗੋਲਕੀਪਰ ਡਿਆਗੋ ਕੋਸਟਾ ਨੇ ਅਲਵਾਰ ਮੋਰਾਟਾ ਦੀ ਚੌਥੀ ਪੈਨਲਟੀ ਬਚਾਈ ਤੇ ਫਿਰ ਰੂਬੇਨ ਨੇਵੇਸ ਨੇ ਆਪਣੀ ਟੀਮ ਦੀ ਪੰਜਵੀਂ ਪੈਨਲਟੀ ਨੂੰ ਗੋਲ ਵਿਚ ਬਦਲ ਕੇ ਜਿੱਤ ਤੈਅ ਕੀਤੀ।
ਟੀਮ ਦੀ ਜਿੱਤ ਤੈਅ ਹੁੰਦੇ ਹੀ ਰੋਨਾਲਡੋ ਦੀਆਂ ਅੱਖਾਂ ਵਿਚ ਖੁਸ਼ੀ ਦੇ ਹੰਝੂ ਆ ਗਏ। ਉਸ ਨੇ ਕਿਹਾ ਕਿ ਦੇਸ਼ ਲਈ ਟਰਾਫੀ ਜਿੱਤਣ ਤੋਂ ਵੱਡਾ ਕੁਝ ਵੀ ਨਹੀਂ। ਪੁਰਤਗਾਲ ਦੇ ਇਸ 40 ਸਾਲਾ ਕਪਤਾਨ ਨੇ ਕਿਹਾ, ‘‘ਮੈਂ ਆਪਣੇ ਕਲੱਬਾਂ ਦੇ ਨਾਲ ਕਈ ਖਿਤਾਬ ਜਿੱਤੇ ਹਨ ਪਰ ਪੁਰਤਗਾਲ ਲਈ ਜਿੱਤਣ ਤੋਂ ਵੱਡਾ ਕੁਝ ਨਹੀਂ ਹੈ।’’
ਰੋਨਾਲਡੋ ਨੇ ਕਿਹਾ ਕਿ ਉਹ ਇਸ ਮੁਕਾਬਲੇ ਵਿਚ ਸੱਟ ਦੇ ਨਾਲ ਪਹੁੰਚਿਆ ਸੀ। ਉਸ ਨੇ ਕਿਹਾ, ‘‘ਮੈਂ ਵਾਰਮਅਪ ਦੌਰਾਨ ਹੀ ਸੱਟ ਨੂੰ ਮਹਿਸੂਸ ਕਰ ਲਿਆ ਸੀ। ਮੈਂ ਸੱਟ ਨੂੰ ਪਿਛਲੇ ਕੁਝ ਸਮੇਂ ਤੋਂ ਮਹਿਸੂਸ ਕਰ ਰਿਹਾ ਸੀ। ਰਾਸ਼ਟਰੀ ਟੀਮ ਲਈ ਜੇਕਰ ਮੈਨੂੰ ਆਪਣਾ ਪੈਰ ਤੋੜਨਾ ਪੈਂਦਾ ਤਾਂ ਵੀ ਮੈਂ ਝਿਜਕਦਾ ਨਹੀਂ।’’
ਰੋਨਾਲਡੋ ਨੇ ਕਿਹਾ, ‘‘ਇਸ ਟਰਾਫੀ ਲਈ ਮੈਨੂੰ ਖੇਡਣਾ ਹੀ ਸੀ ਤੇ ਮੈਂ ਆਪਣਾ ਸਰਵੋਤਮ ਦਿੱਤਾ।’’