ਆਸਟਰੇਲੀਆ ਲਈ ਟੈਸਟ ਕ੍ਰਿਕਟ ਖੇਡਣਾ IPL ਦੇ ਪੈਸਿਆਂ ਤੋਂ ਵੱਧ ਅਹਿਮ : ਸਟਾਰਕ
Tuesday, Jun 13, 2023 - 11:51 AM (IST)
ਲੰਡਨ (ਭਾਸ਼ਾ)– ਮੌਜੂਦਾ ਪੀੜ੍ਹੀ ਦੇ ਸਰਵਸ੍ਰੇਸ਼ਠ ਤੇਜ਼ ਗੇਂਦਬਾਜ਼ਾਂ ਵਿਚੋਂ ਇਕ ਮਿਸ਼ੇਲ ਸਟਾਰਕ ਨੇ ਖੁਦ ਨੂੰ ਆਈ. ਪੀ. ਐੱਲ. ਸਮੇਤ ਫ੍ਰੈਂਚਾਈਜ਼ੀ ਕ੍ਰਿਕਟ ਤੋਂ ਦੂਰ ਰੱਖਿਆ ਹੈ ਤੇ ਉਸਦਾ ਮੰਨਣਾ ਹੈ ਕਿ ਉਹ ਆਸਟਰੇਲੀਆ ਲਈ ਖੇਡਦੇ ਸਮੇਂ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਦੇਣਾ ਚਾਹੁੰਦਾ ਹੈ। ਸਟਾਰਕ ਲਈ ਆਸਟਰੇਲੀਆ ਵਲੋਂ ਟੈਸਟ ਕ੍ਰਿਕਟ ਖੇਡਣਾ ਸਭ ਤੋਂ ਉੱਪਰ ਹੈ ਤੇ ਉਸ ਨੂੰ ਉਮੀਦ ਹੈ ਕਿ ਭਵਿੱਖ ਵਿਚ ਨੌਜਵਾਨ ਕ੍ਰਿਕਟਰ ਵੀ ਅਜਿਹਾ ਹੀ ਸੋਚਣਗੇ। ਸਟਾਰਕ ਦੇ ਕਈ ਸਾਥੀ ਖਿਡਾਰੀ ਆਈ. ਪੀ. ਐੱਲ., ਬਿੱਗ ਬੈਸ਼ ਸਮੇਤ ਦੁਨੀਆ ਦੀਆਂ ਚੋਟੀ ਦੀਆਂ ਟੀ-20 ਲੀਗਾਂ ’ਚ ਖੇਡ ਰਹੇ ਹਨ ਪਰ ਸਟਾਰਕ ਇਸ ਮੋਹ ਤੋਂ ਦੂਰ ਰਿਹਾ ਹੈ।
ਉਸ ਨੇ ਕਿਹਾ,‘‘ਮੈਨੂੰ ਆਈ. ਪੀ. ਐੱਲ. ਚੰਗਾ ਲੱਗਾ ਤੇ ਯਾਰਕਸ਼ਾਇਰ ਲਈ ਕਾਊਂਟੀ ਕ੍ਰਿਕਟ ਖੇਡਣਾ ਵੀ ਪਰ ਆਸਟਰੇਲੀਆ ਲਈ ਖੇਡਣਾ ਮੇਰੀ ਪਹਿਲ ਹੈ। ਮੈਨੂੰ ਇਸਦਾ ਕੋਈ ਅਫਸੋਸ ਨਹੀਂ। ਪੈਸਾ ਆਉਂਦਾ-ਜਾਂਦਾ ਰਹੇਗਾ ਪਰ ਮੈਨੂੰ ਜਿਹੜਾ ਮੌਕਾ ਮਿਲੇ, ਉਸਦੇ ਲਈ ਮੈਂ ਧੰਨਵਾਦੀ ਹਾਂ।’’ ਸਟਾਰਕ ਨੇ ਕਿਹਾ,‘‘ਟੈਸਟ ਕ੍ਰਿਕਟ 100 ਸਾਲ ਤੋਂ ਵੱਧ ਸਮੇਂ ਤੋਂ ਖੇਡੀ ਜਾਂਦੀ ਹੈ ਤੇ ਆਸਟਰੇਲੀਆ ਲਈ ਖੇਡਣ ਵਾਲੇ 500 ਤੋਂ ਘੱਟ ਪੁਰਸ਼ ਖਿਡਾਰੀ ਹਨ, ਜਿਹੜੇ ਇਸ ਨੂੰ ਆਪਣਾ ਆਪ ’ਚ ਖਾਸ ਬਣਾਉਂਦੇ ਹਨ।’’ ਉਸ ਨੇ ਕਿਹਾ,‘‘ਮੈਂ ਉਮੀਦ ਕਰਦਾ ਹਾਂ ਕਿ ਆਉਣ ਵਾਲੀ ਪੀੜ੍ਹੀ ਦੇ ਲੜਕੇ-ਲੜਕੀਆਂ ਟੈਸਟ ਕ੍ਰਿਕਟ ਨੂੰ ਪਹਿਲ ਦੇਣਗੇ। ਫ੍ਰੈਂਚਾਈਜ਼ੀ ਕ੍ਰਿਕਟ ’ਚ ਇੰਨਾ ਪੈਸਾ ਹੈ ਕਿ ਇਸਦਾ ਹੀ ਬੋਲਬਾਲਾ ਦਿਸ ਰਿਹਾ ਹੈ।’’ ਸਟਾਰਕ ਨੇ 2015 ’ਚ ਰਾਇਲ ਚੈਲੰਜਰਜ਼ ਬੈਂਗਲੁਰੂ ਲਈ ਆਈ. ਪੀ. ਐੱਲ. ਖੇਡਿਆ ਸੀ। ਉਸ ਨੇ ਕਿਹਾ, ‘‘ਮੈਂ ਫਿਰ ਆਈ. ਪੀ. ਐੱਲ. ਖੇਡਣਾ ਚਾਹਾਂਗਾ ਪਰ ਮੇਰਾ ਟੀਚਾ ਆਸਟਰੇਲੀਆ ਲਈ ਚੰਗਾ ਖੇਡਣਾ ਹੈ, ਸਵਰੂਪ ਭਾਵੇਂ ਜੋ ਵੀ ਹੋਵੇ।’’